ਕਾਂਗਰਸੀਆਂ ਨੂੰ ‘ਜੱਟ ਸਿੱਖ’ ਵੋਟ ਖਿਸਕਣ ਦੀ ਚਿੰਤਾ

09/21/2021 6:36:22 PM

ਪਟਿਆਲਾ (ਰਾਜੇਸ਼ ਪੰਜੌਲਾ) : ਕਾਂਗਰਸ ਹਾਈਕਮਾਂਡ ਨੇ ਦਲਿਤ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਵੱਡਾ ਮਾਸਟਰ ਸਟਰੋਕ ਮਾਰਿਆ ਹੈ ਅਤੇ ਇਸ ਨੂੰ ਵੱਡੇ ਪੱਧਰ ’ਤੇ ਪ੍ਰਚਾਰਿਤ ਵੀ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਪੰਜਾਬ ਦੇ ਟਕਸਾਲੀ ਕਾਂਗਰਸੀਆਂ ਨੂੰ ਚਿੰਤਾ ਸਤਾ ਰਹੀ ਹੈ ਕਿ ਕਿਤੇ ਪੰਜਾਬ ਦੇ ਜੱਟ ਵੋਟਰ ਕਾਂਗਰਸ ਤੋਂ ਨਾ ਖਿਸਕ ਜਾਵੇ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਦਾ ਸਿੱਧਾ ਲਾਭ ਅਕਾਲੀ ਦਲ ਨੂੰ ਮਿਲਣ ਦੀ ਸੰਭਾਵਨਾ ਹੈ ਕਿਉਂਕਿ ਜੱਟ ਵੋਟ ਬੈਂਕ ਰਿਵਾਇਤੀ ਤੌਰ ’ਤੇ ਅਕਾਲੀ ਦਲ ਵੱਲ ਹੀ ਭੁਗਤਦਾ ਹੈ। ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੀ ਵਾਗਡੌਰ ਸੰਭਾਲੀ ਸੀ, ਜੱਟ ਵੋਟ ਬੈਂਕ ਦਾ ਇਕ ਵੱਡਾ ਹਿੱਸਾ ਕਾਂਗਰਸ ਵੱਲ ਆ ਗਿਆ ਸੀ। ਸਾਲ 2002 ’ਚ ਕੈਪਟਨ ਅਮਰਿੰਦਰ ਸਿੰਘ ਨੇ ਪਾਣੀਆਂ ਦੇ ਸਮਝੌਤੇ ਰੱਦ ਕਰਕੇ ਅਤੇ ਆਪਣੀ ਸਰਕਾਰ ਸਮੇਂ ਫਸਲਾਂ ਦੀ ਸਫਲ ਖਰੀਦ ਕਰਕੇ ਕਿਸਾਨੀ ਨਾਲ ਸਬੰਧ ਰੱਖਣ ਵਾਲੇ ਜੱਟਾਂ ਨੂੰ ਕਾਂਗਰਸ ਪਾਰਟੀ ਨਾਲ ਜੋੜ ਲਿਆ ਸੀ। ਇਹੀ ਕਾਰਨ ਹੈ ਕਿ 2002 ਤੋਂ ਲੈ ਕੇ 2017 ਤੱਕ ਜੱਟ ਵੋਟ ਬੈਂਕ ਦਾ ਇਕ ਵੱਡਾ ਹਿੱਸਾ ਕਾਂਗਰਸ ਵੱਲ ਭੁਗਤਦਾ ਰਿਹਾ।

ਇਹ ਵੀ ਪੜ੍ਹੋ : ਕਾਂਗਰਸੀਆਂ ਨੇ ਕੀਤਾ ਹਿੰਦੂ ਚਿਹਰੇ ਨੂੰ ਮੁੱਖ ਮੰਤਰੀ ਬਣਾਉਣ ਦਾ ਵਿਰੋਧ, ਜਥੇਦਾਰ ਨੇ ਕੀਤਾ ਸੀ ਸੁਆਗਤ

ਭਾਜਪਾ ਨੇ ਪੰਜਾਬ ਦੇ 35 ਫੀਸਦੀ ਦਲਿਤ ਵੋਟ ਬੈਂਕ ’ਤੇ ਅੱਖ ਰੱਖ ਕੇ ਐਲਾਨ ਕੀਤਾ ਸੀ ਕਿ ਪੰਜਾਬ ’ਚ ਭਾਜਪਾ ਦਲਿਤ ਨੂੰ ਸੀ. ਐੱਮ. ਬਣਾ ਸਕਦੀ ਹੈ, ਜਿਸ ਤੋਂ ਬਾਅਦ ਅਕਾਲੀ ਦਲ ਨੇ ਵੀ ਡਿਪਟੀ ਸੀ. ਐੱਮ. ਦਲਿਤ ਨੂੰ ਬਣਾਉਣ ਦਾ ਵਾਅਦਾ ਕਰ ਦਿੱਤਾ। ਅਜਿਹੇ ’ਚ ਕਾਂਗਰਸ ਨੇ ਚਰਨਜੀਤ ਚੰਨੀ ਨੂੰ ਸੀ. ਐੱਮ. ਬਣਾ ਕੇ ਵਿਰੋਧੀ ਪਾਰਟੀਆਂ ਤੋਂ ਦਲਿਤਾਂ ਵਾਲਾ ਮੁੱਦਾ ਖੋਹ ਲਿਆ ਹੈ ਪਰ ਕਾਂਗਰਸੀਆਂ ਅਤੇ ਪੰਜਾਬ ਦੇ ਰਾਜਨੀਤਕ ਮਾਹਿਰਾਂ ਦਾ ਮੰਨਣਾ ਹੈ ਕਿ ਕਾਂਗਰਸ ਨੂੰ ਇਹ ਦਾਅ ਪੁੱਠਾ ਵੀ ਪੈ ਸਕਦਾ ਹੈ।

ਇਹ ਵੀ ਪੜ੍ਹੋ : ਨਵੇਂ ਮੁੱਖ ਮੰਤਰੀ ਦੇ ਪਹਿਲੇ ਹੁਕਮ ਹੀ ਅੱਖੋਂ-ਪਰੋਖੇ, ਤੈਅ ਸਮੇਂ ਤੋਂ ਲੇਟ ਪਹੁੰਚੇ ਜਲੰਧਰ ਦੇ ਅਫਸਰ ਤੇ ਮੁਲਾਜ਼ਮ

ਕੈਪਟਨ ਅਮਰਿੰਦਰ ਸਿੰਘ ਕਾਰਨ ਜਿਹੜਾ ਜੱਟ ਵੋਟ ਬੈਂਕ ਕਾਂਗਰਸ ਪਾਰਟੀ ਵੱਲ ਆ ਗਿਆ ਸੀ, ਉਹ ਹੁਣ ਖਿਸਕ ਸਕਦਾ ਹੈ ਕਿਉਂਕਿ ਪੰਜਾਬ ਦੀ ਮੁੱਖ ਮੰਤਰੀ ਦੀ ਕੁਰਸੀ ’ਤੇ ਜੱਟ ਸਿੱਖ ਭਾਈਚਾਰਾ ਆਪਣਾ ਅਧਿਕਾਰ ਸਮਝਦਾ ਹੈ। ਇਹੀ ਕਾਰਨ ਹੈ ਕਿ ਪੰਜਾਬ ਦੇ ਪੁਨਰਗਠਨ ਤੋਂ ਬਾਅਦ ਜ਼ਿਆਦਾਤਰ ਮੁੱਖ ਮੰਤਰੀ ਜੱਟ ਸਿੱਖ ਹੀ ਰਹੇ ਹਨ। ਕਈ ਜੱਟ ਸਿੱਖ ਪਰਿਵਾਰਾਂ ਨਾਲ ਗੱਲ ਕਰਨ ’ਤੇ ਇਹ ਗੱਲ ਸਾਹਮਣੇ ਆਈ ਕਿ ਪੰਜਾਬ ਦਾ ਜੱਟ ਵੋਟਰ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ। ਪੰਜਾਬ ਦਾ ਜੱਟ ਸਿੱਖ ਕਿਸਾਨੀ ਨਾਲ ਜੁੜਿਆ ਹੋਇਆ ਹੈ। ਇਸ ਤਰ੍ਹਾਂ ਜੱਟ ਸਿੱਖ ਨੂੰ ਮੁੱਖ ਮੰਤਰੀ ਲਾ ਕੇ ਇਹ ਸੰਦੇਸ਼ ਦਿੱਤਾ ਜਾਂਦਾ ਸੀ ਕਿ ਖੇਤੀਬਾੜੀ ਸੂਬੇ ਪੰਜਾਬ ਦੀ ਵਾਗਡੋਰ ਇਕ ਕਿਸਾਨ ਦੇ ਹੱਥ ਵਿਚ ਹੈ। ਬੇਸ਼ੱਕ ਮੁੱਖ ਮੰਤਰੀ ਬਣਨ ਵਾਲਾ ਜੱਟ ਖੇਤੀ ਕਰਦਾ ਹੋਵੇ ਜਾਂ ਨਾ ਕਰਦਾ ਹੋਵੇ ਪਰ ਜੱਟਾਂ ਦਾ ਸਿੱਧਾ ਸਬੰਧ ਕਿਸਾਨੀ ਨਾਲ ਹੀ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਦੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਦੇ ਸਨ ਤਾਂ ਉਹ ਆਪਣਾ ਪ੍ਰੋਫੈਸ਼ਨ ਖੇਤੀਬਾੜੀ ਹੀ ਲਿਖਦੇ ਸਨ। ਜਦਕਿ ਨਵੇਂ ਬਣਾਏ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪ੍ਰਾਪਰਟੀ ਕਾਰੋਬਾਰੀ ਹਨ ਅਤੇ ਸ਼ਹਿਰੀ ਰਾਜਨੀਤੀ ਨਾਲ ਸਬੰਧਤ ਹਨ।

ਇਹ ਵੀ ਪੜ੍ਹੋ : ਮੁੱਖ ਮੰਤਰੀ ਬਣਨ ਤੋਂ ਬਾਅਦ ਐਕਸ਼ਨ ਮੋਡ ’ਚ ਚਰਨਜੀਤ ਚੰਨੀ, ਚੁੱਕਿਆ ਇਕ ਹੋਰ ਵੱਡਾ ਕਦਮ

Gurminder Singh

This news is Content Editor Gurminder Singh