ਖੇਤੀਬਾੜੀ ਵਿਭਾਗ ਦੀਆਂ ਖਾਲੀ ਅਸਾਮੀਆਂ ਨਾ ਭਰ ਕੇ ਪੰਜਾਬ ਦੀ ਖੇਤੀ ਨੂੰ ਖ਼ਤਮ ਕਰਨ ’ਤੇ ਤੁਲੀ ਕਾਂਗਰਸ ਸਰਕਾਰ: ਸੰਧਵਾਂ

11/15/2021 8:30:40 PM

ਚੰਡੀਗੜ੍ਹ- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਦੀ ਖੇਤੀਬਾੜੀ ’ਤੇ ਗਹਿਰਾਏ ਸੰਕਟ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਇਸ ਦੇ ਲਈ ਕਾਂਗਰਸ ਪਾਰਟੀ ਅਤੇ ਕਾਂਗਰਸੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸੰਧਵਾਂ ਨੇ ਕਿਹਾ ਬੀਤੇ ਪੌਣੇ ਪੰਜ ਸਾਲਾਂ ਵਿੱਚ ਵੀ ਕਾਂਗਰਸ ਸਰਕਾਰ ਨੇ ਸੂਬੇ ਦੇ ਖੇਤੀ ਵਿਭਾਗ ਨੂੰ ਮਜ਼ਬੂਤ ਨਾ ਕਰਕੇ ਖੇਤੀਬਾੜੀ ਨੂੰ ਹੀ ਖ਼ਤਰੇ ਵਿੱਚ ਪਾ ਦਿੱਤਾ ਹੈ ਅਤੇ ਕਾਂਗਰਸ ਸਰਕਾਰ ਖੇਤੀਬਾੜੀ ਵਿਭਾਗ ਦੀਆਂ ਖਾਲੀ ਅਸਾਮੀਆਂ ਨਾ ਭਰ ਕੇ ਪੰਜਾਬ ਦੀ ਖੇਤੀ ਨੂੰ ਖ਼ਤਮ ਕਰਨ ’ਤੇ ਤੁਲੀ ਹੋਈ ਹੈ। 

ਇਹ ਵੀ ਪੜ੍ਹੋ :  ਸੋਨੂੰ ਸੂਦ ਵਲੋਂ ਰੁਖ ਬਦਲਣ ਕਾਰਣ ਰੱਦ ਹੋਇਆ ਕੇਜਰੀਵਾਲ ਦਾ ਮੋਗਾ ਦੌਰਾ
ਸੋਮਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਪੰਜਾਬ ਦੇ ਖੇਤੀਬਾੜੀ ਵਿਭਾਗ ਵਿੱਚ ਐਗਰੀਕਲਚਰ ਡਿਵੈਲਪਮੈਂਟ ਅਫੀਸਰ (ਏ.ਡੀ.ਓ) ਡਾਕਟਰਾਂ ਦੀਆਂ ਕਰੀਬ 450- 500 ਅਸਾਮੀਆਂ ਖਾਲੀ ਪਈਆਂ ਹਨ। ਫ਼ੀਲਡ ਅਫ਼ਸਰ ਕਹੇ ਜਾਣ ਵਾਲੇ ਇਹ ਏ.ਡੀ.ਓ ਸਭ ਤੋਂ ਪਹਿਲਾਂ ਪੰਜਾਬ ਦੀਆਂ ਫ਼ਸਲਾਂ ਨੂੰ ਕੀਟਾਂ ਅਤੇ ਬੇਮੌਸਮੀ ਹੋਣ ਵਾਲੇ ਮਾੜੇ ਹਮਲਿਆਂ ਤੋਂ ਬਚਾਉਂਦੇ ਹਨ। ਆਲਮ ਇਹ ਹੈ ਕਿ ਪੰਜਾਬ ਦੀਆਂ ਅਕਾਲੀ- ਭਾਜਪਾ ਅਤੇ ਕਾਂਗਰਸ ਸਰਕਾਰਾਂ ਨੇ ਖੇਤੀਬਾੜੀ ਵਿਭਾਗ ਦੀਆਂ ਖਾਲੀ ਅਸਾਮੀਆਂ ਭਰਨ ਦੀ ਥਾਂ ਡੰਗ ਟਪਾਊ ਨੀਤੀ ਹੀ ਅਪਣਾਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਅਣਦੇਖੀ ਨਾਲ ਪੰਜਾਬ ਦੇ ਕਰੀਬ 20 ਲੱਖ ਕਿਸਾਨ ਪਰਿਵਾਰ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਦੀ ਕਮਾਈ ਦਾ ਸਾਧਨ ਖੇਤੀਬਾੜੀ ਹੈ। 
ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵਿੱਚ ਕਰੀਬ 934 ਫੀਲਡ ਅਫ਼ਸਰਾਂ (ਏ.ਡੀ.ਓ) ਦੀਆਂ ਅਸਾਮੀਆਂ ਹਨ, ਜਿਨਾਂ ਵਿੱਚੋਂ ਕਰੀਬ ਕਰੀਬ 450- 500 ਅਸਾਮੀਆਂ ਖਾਲੀ ਪਈਆਂ ਹਨ। ਉਨ੍ਹਾਂ ਕਿਹਾ ਕਿ ਫੀਲਡ ਅਫ਼ਸਰਾਂ (ਏ.ਡੀ.ਓ) ਅਸਾਮੀਆਂ ਲਈ ਸਾਲ 2017 ਵਿੱਚ 141 ਅਸਾਮੀਆਂ ਭਰਨ ਲਈ ਇਸ਼ਤਿਹਾਰ ਜਾਰੀ ਕੀਤਾ ਸੀ ਅਤੇ 2018 ਵਿੱਚ ਭਰਤੀ ਕੀਤੀ ਗਈ ਸੀ। ਇਸ ਤੋਂ ਬਾਅਦ 2020 ਵਿੱਚ ਮੁੜ 141 ਅਸਾਮੀਆਂ ਲਈ ਭਰਤੀ ਮੁਹਿੰਮ ਸ਼ੁਰੂ ਕਰਕੇ 2021 ਵਿੱਚ ਨਿਯੁਕਤੀਆਂ ਕੀਤੀਆਂ ਗਈਆਂ। ਇਸ ਤਰ੍ਹਾਂ ਸਰਕਾਰਾਂ ਨੇ ਨਾ ਮਾਤਰ ਫੀਲਡ ਅਫ਼ਸਰਾਂ (ਏ.ਡੀ.ਓ) ਦੀ ਭਰਤੀ ਕਰਕੇ ਗੋਗਲੂਆਂ ਤੋਂ ਮਿੱਟੀ ਝਾੜਨ ਦਾ ਕੰਮ ਕੀਤਾ ਹੈ, ਕਿਉਂਕਿ ਅਜੇ ਵੀ ਵੱਡੀ ਗਿਣਤੀ ਵਿੱਚ ਇਹ ਅਸਾਮੀਆਂ ਖਾਲੀ ਪਈਆਂ ਹਨ। 

ਇਹ ਵੀ ਪੜ੍ਹੋ : ਤਮਗਾ ਜੇਤੂ ਕੌਮਾਂਤਰੀ ਖਿਡਾਰੀਆਂ ਲਈ ਖੇਡ ਮੰਤਰੀ ਪਰਗਟ ਸਿੰਘ ਦਾ ਵੱਡਾ ਐਲਾਨ
ਵਿਧਾਇਕ ਸੰਧਵਾਂ ਨੇ ਅੱਗੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਐਗਰੀਕਲਚਰ ਡਿਵੈਲਪਮੈਂਟ ਅਫੀਸਰ (ਏ.ਡੀ.ਓ) ਦੇ ਅਹੁਦਿਆਂ ’ਤੇ ਕੰਮ ਕਰ ਰਹੇ ਕਰੀਬ 100 ਡਾਕਟਰਾਂ ਨੂੰ ਤਰੱਕੀਆਂ ਦੇ ਕੇ ਬਲਾਕ ਅਫ਼ਸਰ ਬਣਾ ਦਿੱਤਾ ਗਿਆ ਸੀ। ਇਸ ਕਾਰਨ ਐਗਰੀਕਲਚਰ ਡਿਵੈਲਪਮੈਂਟ ਅਫੀਸਰਾਂ ਦੀਆਂ 100 ਹੋਰ ਅਸਾਮੀਆਂ ਖਾਲੀ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਏ.ਡੀ.ਓ ਦੀਆਂ ਅਸਾਮੀਆਂ ਤੋਂ ਇਲਾਵਾ ਸੂਬੇ ਵਿੱਚ ਜੁਆਇੰਟ ਡਾਇਰੈਕਟਰ ਦੇ ਵੀ ਪੰਜ ਅਹੁਦੇ ਖਾਲੀ ਪਏ ਹਨ, ਜਦੋਂ ਕਿ ਸਹਾਇਕ ਸਬ ਇੰਸਪੈਕਟਰਾਂ ਦੀਆਂ ਕਰੀਬ 400 ਅਸਾਮੀਆਂ ਖਾਲੀ ਪਈਆਂ ਹਨ। ਇਹ ਸਬ ਇੰਸਪੈਕਟਰ ਹੀ ਐਗਰੀਕਲਚਰ ਡਿਵੈਲਪਮੈਂਟ ਅਫੀਸਰਾਂ ਨਾਲ ਹਰ ਮੋਰਚੇ ’ਤੇ ਖੇਤੀਬਾੜੀ ਲਈ ਕੰਮ ਕਰਦੇ ਹਨ, ਤਾਂ ਜੋ ਫ਼ਸਲਾਂ ਨੂੰ ਕੁਦਰਤੀ ਆਫ਼ਤਾਂ ਦੀ ਮਾਰ ਤੋਂ ਬਚਾਇਆ ਜਾ ਸਕੇ। 
ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਇੱਕ ਸਰਵੇਖਣ ਅਨੁਸਾਰ 400 ਕਿਸਾਨਾਂ ਪਿੱਛੇ ਇੱਕ ਏ.ਡੀ.ਓ. ਹੋਣਾ ਚਾਹੀਦਾ ਹੈ, ਪਰ ਪੰਜਾਬ ਵਿੱਚ ਸਥਿਤੀ ਇਹ ਹੈ ਕਿ 2 ਹਜ਼ਾਰ ਕਿਸਾਨਾਂ ਪਿੱਛੇ ਇੱਕ ਵੀ ਏ.ਡੀ.ਓ ਨਹੀਂ ਹੈ। 
ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਕਾਂਗਰਸ ਸਰਕਾਰ ਦੀ ਇਸ ਲਾਪ੍ਰਵਾਹੀ ਕਾਰਨ ਪੰਜਾਬ ਦੇ ਕਿਸਾਨਾਂ ਨੂੰ ਭਾਰੀ ਕੀਮਤ ਚੁਕਾਉਣੀ ਪਈ ਹੈ, ਕਿਉਂਕਿ ਸੂਬੇ ਦੀ ਮਾਲਵਾ ਪੱਟੀ ਵਿੱਚ ਨਰਮੇ ਦੀ ਫ਼ਸਲ ਗੁਲਾਬੀ ਸੁੰਡੀ ਕਾਰਨ ਬਰਬਾਦ ਹੋਈ ਹੈ। ਸੰਧਵਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਖੇਤੀਬਾੜੀ ਵਿਭਾਗ ਵਿੱਚਲੀਆਂ ਸਾਰੀਆਂ ਖਾਲੀ ਅਸਾਮੀਆਂ ’ਤੇ ਤੁਰੰਤ ਭਰਤੀ ਕੀਤੀ ਜਾਵੇ ਅਤੇ ਗੁਲਾਬੀ ਸੁੰਡੀ ਸਮੇਤ ਹੋਰ ਆਫ਼ਤਾਂ ਕਾਰਨ ਪ੍ਰਭਾਵਿਤ ਹੋਏ ਕਿਸਾਨਾਂ ਨੂੰ ਫ਼ਸਲਾਂ ਦਾ ਉਚਿਤ ਮੁਆਵਜ਼ਾ ਦਿੱਤਾ ਜਾਵੇ।

Bharat Thapa

This news is Content Editor Bharat Thapa