ਥਾਣੇ ''ਚ ਮੁਨਸ਼ੀ ਨਾਲ ਬਦਸਲੂਕੀ ਕਰਨ ਦੇ ਮਾਮਲੇ ''ਚ ਕਾਂਗਰਸੀ ਨੇਤਾ ਨੂੰ 2 ਸਾਲ ਦੀ ਜੇਲ

02/03/2020 12:31:53 PM

ਫਗਵਾੜਾ (ਜਲੋਟਾ)— ਫਗਵਾੜਾ 'ਚ 6 ਅਪ੍ਰੈਲ 2015 ਦੀ ਦੇਰ ਰਾਤ ਨੂੰ ਹੋਏ ਬਹੁਚਰਚਿਤ ਪੁਲਸ ਥਾਣਾ ਸਤਨਾਮਪੁਰਾ ਦੇ ਮਾਮਲੇ 'ਚ ਅਦਾਲਤ ਦਾ ਫੈਸਲਾ ਆ ਗਿਆ ਹੈ। ਇਸ ਦੇ ਤਹਿਤ ਫਗਵਾੜਾ ਦੀ ਸਬ ਡਿਵੀਜ਼ਨਲ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਦੇ ਮਾਣਯੋਗ ਜੱਜ ਸੁਖਵਿੰਦਰ ਸਿੰਘ ਨੇ ਮਾਮਲੇ 'ਚ ਦੋਸ਼ੀ ਬਣਾਏ ਗਏ ਜ਼ਿਲਾ ਭਾਜਪਾ ਦੇ ਸਾਬਕਾ ਜਨਰਲ ਸਕੱਤਰ, ਸਾਬਕਾ ਭਾਜਪਾ ਕੌਂਸਲਰ ਅਤੇ ਮੌਜੂਦਾ ਕਾਂਗਰਸ ਪਾਰਟੀ ਦੇ ਨੇਤਾ ਗੁਰਦੀਪ ਦੀਪਾ ਨੂੰ ਧਾਰਾ 353, 332, 186, 506 ਆਈ. ਪੀ. ਸੀ. ਤਹਿਤ ਦੋਸ਼ੀ ਕਰਾਰ ਦਿੰਦੇ ਹੋਏ 2 ਸਾਲ ਦੀ ਜੇਲ ਦੇ ਨਾਲ ਇਕ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਨਾ ਭਰਨ ਦੀ ਸੂਰਤ 'ਚ 1 ਮਹੀਨੇ ਦੀ ਵਾਧੂ ਜੇਲ ਦੀ ਸਜ਼ਾ ਭੁਗਤਣ ਦੇ ਹੁਕਮ ਜਾਰੀ ਕੀਤੇ ਹਨ।

ਦੱਸ ਦੇਈਏ ਕਿ ਉਕਤ ਬਹੁਚਰਚਿਤ ਪੁਲਸ ਥਾਣਾ ਸਤਨਾਮਪੁਰਾ 'ਚ ਜ਼ਿਲਾ ਕਪੂਰਥਲਾ ਦੇ ਐੱਸ. ਐੱਸ. ਪੀ. ਦੇ ਹੁਕਮਾਂ 'ਤੇ ਪੁਲਸ ਨੇ 2015 'ਚ ਜ਼ਿਲਾ ਕਪੂਰਥਲਾ ਭਾਜਪਾ ਦੇ ਜਨਰਲ ਸਕੱਤਰ ਦੇ ਅਹੁਦੇ 'ਤੇ ਬਿਰਾਜਮਾਨ ਰਹੇ ਗੁਰਦੀਪ ਦੀਪਾ 'ਤੇ ਧਾਰਾ 353, 186, 332, 506 ਆਈ. ਪੀ. ਸੀ. ਦੇ ਤਹਿਤ ਪੁਲਸ ਥਾਣਾ ਸਤਨਾਮਪੁਰਾ 'ਚ ਕੇਸ ਦਰਜ ਕੀਤਾ ਸੀ। ਦਰਜ ਕੀਤੇ ਗਏ ਪੁਲਸ ਕੇਸ 'ਚ ਦੋਸ਼ੀ ਭਾਜਪਾ ਨੇਤਾ ਗੁਰਦੀਪ ਦੀਪਾ 'ਤੇ ਦੋਸ਼ ਰਿਹਾ ਹੈ ਕਿ ਉਸ ਨੇ ਪੁਲਸ ਥਾਣਾ ਸਤਨਾਮਪੁਰਾ 'ਚ ਦਾਖਲ ਹੋ ਕੇ ਉਸ ਸਮੇਂ ਤਾਇਨਾਤ ਰਹੇ ਥਾਣੇ ਦੇ ਮੁਨਸ਼ੀ ਪ੍ਰਦੀਪ ਕੁਮਾਰ ਦੇ ਨਾਲ ਪਹਿਲਾਂ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਉਪਰੰਤ ਉਸ ਦੀ ਵਰਦੀ ਵੀ ਪਾੜ ਦਿੱਤੀ। ਇਸ ਦੌਰਾਨ ਦੋਸ਼ੀ ਗੁਰਦੀਪ ਦੀਪਾ ਨੇ ਮੁਨਸ਼ੀ ਪ੍ਰਦੀਪ ਕੁਮਾਰ ਨਾਲ ਥਾਣੇ ਦੇ ਅੰਦਰ ਧੱਕਾ-ਮੁੱਕੀ ਵੀ ਕੀਤੀ, ਜਿਸ ਨਾਲ ਉਸ ਨੂੰ ਸੱਟਾਂ ਵੀ ਲੱਗੀਆਂ। ਇਸ ਤੋਂ ਇਲਾਵਾ ਪੁਲਸ ਨੇ ਇਸ ਗੱਲ ਦਾ ਵੀ ਦਾ ਖੁਲਾਸਾ ਕੀਤਾ ਸੀ ਕਿ ਦੋਸ਼ੀ ਗੁਰਦੀਪ ਦੀਪਾ ਨੇ ਥਾਣੇ 'ਚ ਮੌਜੂਦ ਹੋਰਨਾਂ ਪੁਲਸ ਕਰਮਚਾਰੀਆਂ ਦੇ ਨਾਲ ਵੀ ਮਾੜਾ ਵਿਵਹਾਰ ਕੀਤਾ ਸੀ।

ਮੈਂ ਬੇਕਸੂਰ ਹਾਂ, ਅਦਾਲਤ ਦੇ ਫੈਸਲੇ ਨੂੰ ਲੈ ਕੇ ਉਪਰਲੀ ਅਦਾਲਤ 'ਚ ਕਰਾਂਗਾ ਅਪੀਲ : ਗੁਰਦੀਪ ਦੀਪਾ
ਮਾਮਲੇ ਨੂੰ ਲੈ ਕੇ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਗਏ ਸਾਬਕਾ ਭਾਜਪਾ ਕੌਂਸਲਰ ਦੋਸ਼ੀ ਗੁਰਦੀਪ ਦੀਪਾ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਨਾਲ ਨਿਰਦੋਸ਼ ਹੈ ਅਤੇ ਨਿਆਂ ਪ੍ਰਾਪਤ ਕਰਨ ਲਈ ਉਹ ਉਕਤ ਫੈਸਲੇ ਨੂੰ ਲੈ ਕੇ ਉਪਰਲੀ ਅਦਾਲਤ (ਸੈਸ਼ਨ ਕੋਰਟ) 'ਚ ਅਪੀਲ ਕਰਨ ਜਾ ਰਹੇ ਹਨ।

ਸਾਬਕਾ ਭਾਜਪਾ ਮੰਤਰੀ ਦੇ ਬੇਹੱਦ ਕਰੀਬੀ ਰਿਹਾ ਗੁਰਦੀਪ ਦੀਪਾ
ਸਿਆਸੀ ਤੌਰ 'ਤੇ ਸਾਬਕਾ ਕੌਂਸਲਰ ਗੁਰਦੀਪ ਦੀਪਾ ਮੋਦੀ ਸਰਕਾਰ 'ਚ ਇਕ ਸਾਬਕਾ ਭਾਜਪਾ ਮੰਤਰੀ ਦੇ ਬੇਹੱਦ ਕਰੀਬ ਰਿਹਾ ਹੈ। ਬੀਤੇ ਕੁਝ ਸਾਲਾਂ 'ਚ ਗੁਰਦੀਪ ਦੀਪਾ ਦਾ ਉਕਤ ਮੰਤਰੀ ਦੇ ਨਾਲ ਸਿਆਸੀ ਤੌਰ 'ਤੇ ਬੇਹੱਦ ਡੂੰਘਾ ਰਿਸ਼ਤਾ ਰਿਹਾ ਹੈ ਪਰ ਇਸ ਦੇ ਕੁਝ ਸਮੇਂ ਬਾਅਦ ਗੁਰਦੀਪ ਦੀਪਾ ਨੇ ਭਾਜਪਾ ਨੂੰ ਅਲਵਿਦਾ ਕਹਿ ਦਿੱਤਾ ਅਤੇ ਕਾਂਗਰਸ ਪਾਰਟੀ ਦਾ ਹੱਥ ਫੜ ਲਿਆ। ਮੌਜੂਦਾ 'ਚ ਗੁਰਦੀਪ ਦੀਪਾ ਕਾਂਗਰਸ ਪਾਰਟੀ ਦਾ ਨੇਤਾ ਹੈ ਅਤੇ ਉਸ ਦੇ ਸੱਤਾਸੁੱਖ ਭੋਗ ਰਹੀ ਕਾਂਗਰਸ ਪਾਰਟੀ ਦੇ ਕਈ ਸੀਨੀਅਰ ਨੇਤਾਵਾਂ ਨਾਲ ਬੇਹੱਦ ਕਰੀਬੀ ਸੰਬੰਧ ਹਨ।

ਉਕਤ ਮਾਮਲੇ 'ਚ ਐੱਸ. ਐੱਸ. ਪੀ. ਕਪੂਰਥਲਾ ਨੇ ਐੱਸ. ਐੱਚ. ਓ. ਅਤੇ 2 ਪੁਲਸ ਕਰਮਚਾਰੀਆਂ ਨੂੰ ਕੀਤਾ ਸੀ ਸਸਪੈਂਡ
ਉਕਤ ਮਾਮਲੇ ਨੂੰ ਲੈ ਕੇ ਐੱਸ. ਐੱਸ. ਪੀ. ਕਪੂਰਥਲਾ ਰਹੇ ਆਸ਼ੀਸ਼ ਚੌਧਰੀ ਵੱਲੋਂ ਵਿਵਾਦ 'ਚ ਸ਼ਾਮਲ ਰਹੇ ਪੁਲਸ ਥਾਣਾ ਸਤਨਾਮਪੁਰਾ ਦਾ ਐੱਸ. ਐੱਚ. ਓ. ਜੋਗਿੰਦਰ ਅਤੇ ਥਾਣੇ ਦੇ ਅੰਦਰ ਸ਼ਰਾਬ ਪੀਣ ਦੇ ਦੋਸ਼ 'ਚ 2 ਪੁਲਸ ਕਰਮਚਾਰੀ ਕਾਂਸਟੇਬਲ ਹਰਭਜਨ ਅਤੇ ਹੈੱਡ ਕਾਂਸਟੇਬਲ ਸਵਰਣ ਨੂੰ ਤੁਰੰਤ ਰੂਪ ਨਾਲ ਸਸਪੈਂਡ ਕਰ ਦਿੱਤਾ ਗਿਆ ਸੀ।