ਪ੍ਰਕਾਸ਼ ਸਿੰਘ ਬਾਦਲ ਦੀ ਦ੍ਰਿਸ਼ਟੀ ਨੂੰ ਹੂ-ਬਹੂ ਅਪਣਾ ਰਹੀ ਹੈ ਕਾਂਗਰਸ ਸਰਕਾਰ : ਅਕਾਲੀ ਦਲ

08/18/2017 4:35:57 AM

ਅੰਮ੍ਰਿਤਸਰ - ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤੇ ਚੰਗੇ ਕੰਮਾਂ ਦੀ ਵਡਿਆਈ ਕਰ ਰਹੀ ਹੈ ਤੇ ਇਸ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਦ੍ਰਿਸ਼ਟੀ ਨੂੰ ਹੂ-ਬਹੂ ਅਪਣਾਉਣ ਦਾ ਉਪਰਾਲਾ ਕੀਤਾ ਹੈ। ਇਸ ਵਾਸਤੇ ਚਾਹੇ ਇਸ ਨੂੰ ਵੰਡ ਮਿਊਜ਼ੀਅਮ ਵਰਗੇ ਪੁਰਾਣੇ ਪ੍ਰਾਜੈਕਟਾਂ ਦਾ ਦੁਬਾਰਾ ਉਦਘਾਟਨ ਕਿਉਂ ਨਾ ਕਰਨਾ ਪਿਆ ਹੋਵੇ । ਇੱਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਰਦਾਰ ਬਾਦਲ ਨੇ 24 ਅਕਤੂਬਰ 2016 ਨੂੰ ਇਸ ਪ੍ਰਾਜੈਕਟ ਦਾ ਉਦਘਾਟਨ ਵੀ ਕਰ ਦਿੱਤਾ ਸੀ । ਭਾਵੇਂ ਕਿ ਅੱਜ ਇਸੇ ਪ੍ਰਾਜੈਕਟ ਦਾ ਦੁਬਾਰਾ ਉਦਘਾਟਨ ਕੀਤਾ ਗਿਆ ਹੈ ਪਰ ਸਾਨੂੰ ਕੋਈ ਨਾਰਾਜ਼ਗੀ ਨਹੀਂ ਹੈ।
ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੀ ਵਾਗਡੋਰ ਸੰਭਾਲਦੇ ਹੀ ਇਕ ਚੰਗੀ ਸ਼ੁਰੂਆਤ ਇਹ ਕੀਤੀ ਸੀ, ਜਦੋਂ ਉਨ੍ਹਾਂ ਨੇ ਮੁੰਬਈ ਵਿਚ ਕਾਰਪੋਰੇਟ ਦੇ ਮੋਹਰੀ ਕਾਰੋਬਾਰੀਆਂ ਨਾਲ ਮੁਲਾਕਾਤ ਸਮੇਂ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤੇ ਕੰਮਾਂ ਦੀ ਵਡਿਆਈ ਕੀਤੀ ਸੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੀ ਸਰਕਾਰ ਵੱਲੋਂ ਬਣਾਏ ਪੰਜਾਬ ਨਿਵੇਸ਼ ਵਿਭਾਗ ਦੇ ਉਪਰਾਲਿਆਂ ਦੀ ਤਾਰੀਫ ਕਰਨ ਤੋਂ ਇਲਾਵਾ ਅਕਾਲੀ-ਭਾਜਪਾ ਸਰਕਾਰ ਵੱਲੋਂ ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾਉਣ ਵਾਲੀ ਪ੍ਰਾਪਤੀ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਸੀ।
ਮਜੀਠੀਆ ਨੇ ਕਿਹਾ ਕਿ ਅਗਲੇ ਦਿਨਾਂ ਵਿਚ ਇਕ ਹੋਰ ਉਦਘਾਟਨ ਬਾਰੇ ਸਰਕਾਰ ਦੇ ਲੋਕ ਸੰਪਰਕ ਵਿਭਾਗ ਵੱਲੋਂ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਈ. ਟੀ. ਸੀ. ਨੇ ਸਰਕਾਰ ਨੂੰ ਜਾਣਕਾਰੀ ਦੇ ਦਿੱਤੀ ਸੀ ਕਿ ਉਹ ਕਪੂਰਥਲਾ ਵਿਖੇ ਇੰਟੇਗਰੇਟਿਡ ਫੂਡ ਪਾਰਕ ਵਿਚ 1700 ਕਰੋੜ ਰੁਪਏ ਦਾ ਨਿਵੇਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਜਾਣਕਾਰੀ ਲਈ ਦੱਸ ਦਈਏ ਕਿ ਸੁਖਬੀਰ ਬਾਦਲ ਵੱਲੋਂ ਇਸ ਕੰਪਨੀ ਨੂੰ ਪੰਜਾਬ ਵਿਚ ਨਿਵੇਸ਼ ਕਰਨ ਲਈ ਮਨਾਉਣ ਵਾਸਤੇ ਆਈ. ਟੀ. ਸੀ. ਦੀ ਮੈਨੇਜਮੈਂਟ ਨਾਲ ਕੀਤੀਆਂ ਮੀਟਿੰਗਾਂ ਮਗਰੋਂ 2013 ਵਿਚ ਇਸ ਫੂਡ ਪਾਰਕ ਦਾ ਐੱਮ. ਓ. ਯੂ. ਸਹੀਬੰਦ ਹੋਇਆ ਸੀ।
ਮਜੀਠੀਆ ਨੇ ਕਿਹਾ ਕਿ ਇਹ ਸਾਰਾ ਕੁੱਝ ਹੋਣ ਦੇ ਨਾਲ ਨਾਲ ਇਥੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੱਧੂ ਵਰਗੇ ਵੀ ਕੁੱਝ ਵਿਅਕਤੀ ਹਨ, ਜਿਹੜੇ ਇਸ ਵਿਕਾਸ ਨੂੰ ਲੀਹੋਂ ਲਾਹ ਦੇਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਨੇ ਪਿਛਲੇ 5 ਮਹੀਨਿਆਂ ਦੌਰਾਨ ਸਿਵਾਏ ਨੁਕਸਦਾਰ ਫਾਇਰ ਵਾਹਨਾਂ ਨੂੰ ਹਰੀ ਝੰਡੀ ਵਿਖਾਉਣ ਤੋਂ ਹੋਰ ਕੋਈ ਕੰਮ ਨਹੀਂ ਕੀਤਾ ਹੈ । ਉਸ ਨੇ ਨਾਮੀ ਸਮਾਰਕ ਵਿਰਾਸਤ-ਏ-ਖਾਲਸਾ ਨੂੰ ਚਿੱਟਾ ਹਾਥੀ ਕਹਿ ਕੇ ਆਪਣੀ ਜਗ ਹਸਾਈ ਕਰਵਾਈ ਹੈ। ਸਿੱਧੂ ਦੇ ਸਨਕੀਪੁਣੇ ਨੇ ਚਾਰ ਸੀਨੀਅਰ ਅਧਿਕਾਰੀਆਂ ਨੂੰ ਮੁਅਤਲ ਕਰ ਕੇ ਪੰਜਾਬ ਦੇ ਚਾਰ ਵੱਡੇ ਸ਼ਹਿਰਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਬਠਿੰਡਾ ਵਿਚ ਵਿਕਾਸ ਕਾਰਜਾਂ ਨੂੰ ਠੱਪ ਕਰਵਾ ਦਿੱਤਾ ਹੈ।