ਕਾਂਗਰਸ ਦੇ ਰਾਜ ''ਚ ਧੱਕੇ ਨਾਲ ਨਸ਼ਾ ਵੇਚਣ ਲਈ ਹੋਣ ਲੱਗੀ ਗੁੰਡਾਗਰਦੀ : ਤੀਰਥ ਮਾਹਲਾ

09/24/2017 7:56:54 AM

ਬਾਘਾਪੁਰਾਣਾ (ਰਾਕੇਸ਼) - ਸ਼੍ਰੋਮਣੀ ਅਕਾਲੀ ਦਲ ਦੇ ਸਥਾਨਕ ਆਗੂਆਂ ਵੱਲੋਂ ਅੱਜ ਜ਼ਿਲਾ ਪ੍ਰਧਾਨ ਤੀਰਥ ਸਿੰਘ ਮਾਹਲਾ ਦੀ ਅਗਵਾਈ ਹੇਠ ਪ੍ਰੈੱਸ ਕਾਨਫਰੰਸ ਕੀਤੀ ਗਈ। ਪ੍ਰਧਾਨ ਤੀਰਥ ਸਿੰਘ ਮਾਹਲਾ ਨੇ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 4 ਹਫਤਿਆਂ 'ਚ ਨਸ਼ਿਆਂ ਨੂੰ ਬੰਦ ਕਰਨ ਦਾ ਪ੍ਰਣ ਲੈ ਕੇ ਸੱਤਾ ਵਿਚ ਆਈ ਕਾਂਗਰਸ ਪਾਰਟੀ ਦੇ ਰਾਜ 'ਚ ਧੱਕੇ ਨਾਲ ਨਸ਼ਾ ਵੇਚਣ ਲਈ ਗੁੰਡਾਗਰਦੀ ਹੋਣ ਲੱਗ ਪਈ ਹੈ। ਨਸ਼ਾ ਫੜਨ ਗਈ ਪੁਲਸ ਪਾਰਟੀਆਂ ਨੂੰ ਵੀ ਕੁਟਾਪਾ ਚਾੜ੍ਹਿਆ ਜਾ ਰਿਹਾ ਹੈ ਤੇ ਸ਼ਰੇਆਮ ਗੱਡੀਆਂ ਦੀ ਭੰਨ-ਤੋੜ ਤੱਕ ਹੀ ਸੀਮਿਤ ਨਹੀਂ ਸਗੋਂ ਮਾਰੂ ਹਥਿਆਰਾਂ ਦੀ ਵੀ ਖੁੱਲ੍ਹ ਕੇ ਵਰਤੋਂ ਕੀਤੀ ਜਾ ਰਹੀ ਹੈ, ਜਿਸ ਦੀ ਉਦਾਹਰਨ ਪਿਛਲੇ ਦਿਨੀਂ ਪਿੰਡ ਰੋਡੇ ਅਤੇ ਲੰਗੇਆਣਾ ਵਿਚਕਾਰ ਠੇਕੇਦਾਰਾਂ ਦੇ ਕਰਿੰਦਿਆਂ ਤੇ ਪੁਲਸ ਪਾਰਟੀ 'ਤੇ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਨ ਵਾਲਿਆਂ ਨੇ ਹਮਲਾ ਕਰ ਕੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ, ਜਿਸ ਦੇ ਸਿੱਟੇ ਵਜੋਂ ਪੁਲਸ ਨੇ ਵੱਖ-ਵੱਖ ਧਰਾਵਾਂ ਅਧੀਨ ਦੋਸ਼ੀਆਂ 'ਤੇ ਪਰਚਾ ਦਰਜ ਕਰ ਲਿਆ ਪਰ ਕੋਈ ਗ੍ਰਿਫ਼ਤਾਰੀ ਨਹੀਂ ਹੋਈ।
ਮਤਲਬ ਇਹ ਕਿ ਹੁਣ ਧੱਕੇ ਨਾਲ ਨਸ਼ਾ ਵੇਚਣ ਵਾਲਿਆਂ ਨੂੰ ਬਚਾਉਣ ਲਈ ਸਰਕਾਰ ਅੱਗੇ ਆ ਰਹੀ ਹੈ ਤੇ ਪੁਲਸ ਬੇਵੱਸ ਹੋ ਗਈ ਲੱਗਦੀ ਹੈ ਕਿਉਂਕਿ ਜਿਨ੍ਹਾਂ ਲੋਕਾਂ 'ਤੇ ਪਰਚਾ ਦਰਜ ਹੋਇਆ, ਉਹ ਵਿਅਕਤੀ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੇ ਤਕੜੇ ਸਮਰਥਕ ਸਨ।
ਮਾਹਲਾ ਨੇ ਕਿਹਾ ਕਿ ਖਤਰਾ ਇਹ ਵੀ ਹੈ ਕਿ ਆਉਂਦੇ ਦਿਨਾਂ ਵਿਚ ਪੁਲਸ 'ਤੇ ਦਬਾਅ ਬਣਾ ਕੇ ਇਨ੍ਹਾਂ ਨਸ਼ਿਆਂ ਅਤੇ ਸਮੱਗਲਰਾਂ ਨੂੰ ਕਲੀਨ ਚਿੱਟਾਂ ਦਿਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੁਲਸ ਪ੍ਰਸ਼ਾਸਨ ਨੂੰ ਵੀ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਜੇਕਰ ਪਰਚੇ 'ਚ ਸ਼ਾਮਲ ਵਿਅਕਤੀਆਂ ਦੀਆਂ ਗ੍ਰਿਫਤਾਰੀਆਂ 'ਚ ਢਿੱਲ-ਮੱਠ ਹੁੰਦੀ ਹੈ ਜਾਂ ਕਲੀਨ ਚਿੱਟਾਂ ਦਿੱਤੀਆਂ ਜਾਂਦੀਆਂ ਹਨ ਤਾਂ ਸ਼੍ਰੋਮਣੀ ਅਕਾਲੀ ਦਲ ਇਸ ਖਿਲਾਫ ਸੰਘਰਸ਼ ਵਿੱਢਣ ਤੋਂ ਪਾਸਾ ਨਹੀਂ ਵੱਟੇਗਾ।  ਇਸ ਦੌਰਾਨ ਜਗਮੋਹਨ ਸਿੰਘ ਬੀ. ਬੀ. ਸੀ., ਗੁਰਜੰਟ ਸਿੰਘ ਭੁੱਟੋ ਰੋਡੇ, ਗੁਰਮੇਲ ਸਿੰਘ ਮਾਹਲਾ, ਜਗਤਾਰ ਸਿੰਘ ਰੋਡੇ, ਕਰਨਲ ਦਰਸ਼ਨ ਸਿੰਘ, ਬਲਤੇਜ ਸਿੰਘ ਲੰਗੇਆਣਾ, ਨੰਦ ਸਿੰਘ ਬਰਾੜ, ਰਾਜਵੰਤ ਸਿੰਘ ਮਾਹਲਾ, ਗੁਰਬਚਨ ਸਿੰਘ ਸਮਾਲਸਰ, ਗੁਰਮੇਲ ਸਿੰਘ ਸੰਗਤਪੁਰਾ, ਤਰਲੋਚਨ ਸਿੰਘ ਕਾਲੇਕੇ, ਬਚਿੱਤਰ ਸਿੰਘ ਕਾਲੇਕੇ, ਸੁਖਦੀਪ ਰੋਡੇ ਆਦਿ ਹਾਜ਼ਰ ਸਨ।