ਮਹਿੰਗਾਈ ਦੇ ਖਿਲਾਫ ਕਾਂਗਰਸੀ ਵਰਕਰਾਂ ਨੇ ਕੀਤਾ ਪ੍ਰਦਰਸ਼ਨ

06/07/2018 11:19:38 AM

ਬੁਢਲਾਡਾ (ਮਨਜੀਤ) — ਕਾਂਗਰਸ ਪਾਰਟੀ ਵਲੋਂ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਤੇ ਪੰਜਾਬ ਦੀ ਜਰਨਲ ਸਕੱਤਰ ਬੀਬੀ ਰਣਜੀਤ ਕੌਰ ਭੱਟੀ ਦੀ ਅਗਵਾਈ ਹੇਠ ਪੈਟਰੋਲ, ਡੀਜ਼ਲ ਦੀਆਂ ਵਧੀਆਂ ਕੀਮਤਾਂ ਦੇ ਖਿਲਾਫ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਬੀਬੀ ਭੱਟੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਕ ਪਾਸੇ ਤਾਂ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਕਿਸਾਨ, ਵਪਾਰੀ, ਟਰਾਂਸਪੋਰਟਰ ਅਤੇ ਗਰੀਬ ਵਰਗ ਮਹਿੰਗਾਈ ਦੀ ਮਾਰ ਝੱਲ ਰਿਹਾ ਹੈ ਤੇ ਦੂਜੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਕਰੋੜਾਂ ਰੁਪਇਆ ਖਰਚ ਕਰ ਕੇ ਵੱਖ-ਵੱਖ ਦੇਸ਼ਾਂ ਦੀ ਸੈਰ ਕਰਨ 'ਚ ਮਸ਼ਰੂਫ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਆਗਾਮੀ ਚੋਣਾਂ 'ਚ ਦੇਸ਼ ਦੀ ਜਨਤਾ ਮੋਦੀ ਸਰਕਾਰ ਦੀ ਲੋਕ ਮਾਰੂ ਨੀਤੀਆਂ ਨੂੰ ਨਕਾਰਦਿਆਂ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਆਪਣਾ ਪ੍ਰਧਾਨ ਮੰਤਰੀ ਚੁਣ ਕੇ ਦੇਸ਼ ਨੂੰ ਮੁੜ ਤਰੱਕੀ ਦੀਆਂ ਲੀਹਾਂ 'ਤੇ ਲੈ ਆਵੇਗੀ। ਇਸੇ ਦੌਰਾਨ ਬੀਬੀ ਭੱਟੀ ਦੀ ਅਗਵਾਈ 'ਚ ਕਾਂਗਰਸੀ ਆਗੂਆਂ, ਵਰਕਰਾਂ ਅਤੇ ਆਮ ਲੋਕਾਂ ਤੋਂ ਇਲਾਵਾ ਵੱਖ-ਵੱਖ ਸੰਗਠਨਾਂ ਦੇ ਆਗੂਆਂ ਨੇ ਸ਼ਹਿਰ 'ਚ ਮੋਦੀ ਸਰਕਾਰ ਦੇ ਕਾਰਜਕਾਲ 'ਚ ਵਧੀ ਮਹਿੰਗਾਈ ਦੇ ਖਿਲਾਫ ਨਾਅਰੇਬਾਜੀ ਕੀਤੀ ਤੇ ਵਿਸ਼ਾਲ ਰੋਸ ਮਾਰਚ ਕੀਤਾ ।
ਇਸ ਮੌਕੇ ਬੁਲਾਰਿਆਂ 'ਚ ਸੁਖਦੇਵ ਸਿੰਘ ਭੱਟੀ ਆਈ.ਪੀ.ਐੱਸ (ਰਿਟ:), ਕੁਲਵੰਤ ਰਾਏ ਸਿੰਗਲਾ ਬਰੇਟਾ, ਸੀਨੀਅਰੀ ਕਾਂਗਰਸੀ ਆਗੂ 'ਚ ਰਣਜੀਤ ਸਿੰਘ ਦੋਦੜਾ, ਕੇ.ਸੀ. ਬਾਵਾ ਬੱਛੌਆਣਾ, ਤੀਰਥ ਸਿੰਘ ਸਵੀਟੀ ਤੋਂ ਇਲਾਵਾ ਹੋਰ ਵੀ ਮੌਜੂਦ ਸਨ ।