ਸੁਖਬੀਰ ਨੇ ਰਾਹੁਲ ਦੇ ਬਿਆਨ ''ਤੇ ਕੀਤਾ ਹੁੰਦਾ ਇਤਬਾਰ ਤਾਂ ਨਾ ਜਾਂਦੀ ਸਰਕਾਰ

07/04/2018 6:59:21 AM

ਲੁਧਿਆਣਾ (ਮੁੱਲਾਂਪੁਰੀ) - ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਪੰਜਾਬ ਦੇ ਸਰਹੱਦੀ ਜ਼ਿਲਿਆਂ ਦੇ 2015 ਦੇ ਤੂਫਾਨੀ ਦੌਰਿਆਂ ਦੌਰਾਨ ਉਸ ਵੇਲੇ ਦੀ ਬਾਦਲ ਸਰਕਾਰ 'ਤੇ ਸਿੱਧੇ ਦੋਸ਼ ਲਾਏ ਸਨ ਕਿ ਪੰਜਾਬ ਵਿਚ ਨਸ਼ਾ ਸਿਖਰਾਂ ਨੂੰ ਛੂਹ ਰਿਹਾ ਹੈ ਅਤੇ 70 ਫੀਸਦੀ ਨੌਜਵਾਨ ਨਸ਼ੇੜੀ ਬਣ ਗਏ ਹਨ। ਇਸ ਬਿਆਨ ਕਾਰਨ ਅਕਾਲੀ-ਭਾਜਪਾ ਸਰਕਾਰ ਰਾਹੁਲ ਦੇ ਪਿੱਛੇ ਪੈ ਗਈ ਸੀ ਅਤੇ ਸਰਕਾਰ ਨੇ ਰਾਹੁਲ ਦੇ ਬਿਆਨ ਦੀ ਖੂਬ ਖਿੱਲੀ ਉਡਾਈ ਸੀ। ਜੇਕਰ ਉਸ ਵੇਲੇ ਪੰਜਾਬ ਵਿਚ ਰਾਜ ਕਰਦੇ ਅਕਾਲੀ-ਭਾਜਪਾ ਗੱਠਜੋੜ ਨੇ ਰਾਹੁਲ ਦੇ ਬਿਆਨ ਨੂੰ ਗੰਭੀਰਤਾ ਨਾਲ ਲਿਆ ਹੁੰਦਾ ਅਤੇ ਨਸ਼ੇ ਦਾ ਮੁਕਾਬਲਾ ਕਰਨ ਲਈ ਹਿੱਕ ਡਾਹੀ ਹੁੰਦੀ ਤਾਂ ਪੰਜਾਬ 'ਚੋਂ ਉਸ ਵੇਲੇ ਨਸ਼ੇ 'ਤੇ ਕਾਬੂ ਪਾਇਆ ਜਾ ਸਕਦਾ ਸੀ ਅਤੇ ਪੰਜਾਬ ਵਿਚ ਤੀਜੀ ਵਾਰੀ ਸੁਖਬੀਰ ਦੀ ਸਰਕਾਰ ਬਣ ਸਕਦੀ ਸੀ। ਉਸ ਵੇਲੇ ਰਾਹੁਲ ਦੇ ਇਸ ਬਿਆਨ ਨੂੰ ਸਿਆਸੀ ਬਿਆਨ ਆਖ ਕੇ ਅਕਾਲੀਆਂ ਨੇ ਪੱਲਾ ਝਾੜ ਲਿਆ ਸੀ, ਹੁਣ ਸਰਕਾਰ ਚਲੇ ਜਾਣ ਤੋਂ ਬਾਅਦ ਨਸ਼ਾ ਅਜੇ ਵੀ ਕੈਪਟਨ ਸਰਕਾਰ ਦੇ ਗਲ ਪਿਆ ਹੋਇਆ ਹੈ। ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਤਾਜ਼ਾ ਬਿਆਨ ਆਇਆ ਹੈ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਲਈ ਨਸ਼ਿਆਂ ਖਿਲਾਫ ਸਾਂਝੀ ਕਾਰਵਾਈ ਲਈ ਸਹਿਯੋਗ ਦੇਣ ਲਈ ਤਿਆਰ ਹਨ। ਇਸ ਬਿਆਨ 'ਤੇ ਸਿਆਸੀ ਪੰਡਿਤਾਂ ਨੇ ਟਕੋਰ ਕਰਦਿਆਂ ਕਿਹਾ ਕਿ 10 ਸਾਲ ਰਾਜ ਕਰਨ ਵਾਲੇ ਅਕਾਲੀ ਦਲ ਨੇ ਪਹਿਲਾਂ ਕਦੇ ਮੰਨਿਆ ਹੀ ਨਹੀਂ ਸੀ ਕਿ ਪੰਜਾਬ ਵਿਚ ਨਸ਼ੇ ਦੀ ਵਰਤੋਂ ਹੋ ਰਹੀ ਹੈ। ਹੁਣ ਜਦੋਂ ਸੱਤਾਹੀਣ ਹੋ ਗਏ ਹਨ ਅਤੇ ਆਪੋਜ਼ੀਸ਼ਨ ਦੀ ਕੁਰਸੀ ਵੀ ਨਸੀਬ ਨਹੀਂ ਹੋਈ ਅਤੇ ਇਹ ਮੁੱਦਾ ਕਾਂਗਰਸ ਤੇ 'ਆਪ' ਨੇ ਹੱਥਾਂ ਵਿਚ ਲੈ ਲਿਆ ਹੈ। ਇਸ ਦੇ ਸਿੱਧੇ ਦੋਸ਼ ਅਕਾਲੀਆਂ ਸਿਰ ਲੱਗਣ ਦੀ ਸ਼ੁਰੂ ਹੋਈ ਕਾਰਵਾਈ ਨੂੰ ਦੇਖਦੇ ਹੋਏ ਅਕਾਲੀ ਦਲ ਨੇ ਇਹ ਪੈਂਤੜਾ ਖੇਡਿਆ ਹੈ ਤਾਂ ਜੋ ਲੋਕਾਂ ਦੀ ਕਚਹਿਰੀ ਵਿਚ ਜਾਣ ਲਈ ਥੋੜ੍ਹਾ ਮੋਟਾ ਸਿਆਸੀ ਰਸਤਾ ਪੱਧਰਾ ਹੋ ਸਕੇ।