ਫਤਿਹਜੰਗ ਦਾ ਵੱਡਾ ਬਿਆਨ, ਪ੍ਰਤਾਪ ਬਾਜਵਾ ਜਾਖੜ ਲਈ ਕਰਨਗੇ ਚੋਣ ਪ੍ਰਚਾਰ (ਵੀਡੀਓ)

09/24/2017 3:12:50 PM

ਗੁਰਦਾਸਪੁਰ(ਰਮਨਦੀਪ ਸਿੰਘ ਸੋਢੀ) — ਗੁਰਦਾਸਪੁਰ ਜ਼ਿਮਨੀ ਚੋਣ ਨੂੰ ਲੈ ਕੇ ਅੱਜ ਸੁਨੀਲ ਜਾਖੜ ਪ੍ਰਤਾਪ ਬਾਜਵਾ ਦੇ ਘਰ ਜਾ ਰਹੇ ਹਨ। ਸ਼ੁੱਕਰਵਾਰ ਨੂੰ ਹੋਈ ਰੈਲੀ ਨੂੰ ਲੈ ਕੇ ਪ੍ਰਤਾਪ ਬਾਜਵਾ ਦੇ ਰੈਲੀ 'ਚ ਸ਼ਾਮਲ ਨਾ ਹੋਣ 'ਤੇ ਉੱਠ ਰਹੇ ਸਵਾਲਾਂ ਨੂੰ ਲੈ ਕੇ ਫਤਿਹਜੰਗ ਬਾਜਵਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵੱਡਾ ਬਿਆਨ ਦਿੱਤਾ। ਉਨ੍ਹਾਂ ਨੇ ਪ੍ਰਤਾਪ ਬਾਜਵਾ 'ਤੇ ਟਿਕਟ ਨਾ ਮਿਲਣ ਕਰਕੇ ਜਤਾਏ ਜਾ ਰਹੇ ਰੋਸ ਉਤੇ ਵਿਰਾਮ ਲਗਾਉਂਦਿਆਂ ਕਿਹਾ ਕਿ ਪ੍ਰਤਾਪ ਬਾਜਵਾ 25 ਸਤੰਬਰ ਤੋਂ ਸੁਨੀਲ ਜਾਖੜ ਦੇ ਹੱਕ 'ਚ ਚੋਣ ਪ੍ਰਚਾਰ ਕਰਨਗੇ। ਉਨ੍ਹਾਂ ਨੇ ਕਿਹਾ ਕਿ ਬਾਜਵਾ ਪਰਿਵਾਰ ਡੀਲ ਵਾਲੀ ਸਿਆਸਤ ਨਹੀਂ ਕਰਦੇ। ਮੈਨੂੰ ਉਮੀਦ ਹੈ ਕਿ ਪ੍ਰਤਾਪ ਵੀ ਪਾਰਟੀ ਨਾਲ ਕੋਈ ਡੀਲ ਨਹੀਂ ਕਰਨਗੇ। ਉਨ੍ਹਾਂ ਨੇ ਕਿਹਾ ਕਿ ਮੇਰੀ ਫੋਨ 'ਤੇ ਪ੍ਰਤਾਪ ਬਾਜਵਾ ਨਾਲ ਰਾਤੀ ਗੱਲ ਵੀ ਹੋਈ ਸੀ, ਪ੍ਰਤਾਪ ਨੇ ਦੱਸਿਆ ਕਿ ਉਨ੍ਹਾਂ ਦੀ ਆਸ਼ਾ ਕੁਮਾਰੀ ਨਾਲ ਗੱਲ ਹੋ ਚੁੱਕੀ ਹੈ ਫਿਲਹਾਲ ਉਹ ਕਿਸੇ ਕੰਮ ਕਰਕੇ ਰੈਲੀ 'ਚ ਨਹੀਂ ਆ ਸਕਦੇ ਪਰ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਹ ਪੰਜਾਬ ਵਾਪਸ ਆਉਣਗੇ ਅਤੇ ਚੋਣ ਪ੍ਰਚਾਰ ਕਰਨਗੇ। 
ਸੋਸ਼ਲ ਮੀਡੀਆ 'ਤੇ ਉੱਠ ਰਹੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਫਤਿਹਜੰਗ ਨੇ ਕਿਹਾ ਕਿ ਪ੍ਰਤਾਪ ਦੀ ਮਰਜ਼ੀ ਨਾਲ ਹੀ ਜਾਖੜ ਉਨ੍ਹਾਂ ਦੇ ਘਰ ਆ ਰਹੇ ਹਨ। ਉਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਸਿਆਸਤ ਦੇ ਕਾਰਨ ਦੋਵੇਂ ਭਰਾਵਾਂ 'ਚ ਕੋਈ ਫੁੱਟ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਤਾਪ ਮੇਰਾ ਵੱਡਾ ਵੀਰ ਹੈ ਅਤੇ ਮੈਂ ਉਨ੍ਹਾਂ ਦੀ ਇੱਜ਼ਤ ਕਰਦਾ ਹਾਂ ਅਤੇ ਸਿਆਸਤ ਸਾਨੂੰ ਵੱਖ ਨਹੀਂ ਕਰ ਸਕਦੀ। ਉਨ੍ਹਾਂ ਨੇ ਭਾਵੁਕ ਹੁੰਦੇ ਕਿਹਾ ਕਿ ਇਹੋ ਜਿਹੀ ਐੱਮ. ਐੱਲ. ਏ. ਦੀ ਸੀਟ ਨੂੰ ਮੈਂ ਹਜ਼ਾਰ ਵਾਰ ਆਪਣੇ ਵੀਰ ਤੋਂ ਵਾਰ ਕੇ ਸੁੱਟ ਦਿਆਂ।