ਆਪਣੇ ਵੱਖਰੇ ਅੰਦਾਜ਼ ਨਾਲ ਸਿਆਸਤ ''ਚ ਵਾਹ-ਵਾਹੀ ਲੁੱਟਣ ਵਾਲੇ ਸਿੱਧੂ ਦੇ ਇਲਾਕਾ ਨਿਵਾਸੀ ਨੇ ਖੋਲ੍ਹੀ ਆਪਣੇ ਵਿਧਾਇਕ ਦੀ ਪੋਲ

09/09/2017 4:27:47 PM

ਅੰਮ੍ਰਿਤਸਰ (ਸੁਮਿਤ ਖੰਨਾ) — ਕਾਂਗਰਸ ਦੇ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੰਘ ਸਿੱਧੂ ਜਿਥੇ ਆਪਣੇ ਅੰਦਾਜ਼ ਲਈ ਹਮੇਸ਼ਾ ਵਾਹ-ਵਾਹੀ ਬਟੋਰਦੇ ਹਨ ਉਥੇ ਹੀ ਸਿੱਧੂ ਦੇ ਵਿਧਾਨ ਸਭਾ ਹਲਕਾ ਪੂਰਵੀ ਵਾਰਡ ਨੰਬਰ 18 ਤੇ 19 ਦੇ ਲੋਕ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੋਸ ਰਹੇ ਹਨ ਕਿਉਂਕਿ ਇਨ੍ਹਾਂ ਵਾਰਡਾਂ ਦੀ ਹਾਲਤ ਵਿਕਾਸ ਪੱਖੋਂ ਬਹੁਤ ਬੁਰੀ ਹੈ, ਥਾਂ-ਥਾਂ ਗੰਦਗੀ ਦੇ ਭੰਡਾਰ ਲੱਗੇ ਹਨ ਤੇ ਲੋਕ ਨਰਕ ਦੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹਨ। ਆਲਮ ਇਹ ਹੈ ਕਿ ਪਿਛਲੇ 20 ਸਾਲ ਤੋਂ ਬਣੇ ਇਸ ਇਲਾਕੇ 'ਚ ਨਾ ਤਾਂ ਪੀਣ ਦਾ ਪਾਣੀ ਹੈ ਤੇ ਨਾ ਹੀ ਸੀਵਰੇਜ ਦੀ ਸੁਵਿਧਾ। ਇਹ ਹੀ ਨਹੀਂ ਘਰਾਂ 'ਚ ਪਖਾਨਿਆਂ ਦਾ ਗੰਦਾ ਪਾਣੀ ਸ਼ਰੇਆਮ ਚਲਦਾ ਹੋਇਆ ਨਜ਼ਰ ਆਉਂਦਾ ਹੈ ਤੇ ਗਲੀਆਂ ਤੇ ਸੜਕਾਂ ਦੇ ਹਲਾਤ ਇਹ ਹਨ ਕਿ ਇਹ ਕੋਈ ਅਫਗਾਨਿਸਤਾਨ ਦਾ ਪਹਾੜੀ ਇਲਾਕਾ ਲਗਦਾ ਹੈ, ਜਿਸ 'ਚ ਕੋਈ ਬੰਬ ਡਿੱਗਿਆ ਹੋਵੇ। ਇਹ ਹੀ ਨਹੀਂ ਇਥੇ ਬਿਜਲੀ ਦੀਆਂ ਨੰਗੀਆਂ ਤਾਰਾਂ ਹਾਦਸਿਆਂ ਨੂੰ ਖੁੱਲ੍ਹਾ ਸੱਦਾ ਦੇ ਰਹੀਆਂ ਹਨ ਤੇ ਇਨ੍ਹਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ। 
ਉਥੇ ਹੀ ਇਸ ਮਾਮਲੇ 'ਚ ਲੋਕਾਂ ਦਾ ਕਹਿਣਾ ਹੈ ਕਿ ਇਲਾਕੇ 'ਚ ਗੰਦਗੀ ਦੇ ਕਾਰਨ ਕਈ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਗਏ ਤੇ ਉਨ੍ਹਾਂ 'ਚੋਂ ਕਈਆਂ ਦੀ ਮੌਤ ਵੀ ਹੋ ਚੁੱਕੀ ਹੈ। ਉਥੇ ਹੀ ਇਲਾਕੇ ਦੇ ਇਕ ਵਿਅਕਤੀ ਦਾ ਕਹਿਣਾ ਹੈ ਕਿ ਇਸ ਇਲਾਕੇ ਦੇ ਲੋਕ ਜਿੰਨੀ ਕਮਾਈ ਕਰਦੇ ਹਨ ਉਹ ਦਵਾਈਆਂ 'ਚ ਹੀ ਨਿਕਲ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਇਲਾਕੇ 'ਚ ਲੋਕਾਂ ਦੇ ਰਿਸ਼ਤੇ ਤਕ ਨਹੀਂ ਆਉਂਦੇ ਤੇ ਉਸ ਦੀ ਆਪਣੀ ਭੈਣ ਦਾ ਰਿਸ਼ਤਾ ਗੰਦੇ ਇਲਾਕੇ ਕਾਰਨ ਟੁੱਟ ਗਿਆ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਵੋਟ ਲੈਣ ਦੇ ਸਮੇਂ ਸਿੱਧੂ ਉਨ੍ਹਾਂ ਦੇ ਇਲਾਕਿਆਂ 'ਚ ਆਇਆ ਸੀ ਤੇ ਉਸ ਨੇ ਇਲਾਕੇ ਦੇ ਵਿਕਾਸ ਦਾ ਭਰੋਸਾ ਦਿਵਾਇਆ ਸੀ ਪਰ ਹੋਇਆ ਕੁਝ ਵੀ ਨਹੀਂ। ਉਨ੍ਹਾਂ ਸਪਸ਼ੱਟ ਕੀਤਾ ਕਿ ਪਹਿਲਾਂ ਸਿੱਧੂ ਦੀ ਪਤਨੀ ਉਨ੍ਹਾਂ ਦੇ ਇਲਾਕੇ ਦੀ ਵਿਧਾਇਕ ਸੀ। ਗੁੱਸੇ 'ਚ ਆਏ ਇਲਾਕਾ ਨਿਵਾਸੀਆਂ ਨੇ ਸਿੱਧੂ ਨੂੰ ਠੱਗ ਤਕ ਕਹਿ ਦਿੱਤਾ।