ਬਿਜਲੀ ਦਰਾਂ ''ਚ ਵਾਧਾ ਕਾਂਗਰਸ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਨੂੰ ਦੀਵਾਲੀ ਦਾ ਤੋਹਫਾ : ਪ੍ਰਕਾਸ਼ ਸਿੰਘ ਬਾਦਲ

10/24/2017 2:22:23 PM

ਮਲੋਟ (ਅਮਿਤ ਸ਼ਰਮਾ) — ਮਲੋਟ ਤੋਂ ਐੱਸ. ਜੀ. ਪੀ. ਸੀ. ਮੈਂਬਰ ਦਿਆਲ ਸਿੰਘ ਕੋਲਿਆਵਾਲੀ ਦੇ ਪੁੱਤਰ 'ਤੇ ਹੋਏ ਹਮਲੇ ਤੋਂ ਬਾਅਦ ਉਨ੍ਹਾਂ ਦਾ ਹਾਲ ਜਾਨਣ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਦੂਜੇ ਦਿਨ ਵੀ ਬਠਿੰਡਾ ਦੇ ਮੈਕਸ ਹਸਪਤਾਲ ਪਹੁੰਚੇ, ਜਿਥੇ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਪੰਜਾਬ 'ਚ ਕਾਂਗਰਸ ਸਰਕਾਰ ਵਲੋਂ ਬਿਜਲੀ ਦਰਾਂ 'ਚ ਕੀਤੇ ਗਏ ਵਾਧੇ ਨੂੰ ਕਾਂਗਰਸ ਸਰਕਾਰ ਦਾ ਲੋਕਾਂ ਨੂੰ ਦੀਵਾਲੀ ਦਾ ਤੋਹਫਾ ਦੱਸਿਆ ਹੈ ਤੇ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅੱਗੇ ਆਉਣ ਵਾਲੇ ਦਿਨਾਂ 'ਚ ਵੀ ਕਾਂਗਰਸ ਸਰਕਾਰ ਪੰਜਾਬ ਦੇ ਲੋਕਾਂ ਨੂੰ ਅਜਿਹੇ ਮਹਿੰਗਾਈ ਦੇ ਤੋਹਫੇ ਦੇਵੇਗੀ। ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕ ਪਹਿਲਾਂ ਹੀ ਮੰਦੀ ਦੀ ਮਾਰ ਝੱਲ ਰਹੇ ਹਨ, ਉਸ 'ਤੇ ਬਿਜਲੀ ਦਰਾਂ 'ਚ ਇੰਨਾ ਜ਼ਿਆਦਾ ਵਾਧਾ ਕਰਨਾ ਸਰਾਸਰ ਗਲਤ ਹੈ। ਇਸ ਦੇ ਨਾਲ ਹੀ ਉਨ੍ਹਾਂ ਪਰਮਿੰਦਰ ਸਿੰਘ 'ਤੇ ਹੋਏ ਹਮਲੇ ਸੰਬੰਧੀ ਬੋਲਦਿਆਂ ਕਿਹਾ ਕਿ ਉਨ੍ਹਾਂ ਦੀ ਐੱਸ. ਐੱਸ. ਪੀ. ਨਾਲ ਗੱਲ ਹੋਈ ਹੈ ਤੇ ਉਹ ਪੁਲਸ ਦੀ ਕਾਰਗੁਜਾਰੀ ਦੇਖ ਰਹੇ ਹਨ ਤੇ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਪੁਲਸ ਸਹੀ ਕਾਰਵਾਈ ਕਰੇਗੀ।
ਇਸੇ ਦੌਰਾਨ ਉਨ੍ਹਾਂ ਨੇ ਟਰੈਕਟਰ 'ਤੇ ਲਗਾਏ ਟੈਕਸ ਬਾਰੇ ਵੀ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਕਿਸਾਨਾਂ ਦਾ ਪਹਿਲਾਂ ਹੀ ਬੁਰਾ ਹਾਲ ਹੈ, ਇਸ ਲਈ ਜੋ ਟੈਕਸ ਆਮ ਜਨਤਾ 'ਤੇ ਲਗਾਏ ਜਾ ਰਹੇ ਹਨ, ਉਸ ਵੱਲ ਜ਼ਰੂਰ ਧਿਆਨ ਦਿੱਤਾ ਜਾਣਾ ਚਾਹੀਦਾ ਹੈ।