500 ਕਰੋੜ ਰੈਵੇਨਿਊ ਇਕੱਠਾ ਕਰਨ ਲਈ ਨਵੀਂ ਇਸ਼ਤਿਹਾਰ ਪਾਲਿਸੀ ਲਿਆਏਗੀ ਸਰਕਾਰ : ਸਿੱਧੂ

05/13/2017 9:01:24 AM

500 ਕਰੋੜ ਰੈਵੇਨਿਊ ਇਕੱਠਾ ਕਰਨ ਲਈ ਨਵੀਂ ਇਸ਼ਤਿਹਾਰ ਪਾਲਿਸੀ ਲਿਆਏਗੀ ਸਰਕਾਰ : ਸਿੱਧੂ
ਲੁਧਿਆਣਾ (ਹਿਤੇਸ਼)-ਆਰਥਿਕ ਤੰਗੀ ਦੇ ਦੌਰ ''ਚੋਂ ਲੰਘ ਰਹੀ ਕਾਂਗਰਸ ਸਰਕਾਰ ਨੇ ਜ਼ਿਆਦਾ ਰੈਵੇਨਿਊ ਜੁਟਾਉਣ ਲਈ ਇਸ਼ਤਿਹਾਰ ਪਾਲਿਸੀ ਵਿਚ ਬਦਲਾਅ ਕਰਨ ਦਾ ਫੈਸਲਾ ਕੀਤਾ ਹੈ, ਜਿਸ ਦੀ ਪੁਸ਼ਟੀ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਮਹਾਨਗਰ ਦੇ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੀ।
ਸਿੱਧੂ ਨੇ ਕਿਹਾ ਕਿ ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਵਿਚ ਇਸ਼ਤਿਹਾਰਬਾਜ਼ੀ ਤੋਂ ਆਮਦਨ ਦਾ ਕਾਫੀ ਸਕੋਪ ਹੈ ਪਰ ਮੌਜੂਦਾ ਸਮੇਂ ਵਿਚ ਨਾ-ਮਾਤਰ ਰੈਵੇਨਿਊ ਆ ਰਿਹਾ ਹੈ, ਜੋ ਅਕਾਲੀ-ਭਾਜਪਾ ਵੱਲੋਂ ਭਾਈ-ਭਤੀਜਿਆਂ ਨੂੰ ਫਾਇਦਾ ਦੇਣ ਦਾ ਨਤੀਜਾ ਹੈ। ਹੁਣ ਰੈਵੇਨਿਊ ਵਧਾਉਣ ਲਈ ਨਵੀਂ ਪਾਲਿਸੀ ਦਾ ਖਾਕਾ ਤਿਆਰ ਕਰ ਲਿਆ ਗਿਆ ਹੈ, ਉਸ ਬਾਰੇ ਦਿੱਤੀ ਗਈ ਪ੍ਰੈਜੇਂਟੇਸ਼ਨ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੀ ਓਕੇ ਕਰ ਦਿੱਤਾ ਹੈ। ਉਸ ਪਾਲਿਸੀ ਦੇ ਜਲਦੀ ਹੀ ਲਾਗੂ ਹੋਣ ''ਤੇ 500 ਕਰੋੜ ਤੋਂ ਵੱਧ ਦਾ ਰੈਵੇਨਿਊ ਆਵੇਗਾ, ਜਿਸ ਪੈਸੇ ਨੂੰ ਸ਼ਹਿਰਾਂ ਦੇ ਵਿਕਾਸ ਤੇ ਲੋਕਾਂ ਨੂੰ ਸਹੂਲਤਾਂ ਦੇਣ ''ਤੇ ਹੀ ਖਰਚ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਸੰਜੇ ਤਲਵਾੜ, ਜ਼ਿਲਾ ਪ੍ਰਧਾਨ ਗੁਰਪ੍ਰੀਤ ਗੋਗੀ, ਸੁਨੀਲ ਕਪੂਰ, ਕੌਂਸਲਰ ਰਾਕੇਸ਼ ਪਰਾਸ਼ਰ, ਗੁਰਦੀਪ ਨੀਟੂ, ਨਰੇਸ਼ ਧੀਂਗਾਨ ਮੌਜੂਦ ਸਨ।
10 ਸਾਲ ਤੋਂ ਫੈਲਿਆ ਭ੍ਰਿਸ਼ਟਾਚਾਰ 10 ਦਿਨ ''ਚ ਖਤਮ ਨਹੀਂ ਹੋਵੇਗਾ 
ਸਿੱਧੂ ਨੇ ਨਗਰ ਨਿਗਮਾਂ ਵਿਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋਣ ਬਾਰੇ ਕਿਹਾ ਕਿ ਇਹ 10 ਦਿਨ ਵਿਚ ਖਤਮ ਨਹੀਂ ਹੋ ਸਕਦਾ, ਕਿਉਂਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ 10 ਸਾਲ ਵਿਚ ਇਸ ਨੂੰ ਕਾਫੀ ਵਧਾਇਆ ਹੈ। ਉਸ ਨੂੰ ਖਤਮ ਕਰਨ ਦਾ ਬੀੜਾ ਕਾਂਗਰਸ ਸਰਕਾਰ ਨੇ ਚੁੱਕਿਆ ਹੈ, ਜਿਸ ਤਹਿਤ ਸਰਕਾਰੀ ਦਫਤਰਾਂ ਦੇ ਜ਼ਿਆਦਾਤਰ ਕੰਮਾਂ ਨੂੰ ਆਨਲਾਈਨ ਕੀਤਾ ਜਾ ਰਿਹਾ ਹੈ, ਜਿਸ ਵਿਚ ਲੋਕਾਂ ਨੂੰ ਟਾਈਮ ਬਾਊਂਡ ਸੁਵਿਧਾਵਾਂ ਮਿਲਣਾ ਯਕੀਨੀ ਬਣਾਇਆ ਜਾਵੇਗਾ। ਇਸੇ ਤਰ੍ਹਾਂ ਵਿਕਾਸ ਕਾਰਜਾਂ ਵਿਚ ਕੁਆਲਿਟੀ ਕੰਟਰੋਲ ਦਾ ਪਾਲਣ ਨਾ ਹੋਣ ਦੇ ਨਾਂ ''ਤੇ ਹੋ ਰਹੀ ਧਾਂਦਲੀ ਨੂੰ ਰੋਕਣ ਲਈ ਨਿਗਮਾਂ ਵਿਚ ਥਰਡ ਪਾਰਟੀ ਆਡਿਟ ਲਾਗੂ ਕੀਤੀ ਜਾ ਰਹੀ ਹੈ, ਜਿਸ ਵਿਚ ਕਸੂਰਵਾਰ ਪਾਏ ਗਏ ਕਿਸੇ ਅਫਸਰ ਨੂੰ ਬਖਸ਼ਿਆ ਨਹੀਂ ਜਾਵੇਗਾ।
 
1400 ਕਰੋੜ ਦੇ ਕੇਂਦਰੀ ਫੰਡ ਦੀ ਦੁਰਵਰਤੋਂ ਹੋਣ ਕਾਰਨ ਲਟਕੇ ਪ੍ਰੋਜੈਕਟ
ਜਦੋਂ ਸਿੱਧੂ ਤੋਂ ਕਾਂਗਰਸ ਸਰਕਾਰ ਵੱਲੋਂ ਫੰਡ ਵਾਪਸ ਮੰਗਵਾਉਣ ਕਾਰਨ ਵਿਕਾਸ ਕਾਰਜ ਠੱਪ ਹੋਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਇਸਦਾ ਭਾਂਡਾ ਪਿਛਲੀ ਅਕਾਲੀ-ਭਾਜਪਾ ਸਰਕਾਰ ''ਤੇ ਭੰਨਿਆ। ਸਿੱਧੂ ਮੁਤਾਬਕ ਕੇਂਦਰ ਤੋਂ ਸ਼ਹਿਰੀ ਵਿਕਾਸ ਲਈ 1400 ਕਰੋੜ ਰੁਪਏ ਜਾਰੀ ਹੋਏ ਸਨ। ਜਿਨ੍ਹਾਂ ਨਾਲ ਹੋਣ ਵਾਲੇ ਕੰਮ ਕਰਵਾਉਣ ਲਈ ਰਾਜ ਸਰਕਾਰ ਨੇ ਆਪਣਾ ਹਿੱਸਾ ਨਹੀਂ ਪਾਇਆ ਸਗੋਂ ਉਨ੍ਹਾਂ ਫੰਡਾਂ ਦੀ ਕਿੱਥੇ ਵਰਤੋਂ ਕੀਤੀ, ਉਸ ਬਾਰੇ ਕੋਈ ਪਤਾ ਨਹੀਂ ਲੱਗ ਰਿਹਾ, ਜਿਸਦੀ ਜਾਂਚ ਕਰਵਾਈ ਜਾਵੇਗੀ।
 
ਪਲਾਨਿੰਗ ਦੀ ਕਮੀ ਕਾਰਨ ਫੇਲ ਹੋਈ ਸਿਟੀ ਬੱਸ ਯੋਜਨਾ
ਸਿੱਧੂ ਨੇ ਸਿਟੀ ਬੱਸ ਯੋਜਨਾ ਫੇਲ ਹੋਣ ਨੂੰ ਪਲਾਨਿੰਗ ਦੀ ਕਮੀ ਦਾ ਨਤੀਜਾ ਦੱਸਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਵੀ ਪਹਿਲਾਂ ਕੇਂਦਰ ਤੋਂ ਆਇਆ ਪੈਸਾ ਲੰਬੇ ਸਮੇਂ ਤੱਕ ਖਰਚ ਨਹੀਂ ਕੀਤਾ ਗਿਆ, ਜਿਸ ਕਾਰਨ ਪੂਰੀਆਂ ਬੱਸਾਂ ਨਹੀਂ ਖਰੀਦੀਆਂ ਜਾ ਸਕੀਆਂ, ਜੋ ਬੱਸਾਂ ਨਿਗਮ ਕੋਲ ਮੌਜੂਦ ਹਨ, ਉਹ ਕੰਡਮ ਹੋ ਰਹੀਆਂ ਹਨ। ਉਸ ਬਾਰੇ ਜਾਂਚ ਕਰਵਾ ਕੇ ਐਕਸ਼ਨ ਲਿਆ ਜਾਵੇਗਾ।
 
ਈਮਾਨਦਾਰੀ ਲਈ ਜਾਰੀ ਰਹੇਗੀ ਕਪਿਲ ਦੇ ਸ਼ੋਅ ''ਚ ਸ਼ਮੂਲੀਅਤ
ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਵਿਚ ਹਿੱਸਾ ਲੈਣ ਬਾਰੇ ਚੱਲ ਰਹੇ ਵਿਵਾਦ ''ਤੇ ਸਿੱਧੂ ਨੇ ਪੁਰਾਣਾ ਰਾਗ ਹੀ ਅਲਾਪਦਿਆਂ ਕਿਹਾ ਕਿ ਉਹ ਈਮਾਨਦਾਰ ਰਹਿਣ ਲਈ ਸ਼ੋਅ ਵਿਚ ਹਿੱਸਾ ਲੈ ਰਹੇ ਹਨ, ਕਿਉਂਕਿ ਉਨ੍ਹਾਂ ਕੋਲ ਸੁਖਬੀਰ ਬਾਦਲ ਦੀ ਤਰ੍ਹਾਂ ਟਰਾਂਸਪੋਰਟ ਦਾ ਕਾਰੋਬਾਰ ਜਾਂ ਹੋਟਲ ਨਹੀਂ ਹਨ। ਸਿੱਧੂ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਕੋਰਟ ਵਿਚ ਚੱਲ ਰਹੇ ਕੇਸ ''ਤੇ ਅਜੇ ਫੈਸਲਾ ਨਹੀਂ ਆਇਆ ਪਰ ਉਸਦਾ ਸਵਾਲ ਇਹੀ ਹੈ ਕਿ ਜੇਕਰ ਸ਼ੋਅ ਵਿਚ ਹਿੱਸਾ ਲੈ ਕੇ ਪੈਸਾ ਨਾ ਕਮਾਉਣ ਤਾਂ ਕੀ ਕੁਰੱਪਸ਼ਨ ਕਰਨ।