ਨਗਰ ਕੌਂਸਲ ਦਾ ਪ੍ਰਧਾਨ ਬਣਾਉਣਾ ਕਾਂਗਰਸ ਲਈ ਬਣਿਆ ਗਲੇ ਦੀ ਹੱਡੀ!

03/28/2021 9:17:31 PM

ਜਗਰਾਓਂ (ਮਾਲਵਾ)-ਸਥਾਨਕ ਨਗਰ ਕੌਂਸਲ ਚੋਣਾਂ ਨੂੰ ਬੀਤਿਆਂ ਭਾਵੇਂ ਤਕਰੀਬਨ ਡੇਢ ਮਹੀਨਾ ਹੋ ਚੁੱਕਾ ਹੈ ਪਰ ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਸੂਬਾ ਸਰਕਾਰ ਪੂਰੀ ਤਰ੍ਹਾਂ ਸੁੱਤੀ ਹੋਈ ਜਾਪਦੀ ਹੈ। ਦੱਸਣਯੋਗ ਹੈ ਕਿ ਨਗਰ ਕੌਂਸਲ ਜਗਰਾਓਂ ਦੀਆਂ ਚੋਣਾਂ ਬੀਤੀ 14 ਫਰਵਰੀ ਨੂੰ ਹੋਈਆਂ ਅਤੇ ਨਤੀਜੇ 17 ਫਰਵਰੀ ਨੂੰ ਆਏ ਸਨ, ਜਿਸ ’ਚ ਸੱਤਾਧਾਰੀ ਪਾਰਟੀ ਕਾਂਗਰਸ ਦੇ ਬਹੁਮਤ ਹਾਸਲ ਕਰਦਿਆਂ 17 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ। 

ਇਹ ਵੀ ਪੜ੍ਹੋ-ਰੇਲਵੇ ਦਾ ਯਾਤਰੀਆਂ ਲਈ ਵੱਡਾ ਐਲਾਨ, ਅਪ੍ਰੈਲ ਮਹੀਨੇ ਤੋਂ ਇਨ੍ਹਾਂ ਰੂਟਾਂ 'ਤੇ ਚੱਲ ਸਕਦੀਆਂ ਹਨ ਟਰੇਨਾਂ

ਕਾਂਗਰਸ ਦੇ ਨਗਰ ਕੌਂਸਲ ਚੋਣਾਂ ’ਤੇ ਹੋਈ ਜਿੱਤ ਤੋਂ ਬਾਅਦ ਕਾਂਗਰਸ ਦਾ ਨਗਰ ਕੌਂਸਲ ਪ੍ਰਧਾਨ ਬਣਨ ਨੂੰ ਲੈ ਕੇ ਤੇਜ਼ੀ ਨਾਲ ਸ਼ਹਿਰ ’ਚ ਕਈ ਤਰ੍ਹਾਂ ਦੀਆਂ ਕਿਆਸ ਅਰਾਈਆਂ ਸ਼ੁਰੂ ਹੋ ਗਈਆਂ ਸਨ, ਜਿਸ ਤੋਂ ਜਾਪਦਾ ਸੀ ਕਿ ਜਲਦ ਹੀ ਕਾਂਗਰਸ ਆਪਣੀ ਪਾਰਟੀ ਦਾ ਕੋਈ ਪ੍ਰਧਾਨ ਬਣਾ ਕੇ 2022 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦੇਵੇਗੀ ਪਰ ਅੱਜ ਤਕਰੀਬਨ ਡੇਢ ਮਹੀਨਾ ਬੀਤ ਜਾਣ ਪਿੱਛੋਂ ਵੀ ਨਗਰ ਕੌਂਸਲ ’ਚ ਕਿਸੇ ਵੀ ਤਰ੍ਹਾਂ ਦੀ ਹਿਲਜੁੱਲ ਨਜ਼ਰ ਨਹੀਂ ਆ ਰਹੀ।

ਇਹ ਵੀ ਪੜ੍ਹੋ-ਕਾਂਗਰਸੀ ਵਿਧਾਇਕ ਤੋਂ ਸਵਾਲ ਪੁੱਛਣ 'ਤੇ ਸਥਿਤੀ ਤਣਾਅਪੂਰਨ, ਛਾਉਣੀ ’ਚ ਤਬਦੀਲ ਹੋਇਆ ਪਿੰਡ

ਭਾਵੇਂ ਕਿ ਪਹਿਲਾਂ ਸੱਤਾਧਾਰੀ ਧਿਰ ਦੇ ਸਥਾਨਕ ਆਗੂਆਂ ਵਲੋਂ ਸੰਸਦ ਬਜਟ ਦੇ ਚਲਦਿਆਂ ਇਸ ਦੀ ਜ਼ਿੰਮੇਵਾਰੀ ਸੂਬਾ ਸਰਕਾਰ ’ਤੇ ਸੁੱਟ ਦਿੱਤੀ ਗਈ ਸੀ ਅਤੇ ਕਿਹਾ ਜਾ ਰਿਹਾ ਸੀ ਕਿ ਇਸ ਦਾ ਫੈਸਲਾ ਜੋ ਮੰਤਰੀਆਂ ਵਲੋਂ ਕੀਤਾ ਜਾਵੇਗਾ, ਉਹੀ ਮਨਜ਼ੂਰ ਹੋਵੇਗਾ ਪਰ ਹੁਣ ਫਿਰ ਤੋਂ ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲਮਕਾਉਣਾ ਆਮ ਜਨਤਾ ਦੇ ਗਲੇ ਤੋਂ ਉਤਰ ਨਹੀਂ ਰਿਹਾ। ਇਕ ਤਾਂ ਪਹਿਲਾਂ ਹੀ ਨਗਰ ਕੌਂਸਲ ਦੀਆਂ ਚੋਣਾਂ ਬਹੁਤ ਲੰਬੇ ਸਮੇਂ ਤੋਂ ਬਾਅਦ ਹੋਈਆਂ ਹਨ, ਜਿਸ ਕਰ ਕੇ ਨਗਰ ਕੌਂਸਲ ਬਿਨਾਂ ਕਿਸੇ ਪ੍ਰਧਾਨਗੀ ਅਹੁਦੇ ਤੋਂ ਲੰਬੇ ਸਮੇਂ ਚੱਲੀ ਆ ਰਹੀ ਹੈ।

ਇਹ ਵੀ ਪੜ੍ਹੋ : ਪਲਾਂ ’ਚ ਉਜੜਿਆ ਹੱਸਦਾ-ਵੱਸਦਾ ਪਰਿਵਾਰ, ਦੋ ਸਕੇ ਭਰਾਵਾਂ ਦੀ ਮੌਤ ਨਾਲ ਘਰ ’ਚ ਪੈ ਗਿਆ ਚੀਕ-ਚਿਹਾੜਾ 

ਦੂਸਰਾ ਹੁਣ ਚੋਣਾਂ ਹੋ ਜਾਣ ਤੋਂ ਬਾਅਦ ਸੱਤਾਧਾਰੀ ਪਾਰਟੀ ਦੀ ਪੂਰੀ ਤਰ੍ਹਾਂ ਜਿੱਤ ਤੋਂ ਬਾਅਦ ਵੀ ਨਗਰ ਕੌਂਸਲ ਦਾ ਪ੍ਰਧਾਨ ਨਾ ਬਣਾਏ ਜਾਣ ਤੋਂ ਜਾਪਦਾ ਹੈ ਕਿ ਜਗਰਾਓਂ ਦੀ ਪ੍ਰਧਾਨਗੀ ਨੂੰ ਲੈ ਕੇ ਸੱਤਾਧਾਰੀ ਪਾਰਟੀ ਪੂਰੀ ਤਰ੍ਹਾਂ ਸ਼ਸ਼ੋਪੰਜ ’ਚ ਫਸੀ ਹੋਈ ਹੈ ਅਤੇ ਉਹ ਪ੍ਰਧਾਨਗੀ ਨੂੰ ਲੈ ਕੇ ਕੋਈ ਵੱਡਾ ਰਿਸਕ ਨਹੀਂ ਲੈਣਾ ਚਾਹੁੰਦੀ ਹੈ, ਜੋ ਕਿ 2022 ਦੀਆਂ ਚੋਣਾਂ ਦੌਰਾਨ ਪਾਰਟੀ ਦੀ ਗਲੇ ਦੀ ਹੱਡੀ ਸਾਬਤ ਹੋ ਸਕਦਾ ਹੈ। ਲੋਕਾਂ ’ਚ ਇਸ ਗੱਲ ਦੀ ਵੀ ਖੂਬ ਚਰਚਾ ਚੱਲ ਰਹੀ ਹੈ ਕਿ ਜਗਰਾਓਂ ਦੀ ਕਾਂਗਰਸ ਪਾਰਟੀ ਸ਼ਹਿਰ 'ਚ 3 ਧੜਿਆਂ ’ਚ ਵੰਡੀ ਹੋਣ ਕਰ ਕੇ ਨਗਰ ਕੌਂਸਲ ਦਾ ਪ੍ਰਧਾਨ ਬਣਾਏ ਜਾਣ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੇਸ਼ ਆ ਰਹੀਆਂ ਹਨ।

ਕੋਈ ਪਤਾ ਨਹੀਂ ਕਦੋਂ ਬਣੇਗਾ ਨਗਰ ਕੌਂਸਲ ਦਾ ਪ੍ਰਧਾਨ : ਦਾਖਾ
ਇਸ ਸਬੰਧੀ ਜ਼ਿਲਾ ਯੋਜਨਾ ਬੋਰਡ ਲੁਧਿਆਣਾ ਦੇ ਚੇਅਰਮੈਨ ਤੇ ਹਲਕਾ ਇੰਚਾਰਜ ਮਲਕੀਤ ਸਿੰਘ ਦਾਖਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਅਜੇ ਕੋਈ ਪਤਾ ਨਹੀਂ ਨਗਰ ਕੌਂਸਲ ਦਾ ਪ੍ਰਧਾਨ ਕਦੋਂ ਬਣਾਇਆ ਜਾਵੇਗਾ। ਸੂਬਾ ਸਰਕਾਰ ਵਲੋਂ ਪਹਿਲਾਂ ਨੋਟੀਫਿਕੇਸ਼ਨ ਕੀਤਾ ਜਾਵੇਗਾ ਕਿ ਜਗਰਾਓਂ ਨਗਰ ਕੌਂਸਲ ਦਾ ਪ੍ਰਧਾਨ ਰਿਜ਼ਰਵ ਹੈ ਜਾਂ ਜਨਰਲ, ਤੋਂ ਬਾਅਦ ਹੀ ਕੋਈ ਫੈਸਲਾ ਕੀਤਾ ਜਾਵੇਗਾ। ਇਹ ਮਸਲਾ ਇਕੱਲੇ ਜਗਰਾਓਂ ਦਾ ਨਹੀਂ ਪੂਰੇ ਪੰਜਾਬ ਦਾ ਹੀ ਹੈ।

Sunny Mehra

This news is Content Editor Sunny Mehra