ਕਿਸਾਨਾਂ ਤੇ ਜਵਾਨਾਂ ਦੀਆਂ ਮੁਸ਼ਕਲਾਂ ਸਬੰਧੀ ਔਜਲਾ ਨੇ ਕੀਤੀ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ

03/29/2018 11:06:53 AM

ਅੰਮ੍ਰਿਤਸਰ (ਵਾਲੀਆ)- ਅੰਮ੍ਰਿਤਸਰ ਤੋਂ ਨੌਜਵਾਨ ਕਾਂਗਰਸੀ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵੱਲੋਂ ਸਰਹੱਦੀ ਖੇਤਰ ਦੇ ਕਿਸਾਨਾਂ ਤੇ ਦੇਸ਼ ਦੀਆਂ ਸਰਹੱਦਾਂ ਦੇ ਰਾਖੇ ਬੀ. ਐੱਸ. ਐੱਫ. ਦੇ ਜਵਾਨਾਂ ਦੀਆਂ ਮੁਸ਼ਕਲਾਂ ਸਬੰਧੀ ਕੇਂਦਰ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਕਿਸਾਨਾਂ ਦੇ ਨਾਲ-ਨਾਲ ਜਵਾਨਾਂ ਤੇ ਪਾਕਿਸਤਾਨ ਨਾਲ ਕਾਰੋਬਾਰ ਕਰਨ ਵਾਲੇ ਵਪਾਰੀਆਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਵਿਸਥਾਰਪੂਰਵਕ ਚਰਚਾ ਕੀਤੀ।
ਮੁਲਾਕਾਤ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਸ. ਔਜਲਾ ਨੇ ਦੱਸਿਆ ਕਿ ਅਗਲੇ ਕੁਝ ਦਿਨਾਂ ਤੱਕ ਪੰਜਾਬ 'ਚ ਕਣਕ ਦੀ ਫਸਲ ਦੀ ਵਾਢੀ ਸ਼ੁਰੂ ਹੋ ਜਾਣੀ ਹੈ ਅਤੇ ਭਾਰਤ-ਪਾਕਿ ਸਰਹੱਦ 'ਤੇ ਲੱਗੀ ਤਾਰ ਦੇ ਪਾਰ ਖੇਤੀਬਾੜੀ ਵਾਲੀ ਜ਼ਮੀਨ ਦੇ ਕਿਸਾਨਾਂ ਨੂੰ ਫਸਲ ਦੀ ਕਟਾਈ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਸਿਰਫ 3 ਪ੍ਰਕਾਰ ਦੇ ਕਾਰਡ ਹੀ ਜਾਰੀ ਕੀਤੇ ਜਾਂਦੇ ਹਨ, ਜਿਨ੍ਹਾਂ ਵਿਚ ਕਿਸਾਨ ਕਾਰਡ, ਫੈਮਿਲੀ ਕਾਰਡ ਤੇ ਪੱਕਾ ਸੀਰੀ ਕਾਰਡ, ਜਦਕਿ ਫਸਲ ਦੀ ਕਟਾਈ ਲਈ ਆਰਜ਼ੀ ਕਾਰਡ ਜਾਰੀ ਕਰਨ ਦੀ ਵਿਵਸਥਾ ਹੈ, ਜਿਸ ਲਈ ਪਿੰਡ ਦੇ ਸਰਪੰਚ ਤੋਂ ਤਸਦੀਕ ਜ਼ਰੂਰੀ ਹੈ। ਪੰਚਾਇਤੀ ਚੋਣਾਂ ਸਿਰ 'ਤੇ ਹੋਣ ਕਾਰਨ ਸਰਪੰਚ ਕਿਸਾਨਾਂ ਨੂੰ ਕਾਫੀ ਖੱਜਲ-ਖੁਆਰ ਕਰਦੇ ਹਨ, ਜਿਸ ਲਈ ਸਥਾਈ ਹੱਲ ਕੀਤਾ ਜਾਣਾ ਚਾਹੀਦਾ ਹੈ।
ਸ. ਔਜਲਾ ਨੇ ਬੀ. ਐੱਸ. ਐੱਫ. ਦੇ ਜਵਾਨਾਂ ਦਾ ਮੁੱਦਾ ਚੁੱਕਦਿਆਂ ਮੰਗ ਕੀਤੀ ਕਿ ਸਰਹੱਦੀ ਚੌਕੀਆਂ ਵਿਚ ਜਵਾਨਾਂ ਲਈ ਆਰ. ਓ. ਸਿਸਟਮ ਅਤੇ ਮਹਿਲਾ ਜਵਾਨਾਂ ਲਈ ਪਖਾਨਿਆਂ ਦੀ ਸਹੂਲਤ ਦੇਣ ਲਈ ਵਿਸ਼ੇਸ਼ ਨੀਤੀ ਬਣਾਈ ਜਾਵੇ। ਸ. ਔਜਲਾ ਨੇ ਅਟਾਰੀ ਆਈ. ਸੀ. ਪੀ. ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਇਹ ਪੋਸਟ ਪਾਕਿਸਤਾਨ ਤੇ ਦੂਸਰੇ ਦੇਸ਼ਾਂ ਨਾਲ ਆਪਸੀ ਸਬੰਧਾਂ ਨੂੰ ਮਜ਼ਬੂਤ ਬਣਾਉਣ ਦੇ ਮਕਸਦ ਨਾਲ ਬਣਾਈ ਗਈ ਸੀ, ਜਦਕਿ ਇਹ ਸਿਰਫ ਪਾਕਿਸਤਾਨ ਤੱਕ ਸੀਮਤ ਰਹਿ ਗਈ ਹੈ ਕਿਉਂਕਿ ਕਾਰੋਬਾਰੀ ਦਿਨਾਂ ਵਿਚ 170 ਦੇ ਕਰੀਬ ਪਾਕਿਸਤਾਨੀ ਟਰੱਕ ਮਾਲ ਲੈ ਕੇ ਭਾਰਤ ਵਿਚ ਦਾਖਲ ਹੁੰਦੇ ਹਨ, ਜਦਕਿ ਪਾਕਿਸਤਾਨ ਵੱਲੋਂ ਭਾਰਤੀ ਟਰੱਕਾਂ ਨੂੰ ਮਾਲ ਲੈ ਕੇ ਪਾਕਿਸਤਾਨ ਦਾਖਲ ਹੋਣ ਦੀ ਆਗਿਆ ਨਹੀਂ ਹੈ।