ਪੰਜਾਬ ਦੇ ਕਾਂਗਰਸੀ ਆਗੂ ਸਿੱਖਾਂ ਦੇ ਕਾਤਲਾਂ ਨਾਲੋਂ ਨਾਤੇ ਤੋੜਨ ਦੀ ਦਲੇਰੀ ਦਿਖਾਉਣ : ਸੁਖਬੀਰ

01/16/2020 10:24:26 PM

ਚੰਡੀਗੜ੍ਹ, (ਅਸ਼ਵਨੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਪੰਜਾਬ ਦੇ ਕਾਂਗਰਸੀ ਆਗੂਆਂ ਨੂੰ ਕਿਹਾ ਹੈ ਕਿ ਉਹ ਹਜ਼ਾਰਾਂ ਸਿੱਖ ਦੇ ਕਾਤਲਾਂ ਨਾਲੋਂ ਸਾਰੇ ਨਾਤੇ ਤੋੜਨ ਦੀ ਨੈਤਿਕ ਦਲੇਰੀ ਵਿਖਾਉਣ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਤਲਾਂ ਨੂੰ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਵਲੋਂ ਸਿਰਫ਼ ਹੱਲਾਸ਼ੇਰੀ ਹੀ ਨਹੀਂ ਸੀ ਦਿੱਤੀ ਗਈ, ਸਗੋਂ ਉਸ ਸਮੇਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਸਮੇਤ ਹਾਈ ਕਮਾਂਡ ਦੇ ਆਗੂਆਂ ਜਗਦੀਸ਼ ਟਾਈਟਲਰ ਅਤੇ ਕਮਲਨਾਥ ਨੇ ਇਨ੍ਹਾਂ ਦੀ ਅਗਵਾਈ ਵੀ ਕੀਤੀ ਸੀ। ਉਨ੍ਹਾਂ ਕਿਹਾ ਕਿ ਤੁੱਛ ਸਿਆਸੀ ਫਾਇਦਿਆਂ ਖਾਤਰ ਇਨ੍ਹਾਂ ਕਾਤਲਾਂ ਦੇ ਦਰਾਂ ਅੱਗੇ ਖੜ੍ਹ ਕੇ ਉਡੀਕ ਕਰਦਿਆਂ ਪੰਜਾਬ ਦੇ ਕਿਸੇ ਵੀ ਕਾਂਗਰਸੀ ਆਗੂ ਨੂੰ ਕਦੇ ਉਨ੍ਹਾਂ ਦੀ ਜ਼ਮੀਰ ਨੇ ਨਹੀਂ ਝੰਜੋੜਿਆ। ਸੁਖਬੀਰ ਸਿਟ ਦੇ ਮੁਖੀ ਦਿੱਲੀ ਹਾਈ ਕੋਰਟ ਦੇ ਜਸਟਿਸ (ਸੇਵਾਮੁਕਤ) ਐੱਸ. ਐੱਨ. ਢੀਂਗਰਾ ਦੀ ਰਿਪੋਰਟ ਬਾਰੇ ਟਿੱਪਣੀ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਰਿਪੋਰਟ ਨੇ ਸਾਬਿਤ ਕਰ ਦਿੱਤਾ ਹੈ ਕਿ 1984 'ਚ ਸਿੱਖਾਂ ਦਾ ਕੀਤਾ ਕਤਲੇਆਮ ਇਕ ਯੋਜਨਾਬੱਧ ਨਸਲਕੁਸ਼ੀ ਸੀ।

ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਵਿਸ਼ਵਾਸ ਕਰਨਾ ਔਖਾ ਲੱਗ ਰਿਹਾ ਹੈ ਕਿ ਉਨ੍ਹਾਂ ਦੇ ਸੂਬੇ ਦੇ ਕਾਂਗਰਸੀ ਆਗੂ ਖਾਸ ਕਰ ਕੇ ਜੋ ਸਿੱਖ ਭਾਈਚਾਰੇ ਨਾਲ ਸਬੰਧਤ ਹਨ, ਉਹ ਆਪਣੇ ਨਿਰਦੋਸ਼ ਰਿਸ਼ਤੇਦਾਰਾਂ ਦੇ ਕਾਤਲਾਂ ਨਾਲ ਖਾਣਾ ਖਾਣ ਅਤੇ ਸ਼ਰਾਬਾਂ ਪੀਣ ਮਗਰੋਂ ਅਰਾਮ ਦੀ ਨੀਂਦ ਕਿਵੇਂ ਸੌਂ ਸਕਦੇ ਹਨ? ਸੁਖਬੀਰ ਨੇ ਕਿਹਾ ਕਿ ਜਦੋਂ ਰਾਜੀਵ ਗਾਂਧੀ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਤਲੇਆਮ ਨੂੰ ਇਹ ਕਹਿ ਕੇ ਸਹੀ ਠਹਿਰਾਉਂਦਾ ਸੀ ਕਿ ਜਦੋਂ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਕੰਬਦੀ ਹੈ ਤਾਂ ਪੰਜਾਬ ਦੇ ਕਾਂਗਰਸੀ ਤਾੜੀਆਂ ਮਾਰਦੇ ਸਨ। ਉਨ੍ਹਾਂ ਕਿਹਾ ਕਿ ਰਾਜੀਵ ਗਾਂਧੀ ਦਰਅਸਲ ਭੁੱਲ ਗਿਆ ਸੀ ਕਿ ਦੁਨੀਆ ਦਾ ਕੋਈ ਵੀ ਦਰੱਖਤ ਇੰਨਾ ਵੱਡਾ ਨਹੀਂ ਹੁੰਦਾ ਕਿ ਉਹ ਦੁਨੀਆ ਨੂੰ ਕੰਬਣ ਲਾ ਦੇਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਾਂਗਰਸੀ ਅਜੇ ਵੀ ਸੱਤਾ ਸੁੱਖ ਖਰੀਦਣ ਲਈ ਹਜ਼ਾਰਾਂ ਸਿੱਖਾਂ ਦੇ ਖੂਨ ਨੂੰ ਖੁਸ਼ੀ-ਖੁਸ਼ੀ ਵੇਚ ਰਹੇ ਹਨ।

Bharat Thapa

This news is Content Editor Bharat Thapa