ਕੈਪਟਨ ਤੇ ਪਰਨੀਤ ਕੌਰ ਦੇ ਸਮਰਥਨ ’ਚ ਅੱਧਾ ਦਰਜਨ ਕਾਂਗਰਸੀਆਂ ਨੇ ਦਿੱਤੇ ਅਸਤੀਫ਼ੇ

11/25/2021 10:35:52 AM

ਪਟਿਆਲਾ (ਰਾਜੇਸ਼ ਪੰਜੌਲਾ) : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਲੋਕ ਕਾਂਗਰਸ ਦੇ ਗਠਨ ਤੋਂ ਬਾਅਦ ਸ਼ੁਰੂ ਕੀਤੀ ਗਈ ਭਰਤੀ ਮੁਹਿੰਮ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ, ਜਦੋਂ ਪਟਿਆਲਾ ਸ਼ਹਿਰ ਦੇ ਅੱਧਾ ਦਰਜਨ ਤੋਂ ਵੱਧ ਸੀਨੀਅਰ ਕਾਂਗਰਸੀ ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਮਹਾਰਾਣੀ ਪਰਨੀਤ ਕੌਰ ਦੇ ਸਮਰਥਨ ’ਚ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ ਹਨ। ਜਿਨ੍ਹਾਂ ’ਚ ਸਾਬਕਾ ਡਿਪਟੀ ਮੇਅਰ ਅਤੇ ਜ਼ਿਲ੍ਹਾ ਕਾਂਗਰਸ ਪਟਿਆਲਾ ਸ਼ਹਿਰੀ ਦੇ ਵਾਈਸ ਪ੍ਰਧਾਨ ਇੰਦਰਜੀਤ ਸਿੰਘ ਬੋਪਾਰਾਏ, ਜ਼ਿਲ੍ਹਾ ਕਾਂਗਰਸ ਦੇ ਜਨਰਲ ਸਕੱਤਰ ਲਾਭ ਸਿੰਘ ਭਟੇੜੀ, ਇੰਦਰਜੀਤ ਸਿੰਘ ਸੋਢੀ, ਬਲਵਿੰਦਰਪਾਲ ਸ਼ਾਮਲ ਹਨ। ਇਸ ਦੇ ਨਾਲ ਹੀ ਸਾਬਕਾ ਕੌਂਸਲਰ ਅਤੇ ਜ਼ਿਲ੍ਹਾ ਕਾਂਗਰਸ ਦੇ ਜਨਰਲ ਸਕੱਤਰ ਬਲਵਿੰਦਰਪਾਲ ਸ਼ਰਮਾ, ਪੰਜਾਬ ਕਾਂਗਰਸ ਕਮੇਟੀ ਦੇ ਸਕੱਤਰ ਗੁਰਮੀਤ ਸਿੰਘ ਮੋਹਣੀ ਜੱਸੋਵਾਲ ਅਤੇ ਜ਼ਿਲ੍ਹਾ ਜਨਰਲ ਸਕੱਤਰ ਪਵਨਜੀਤ ਸ਼ਰਮਾ ਨੇ ਵੀ ਆਪਣੇ ਅਹੁਦੇ ਤੋਂ ਅਸਤੀਫ਼ੇ ਦੇ ਦਿੱਤੇ ਹਨ।

ਇਹ ਵੀ ਪੜ੍ਹੋ : ਪਟਿਆਲਾ : CM ਚੰਨੀ ਦੇ ਪੁੱਜਣ ਤੋਂ ਪਹਿਲਾਂ ਪੁਲਸ ਨੇ ਲੱਖਾ ਸਿਧਾਣਾ ਨੂੰ ਲਿਆ ਹਿਰਾਸਤ 'ਚ

ਅਸਤੀਫ਼ੇ ਦੇਣ ਤੋਂ ਪਹਿਲਾਂ ਇਨ੍ਹਾਂ ਆਗੂਆਂ ਨੇ ਮੀਟਿੰਗ ਕਰ ਕੇ ਕਿਹਾ ਕਿ ਜਿਸ ਤਰੀਕੇ ਨਾਲ ਕਾਂਗਰਸ ਨੇ ਪੰਜਾਬ ਦੇ ਹਰਮਨਪਿਆਰੇ ਲੀਡਰ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਉਤਾਰਿਆ ਹੈ ਅਤੇ ਉਨ੍ਹਾਂ ਵੱਲੋਂ ਲਾਏ ਗਏ ਚੇਅਰਮੈਨਾਂ ਅਤੇ ਹੋਰ ਰਾਜਨੀਤਕ ਲੋਕਾਂ ਨੂੰ ਜਲੀਲ ਕਰ ਕੇ ਅਹੁਦੇ ਤੋਂ ਹਟਾਇਆ ਜਾ ਰਿਹਾ ਹੈ, ਉਸ ਕਾਰਨ ਟਕਸਾਲੀ ਕਾਂਗਰਸੀ ਬੇਹੱਦ ਦੁਖ਼ੀ ਹਨ। ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਵਿਕਾਸ ਦੇ ਕੰਮ ਬਿਲਕੁਲ ਠੱਪ ਹੋ ਕੇ ਰਹਿ ਗਏ ਹਨ, ਜਿਹੜੇ ਕੰਮਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਸ਼ੁਰੂ ਕਰਵਾਇਆ ਸੀ, ਜਿਵੇਂ ਵੱਡੀ ਨਦੀ ਅਤੇ ਛੋਟੀ ਨਦੀ ਨੂੰ ਸਾਫ-ਸੁਥਰਾ ਕਰਨ ਦਾ ਕੰਮ, ਉਨ੍ਹਾਂ ਨੂੰ ਪੱਕਾ ਕਰਨ ਦਾ ਕੰਮ ਠੱਪ ਹੋ ਚੁੱਕਾ ਹੈ। ਨਗਰ ਨਿਗਮ ਦੀ ਐੱਫ. ਐਂਡ. ਸੀ. ਸੀ. ਦੀ ਮੀਟਿੰਗ ਵੀ ਰੋਕ ਦਿੱਤੀ ਗਈ, ਜਿਸ ਵਿਚ ਪਟਿਆਲਾ ਸ਼ਹਿਰ ਦੇ ਡਿਵੈਲਪਮੈਂਟ ਦੇ ਕੰਮ ਪਾਸ ਕੀਤੇ ਜਾਣੇ ਸਨ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਕੇਂਦਰ ਨੇ ਪੰਜਾਬ ਸਮੇਤ 13 ਸੂਬਿਆਂ ਨੂੰ ਕੋਵਿਡ ਜਾਂਚ ਵਧਾਉਣ ਦੇ ਦਿੱਤੇ ਨਿਰਦੇਸ਼

ਇਸ ਵਿਚ ਇਕ ਪਾਸੇ ਹੀ ਜ਼ੋਰ ਲਾਇਆ ਜਾ ਰਿਹਾ ਹੈ ਕਿ ਮੇਅਰ ਨੂੰ ਕਿਸ ਤਰੀਕੇ ਬਦਲਿਆ ਜਾਵੇ। ਆਗੂਆਂ ਨੇ ਕਿਹਾ ਕਿ ਸਰਕਾਰ ਕੋਲ ਬਹੁਤ ਘੱਟ ਸਮਾਂ ਹੈ। ਸਰਕਾਰ ਨੂੰ ਵਿਕਾਸ ਦੇ ਕੰਮ ਕਰਨੇ ਚਾਹੀਦੇ ਹਨ ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਹੁੰਦਿਆਂ ਸਾਢੇ 4 ਸਾਲ ਵਿਚ ਪਟਿਆਲਾ ਅਤੇ ਪੰਜਾਬ ਦੀ ਡਿਵੈਲਪਮੈਂਟ ਕਰਵਾਈ। ਪੰਜਾਬ ਦੇ ਸਮੁੱਚੇ ਵਿਧਾਇਕਾਂ ਨੂੰ ਵਿਕਾਸ ਲਈ ਕਰੋੜਾਂ ਦੇ ਫੰਡ ਦਿੱਤੇ ਗਏ, ਜਿਸ ਵਿਚ ਪੰਜਾਬ ਦੀਆਂ ਸੜਕਾਂ ਅਤੇ ਹੋਰ ਵਿਕਾਸ ਕਰਵਾਏ ਗਏ ਪਰ ਹੁਣ ਉਸ ਸਾਢੇ 4 ਸਾਲ ਦੇ ਵਿਕਾਸ ਕੰਮਾਂ ਨੂੰ ਸਰਕਾਰ ਸਿਰਫ 50 ਦਿਨਾ ਦੀ ਸਰਕਾਰ ਦੀ ਪ੍ਰਾਪਤੀ ਦੱਸ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਅਤੇ ਸਰਕਾਰ ਵੱਲੋਂ ਮੋਤੀ ਮਹਿਲ ਨਾਲ ਸਬੰਧਿਤ ਕਾਂਗਰਸੀ ਵਰਕਰਾਂ ਨੂੰ ਸੋਚੀ-ਸਮਝੀ ਸਾਜ਼ਿਸ਼ ਦੇ ਤਹਿਤ ਜਲੀਲ ਕੀਤਾ ਜਾ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita