ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਪੁਲਸ ਖਿਲਾਫ ਰੋਸ ਮੁਜ਼ਾਹਰਾ

08/23/2017 7:25:17 AM

ਸੁਲਤਾਨਪੁਰ ਲੋਧੀ,  (ਸੋਢੀ)-  ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਸੀਨੀਅਰ ਕਾਂਗਰਸੀ ਆਗੂ ਮਹਿੰਦਰਪਾਲ ਸਿੰਘ ਸੋਹੀ ਮੁਹੱਬਲੀਪੁਰ ਸਾਬਕਾ ਮੈਂਬਰ ਬਲਾਕ ਸੰਮਤੀ ਤੇ ਮਨਜੀਤ ਸਿੰਘ ਸਰਪੰਚ ਮੁਹੱਬਲੀਪੁਰ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਵਲੋਂ ਆਪਣੀ ਹੀ ਪਾਰਟੀ ਦੇ ਰਾਜ 'ਚ ਇਨਸਾਫ ਨਾ ਮਿਲਣ ਦਾ ਦੋਸ਼ ਲਗਾਉਂਦੇ ਹੋਏ ਪੁਲਸ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਤੇ ਪਾਰਟੀ ਵਰਕਰਾਂ ਨਾਲ ਹੀ ਧੱਕੇਸ਼ਾਹੀ ਕਰਨ ਦਾ ਦੋਸ਼ ਲਗਾਇਆ। 
ਰੋਸ ਪ੍ਰਗਟ ਕਰਨ ਸਮੇਂ ਮਹਿੰਦਰਪਾਲ ਸਿੰਘ ਸੋਹੀ ਨਾਲ ਵੱਡੀ ਗਿਣਤੀ 'ਚ ਹੋਰ ਆਗੂ ਤੇ ਵਰਕਰ ਸਨ ਤੇ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਡੀ. ਜੀ. ਪੀ. ਪੰਜਾਬ ਤੋਂ ਮੰਗ ਕੀਤੀ ਕਿ ਨਿੰਦਰ ਸਿੰਘ ਪੁੱਤਰ ਸੁੱਚਾ ਸਿੰਘ ਪਿੰਡ ਦੀਪੇਵਾਲ ਨੂੰ ਇਨਸਾਫ ਦਿਵਾਇਆ ਜਾਵੇ ਤੇ ਪੁਲਸ ਦੀ ਵਧੀਕੀ ਰੋਕੀ ਜਾਵੇ। 
ਉਨ੍ਹਾਂ ਕਿਹਾ ਕਿ ਪੁਲਸ ਵਲੋਂ ਨਿੰਦਰ ਸਿੰਘ ਪਿੰਡ ਦੀਪੇਵਾਲ ਧਿਰ ਵਲੋਂ 20 ਫਰਵਰੀ 2017 ਨੂੰ ਥਾਣਾ ਸੁਲਤਾਨਪੁਰ ਲੋਧੀ ਵਿਖੇ ਦਰਜ ਕਰਵਾਏ ਧਾਰਾ 307 ਦੇ ਮੁਕੱਦਮੇ ਨੂੰ ਪੁਲਸ ਅਧਿਕਾਰੀਆਂ ਵਲੋਂ ਨਿੰਦਰ ਸਿੰਘ ਧਿਰ ਦੀ ਵਿਰੋਧੀ ਧਿਰ ਨਾਲ ਕਥਿਤ ਮਿਲੀਭੁਗਤ ਕਰਕੇ ਖਾਰਜ ਕਰ ਦਿੱਤਾ ਗਿਆ ਤੇ ਦਰਜ ਕਰਾਸ ਕੇਸ ਨੂੰ ਇਨਕੁਆਰੀ ਕਰਕੇ ਜਿਸ ਧਿਰ ਦੇ ਸੱਟਾਂ ਲੱਗੀਆਂ ਸਨ, ਉਸੇ ਨੂੰ ਹੀ ਦੋਸ਼ੀ ਬਣਾ ਕੇ ਪੂਰੀ ਤਰ੍ਹਾਂ ਧੱਕੇਸ਼ਾਹੀ ਕੀਤੀ ਗਈ ਹੈ। 
ਸਾਬਕਾ ਬਲਾਕ ਸੰਮਤੀ ਮੈਂਬਰ ਮਹਿੰਦਰਪਾਲ ਸਿੰਘ ਸੋਹੀ ਤੇ ਸਰਪੰਚ ਮਨਜੀਤ ਸਿੰਘ ਥਿੰਦ (ਮੁਹੱਬਲੀਪੁਰ), ਸ਼ੀਤਲ ਸਿੰਘ ਦੀਪੇਵਾਲ ਤੇ ਸੁੱਚਾ ਸਿੰਘ ਦੀਪੇਵਾਲ, ਰਣਜੀਤ ਸਿੰਘ ਮੁਹੱਬਲੀਪੁਰ ਆਦਿ ਨੇ ਦੋਸ਼ ਲਾਇਆ ਕਿ ਇੰਨੀ ਵੱਡੀ ਧੱਕੇਸ਼ਾਹੀ ਤਾਂ ਅਕਾਲੀਆਂ ਦੇ ਰਾਜ 'ਚ ਵੀ ਸਾਡੇ ਨਾਲ ਨਹੀਂ ਸੀ ਕਦੇ ਹੋਈ, ਜਿੰਨੀ ਪੁਲਸ ਵਲੋਂ ਹੁਣ ਕੀਤੀ ਗਈ ਹੈ। 
ਇਸ ਸਮੇਂ ਉਨ੍ਹਾਂ ਨਾਲ ਰੋਸ ਪ੍ਰਗਟ ਕਰਨ ਸਮੇਂ ਗੁਰਦੇਵ ਸਿੰਘ, ਸੁਖਦੇਵ ਸਿੰਘ, ਜਸਵੰਤ ਸਿੰਘ, ਬਲਕਾਰ ਸਿੰਘ, ਹਰਨੇਕ ਸਿੰਘ, ਰਣਜੀਤ ਸਿੰਘ, ਗਿਆਨ ਚੰਦ, ਪ੍ਰੀਤਮ ਸਿੰਘ, ਜਰਨੈਲ ਸਿੰਘ, ਗਿਆਨ ਸਿੰਘ, ਜਸਵੰਤ ਸਿੰਘ ਮੁਹੱਬਲੀਪੁਰ, ਮੁਖਤਾਰ ਸਿੰਘ, ਤਰਜਿੰਦਰ ਸਿੰਘ, ਬਲਵਿੰਦਰ ਸਿੰਘ, ਬਲਵੀਰ ਸਿੰਘ, ਸ਼ੀਤਲ ਸਿੰਘ, ਸੁੱਚਾ ਸਿੰਘ, ਪਿੰਦਰ ਸਿੰਘ, ਗੋਬਿੰਦਾ, ਗੁਰਜੀਤ ਸਿੰਘ, ਮੁਖਤਾਰ ਸਿੰਘ, ਕੁਲਬੀਰ ਸਿੰਘ, ਸੁੱਖਾ, ਸੰਤੋਖ ਸਿੰਘ, ਸ਼ੀਤਲ ਸਿੰਘ ਤੇ ਸੁੱਚਾ ਸਿੰਘ ਦੀਪੇਵਾਲ ਆਦਿ ਹਾਜ਼ਰ ਸਨ।
ਕੀ ਕਹਿੰਦੇ ਹਨ ਥਾਣਾ ਮੁਖੀ 
ਇਸ ਸਬੰਧੀ ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ., ਸਰਬਜੀਤ ਸਿੰਘ ਨੇ ਦੱਸਿਆ ਕਿ ਸੀਨੀਅਰ ਪੁਲਸ ਕਪਤਾਨ ਕਪੂਰਥਲਾ ਦੇ ਹੁਕਮਾਂ ਅਨੁਸਾਰ 21 ਮਾਰਚ 2017 ਨੂੰ ਇਸ ਕੇਸ ਦੀ ਜਾਂਚ ਲਈ ਸਪੈਸ਼ਲ ਜਾਂਚ ਟੀਮ ਗਠਿਤ ਕੀਤੀ ਗਈ ਸੀ, ਜਿਸ 'ਚ ਉਪ ਪੁਲਸ ਕਪਤਾਨ (ਜਾਂਚ) ਕਪੂਰਥਲਾ, ਉਪ ਪੁਲਸ ਕਪਤਾਨ ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਤੇ ਮੁਖ ਅਫਸਰ ਥਾਣਾ ਸੁਲਤਾਨਪੁਰ ਲੋਧੀ ਦੀ ਬਣਾਈ ਗਈ ਤਿੰਨ ਮੈਂਬਰੀ ਸਪੈਸ਼ਲ ਜਾਂਚ ਟੀਮ ਨੇ ਹਰ ਪਹਿਲੂ ਤੋਂ ਪੂਰੀ ਈਮਾਨਦਾਰੀ ਨਾਲ ਜਾਂਚ ਕੀਤੀ।
ਇੰਸਪੈਕਟਰ ਸਰਬਜੀਤ ਸਿੰਘ ਨੇ ਨਿੰਦਰ ਸਿੰਘ ਦੀਪੇਵਾਲ ਧਿਰ ਵਲੋਂ ਲਾਏ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦੇ ਹੋਏ ਕਿਹਾ ਕਿ ਪੁਲਸ ਨੇ ਕਿਸੇ ਨਾਲ ਕੋਈ ਬੇਇਨਸਾਫੀ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਇਸ ਕੇਸ 'ਚ ਰਣਜੀਤ ਸਿੰਘ ਉਰਫ ਨੀਟਾ ਪਿੰਡ ਜੈਨਪੁਰ ਨੇ ਦੱਸਿਆ ਕਿ ਉਨ੍ਹਾਂ ਦੀ ਨਿੰਦਰ ਸਿੰਘ ਦੀਪੇਵਾਲ ਨਾਲ ਦੀਪੇਵਾਲ ਕੋਆਪਰੇਟਿਵ ਸੁਸਾਇਟੀ 'ਚ ਅੱਧ-ਅੱਧ ਦੀ ਭਾਈਵਾਲੀ ਹੈ ਤੇ ਜਿਸਦੇ ਹਿਸਾਬ-ਕਿਤਾਬ ਦਾ ਨਿੰਦਰ ਸਿੰਘ ਨਾਲ ਝਗੜਾ ਚਲਦਾ ਹੈ। ਜਦਕਿ ਨਿੰਦਰ ਸਿੰਘ ਧਿਰ ਦਾ ਦੋਸ਼ ਹੈ ਕਿ ਉਨ੍ਹਾਂ ਨੀਟਾ ਨੂੰ ਉਧਾਰ ਪੈਸੇ ਦਿੱਤੇ ਸਨ, ਜੋ ਕਿ ਲੱਖਾਂ 'ਚ ਹਨ ਜਿਸ ਕਾਰਨ ਪੈਸੇ ਵਾਪਸ ਨਾ ਦੇਣ 'ਤੇ ਝਗੜਾ ਹੋਇਆ ਹੈ। ਐੱਸ. ਐੱਚ. ਓ. ਨੇ ਦੱਸਿਆ ਕਿ ਇਸ ਕੇਸ 'ਚ ਰਛਪਾਲ ਸਿੰਘ ਪਿੰਡ ਯੂਸਫਪੁਰ ਦਾਰੇਵਾਲ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਬਾਕੀਆਂ ਦੇ ਗ੍ਰਿਫਤਾਰੀ ਵਾਰੰਟ ਲਈ ਚਲਾਨ ਅਦਾਲਤ 'ਚ ਪੇਸ਼ ਕਰ ਦਿੱਤਾ ਹੈ।