ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਮਿਲੇ

06/18/2019 9:31:22 PM

ਜਲੰਧਰ (ਧਵਨ)— ਪੰਜਾਬ ਦੇ ਸਮੁੱਚੇ ਕਾਂਗਰਸੀ ਸੰਸਦ ਮੈਂਬਰਾਂ ਨੇ ਅੱਜ ਸੰਸਦ ਭਵਨ ਵਿਚ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਇਹ ਸੰਸਦ ਮੈਂਬਰ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਦੀ ਅਗਵਾਈ ਹੇਠ ਰਾਹੁਲ ਗਾਂਧੀ ਨੂੰ ਮਿਲਣ ਪਹੁੰਚੇ ਸਨ।
ਰਾਹੁਲ ਗਾਂਧੀ ਦੇ ਨਾਲ ਕਾਂਗਰਸੀ ਸੰਸਦ ਮੈਂਬਰਾਂ ਨੇ ਸੰਖੇਪ ਗੱਲਬਾਤ ਵੀ ਕੀਤੀ ਤੇ ਨਾਲ ਹੀ ਰਾਹੁਲ ਗਾਂਧੀ ਦੀ ਅਗਵਾਈ ਵਿਚ ਪੂਰਾ ਭਰੋਸਾ ਵੀ ਜਤਾਇਆ। ਪੰਜਾਬ ਦੇ ਸਮੁੱਚੇ ਕਾਂਗਰਸੀ ਸੰਸਦ ਮੈਂਬਰ ਤੇ ਸਮੁੱਚੇ ਕਾਂਗਰਸੀ ਵਿਧਾਇਕ ਪਹਿਲਾਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਬੈਠਕ ਕਰਕੇ ਰਾਹੁਲ ਗਾਂਧੀ ਨੂੰ ਰਾਸ਼ਟਰੀ ਪ੍ਰਧਾਨ ਬਣੇ ਰਹਿਣ ਦਾ ਪ੍ਰਸਤਾਵ ਪਾਸ ਕਰ ਚੁੱਕੇ ਹਨ।
ਰਾਹੁਲ ਨਾਲ ਮੁਲਾਕਾਤ ਕਰਨ ਵਾਲਿਆਂ ਵਿਚ ਗੁਰਜੀਤ ਸਿੰਘ ਔਜਲਾ, ਸੰਤੋਖ ਸਿੰਘ ਚੌਧਰੀ, ਰਵਨੀਤ ਸਿੰਘ ਬਿੱਟੂ, ਮੁਹੰਮਦ ਸਦੀਕ, ਜਸਬੀਰ ਸਿੰਘ ਡਿੰਪਾ, ਡਾ. ਅਮਰ ਸਿੰਘ ਆਦਿ ਸ਼ਾਮਲ ਸਨ। ਇਸ ਮੌਕੇ ਪ੍ਰਨੀਤ ਕੌਰ ਦੀ ਅਗਵਾਈ ਵਿਚ ਸਮੁੱਚੇ ਕਾਂਗਰਸੀ ਸੰਸਦ ਮੈਂਬਰਾਂ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਵਿਜ਼ਨ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਸਰਕਾਰ ਸਖਤ ਮਿਹਨਤ ਕਰਕੇ ਪੰਜਾਬ ਨੂੰ ਦੇਸ਼ ਵਿਚ ਪਹਿਲੇ ਸਥਾਨ 'ਤੇ ਲੈ ਕੇ ਜਾਣ ਲਈ ਕੰਮ ਕਰ ਰਹੀ ਹੈ। ਰਾਹੁਲ ਗਾਂਧੀ ਨੇ ਕਾਂਗਰਸੀ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਹ ਜਨਤਾ ਵਿਚ ਬਣੇ ਰਹਿਣ ਤੇ ਜਨਤਾ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣ।

KamalJeet Singh

This news is Content Editor KamalJeet Singh