ਰਾਹੁਲ ਗਾਂਧੀ ''ਤੇ ਹੋਏ ਹਮਲੇ ਦੀ ਕਾਂਗਰਸੀ ਆਗੂਆਂ ਨੇ ਤਿੱਖੇ ਸ਼ਬਦਾਂ ''ਚ ਕੀਤੀ ਨਿਖੇਧੀ, ਕਿਹਾ-ਇਹ ਭਾਜਪਾ ਦੀ ਸੋਚੀ ਸਮਝੀ ਸਾਜਿਸ਼

08/07/2017 7:05:29 PM

ਸੁਲਤਾਨਪੁਰ ਲੋਧੀ(ਧੀਰ)— ਬੀਤੇ ਦਿਨੀਂ ਆਲ ਇੰਡੀਆ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੇ ਗੁਜਰਾਤ ਦੌਰੇ ਦੌਰਾਨ ਯੁਵਾ ਭਾਜਪਾ ਦੇ ਪ੍ਰਧਾਨ ਵੱਲੋਂ ਕਾਫਲੇ 'ਤੇ ਕੀਤੇ ਪਥਰਾਅ ਦੀ ਯੂਥ ਕਾਂਗਰਸ ਦੇ ਆਗੂਆਂ ਨੇ ਤਿੱਖੇ ਸ਼ਬਦਾਂ 'ਚ ਨਿਖੇਧੀ ਕਰਦਿਆਂ ਭਾਜਪਾ ਦੇ ਖਿਲਾਫ ਨਾਰੇਬਾਜੀ ਵੀ ਕੀਤੀ ਅਤੇ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਕੇ ਸਖਤ ਸਜਾਵਾਂ ਦੇਣ ਦੀ ਮੰਗ ਕੀਤੀ ਹੈ। ਯੂਥ ਕਾਂਗਰਸ ਆਗੂਆਂ ਜੀਤ ਸਿੰਘ ਮੀਰਪੁਰ, ਵਿੱਕੀ ਪੰਡਿਤ, ਦੀਪਾ, ਮਿੱਠਾ, ਅਵਤਾਰ ਨੀਟਾ, ਸੁੱਚਾ ਮਿਆਣੀ ਆਦਿ ਨੇ ਕਿਹਾ ਕਿ ਮੋਦੀ ਸਰਕਾਰ ਰਾਹੁਲ ਗਾਂਧੀ ਦੇ ਹੱਕ 'ਚ ਚੱਲ ਰਹੀ ਲਹਿਰ ਨੂੰ ਦਬਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਨੇਤਾ ਅਜਿਹੀਆਂ ਕਾਰਵਾਈਆਂ ਤੋਂ ਡਰਨ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਦੇਸ਼ 'ਚ ਮੋਦੀ ਅਤੇ ਆਰ. ਐੱਸ. ਐੱਸ ਵਿਰੁੱਧ ਅਵਾਜ ਬੁਲੰਦ ਕਰਨ ਵਾਲਿਆਂ 'ਤੇ ਘੱਟ ਗਿਣਤੀਆਂ ਨੂੰ ਡਰਾਇਆਂ ਧਮਕਾਇਆਂ ਜਾ ਰਿਹਾ ਹੈ। 
ਉਨ੍ਹਾਂ ਨੇ ਕਿਹਾ ਕਿ ਇਸ ਹਮਲੇ 'ਚ ਭਾਜਪਾ ਦੀ ਬੌਖਲਾਹਟ ਸਾਫ ਨਜਰ ਆ ਰਹੀ ਹੈ ਕਿਉਂਕਿ ਗੁਜਰਾਤ 'ਚ ਹੁਣ ਮੋਦੀ ਦੀ ਖੇਡ ਖਤਮ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਗੁਜਰਾਤ 'ਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਵਿਵਸਥਾ ਸੁਣਨ ਲਈ ਜਾ ਰਹੇ ਸਨ ਜੋ ਕਿ ਕੌਮੀ ਪਾਰਟੀਆਂ ਅਤੇ ਆਗੂਆਂ ਦਾ ਫਰਜ ਹੈ। ਅਜਿਹੇ ਮੌਕੇ ਸਮੇਂ ਦੌਰਾਨ ਰਾਹੁਲ ਗਾਂਧੀ 'ਤੇ ਹੋਇਆ ਹਮਲਾ ਸੋਚੀ ਸਮਝੀ ਸਾਜਿਸ਼ ਹੈ ਜੋ ਕਿ ਕਥਿਤ ਤੌਰ 'ਤੇ ਮੋਦੀ ਸਰਕਾਰ ਦੇ ਇਸ਼ਾਰੇ 'ਤੇ ਹੋਇਆ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਸਹਿਣ ਨਹੀਂ ਕੀਤਾ ਜਾਵੇਗਾ। ਆਗੂਆਂ ਨੇ ਮੁਲਾਜ਼ਮਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਹਮਲਾਵਰਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਤਾਂ ਯੂਥ ਕਾਂਗਰਸ ਕੌਮੀ ਪੱਧਰ 'ਤੇ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।