ਸਰਕਾਰ ਜੀ! ਲਗਜ਼ਰੀ ਗੱਡੀਆਂ ਵਾਲੇ ਤਾਂ ਫਿਰ ਮਾਰ ਰਹੇ ਨੇ ਗਰੀਬਾਂ ਦੇ ਹੱਕ ''ਤੇ ਡਾਕਾ

Wednesday, Jul 26, 2017 - 03:49 AM (IST)

ਲੁਧਿਆਣਾ(ਖੁਰਾਣਾ)-ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਸਰਕਾਰ ਵੱਲੋਂ ਰਾਜ ਭਰ ਵਿਚ 1.43 ਕਰੋੜ ਨੀਲੇ ਕਾਰਡ ਧਾਰਕਾਂ ਦੀ ਰੀ-ਵੈਰੀਫਿਕੇਸ਼ਨ ਕਰਵਾਏ ਜਾਣ ਸਬੰਧੀ ਕੀਤੇ ਜਾ ਰਹੇ ਦਾਅਵੇ ਇਕ ਵਾਰ ਫਿਰ ਹਵਾਈ ਕਿਲੇ ਸਮਾਨ ਸਾਬਿਤ ਹੁੰਦੇ ਦਿਖਾਈ ਦੇ ਰਹੇ ਹਨ ਕਿਉਂਕਿ ਫਿਲਹਾਲ ਸਰਕਾਰ ਨੇ ਨੀਲੇ ਕਾਰਡਾਂ ਦੀ ਰੀ-ਵੈਰੀਫਿਕੇਸ਼ਨ ਯੋਜਨਾ ਦੌਰਾਨ ਹੀ ਬਰੇਕ ਲਗਾ ਕੇ ਜਨਤਾ 'ਚ ਸਰਕਾਰੀ ਕਣਕ ਵੰਡਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ, ਜਿਸ ਦਾ ਲਾਭ ਯੋਜਨਾ ਨਾਲ ਜੁੜੇ ਉਹ ਫਰਜ਼ੀ ਕਾਰਡ ਧਾਰਕ ਲੈ ਰਹੇ ਹਨ, ਜਿਨ੍ਹਾਂ ਨੂੰ ਸਰਕਾਰ ਨੇ ਨੀਲੇ ਕਾਰਡਾਂ ਦੀ ਰੀ-ਵੈਰੀਫਿਕੇਸ਼ਨ ਦੇ ਬਾਅਦ ਆਟਾ-ਦਾਲ ਯੋਜਨਾ ਤੋਂ ਚੱਲਦਾ ਕਰਨ ਦੀ ਠਾਣੀ ਹੋਈ ਸੀ। ਜਦਕਿ ਮੌਜੂਦਾ ਸਮੇਂ 'ਚ ਕਾਰਡਾਂ ਦੀ ਜਾਂਚ ਦਾ ਕੰਮ ਠੰਡੇ ਬਸਤੇ ਵਿਚ ਪੈਣ ਕਾਰਨ ਵੱਡੀ ਸੰਖਿਆ ਵਿਚ ਫਰਜ਼ੀ ਕਾਰਡ ਧਾਰਕ ਲਗਜ਼ਰੀ ਗੱਡੀਆਂ 'ਚ ਸਰਕਾਰੀ ਕਣਕ ਭਰ ਕੇ ਗਰੀਬ ਪਰਿਵਾਰਾਂ ਦੇ ਅਧਿਕਾਰਾਂ 'ਤੇ ਡਾਕਾ ਮਾਰਨ 'ਚ ਕੋਈ ਕਸਰ ਨਹੀਂ ਛੱਡ ਰਹੇ, ਜਿਸ ਨੂੰ ਦੇਖ ਕੇ ਇਥੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਗਰੀਬਾਂ ਦੇ ਅਧਿਕਾਰ ਤਾਂ ਫਿਰ ਇਹ ਵੱਡੀਆਂ ਗੱਡੀਆਂ ਵਾਲੇ ਹੀ ਲਈ ਜਾ ਰਹੇ ਨੇ। ਅਸਲ 'ਚ ਸਿਆਸਤ ਮਾਹਿਰਾਂ ਦਾ ਮੰਨਣਾ ਹੈ ਕਿ ਸਰਕਾਰ ਵੱਲੋਂ ਨੀਲੇ ਕਾਰਡਾਂ ਦੀ ਰੀ-ਵੈਰੀਫਿਕੇਸ਼ਨ ਨੂੰ ਭਵਿੱਖ 'ਚ ਹੋਣ ਜਾ ਰਹੀਆਂ ਨਿਗਮ ਅਤੇ ਪੰਚਾਇਤੀ ਚੋਣਾਂ 'ਚ ਹੋਣ ਵਾਲੀਆਂ ਗਤੀਵਿਧੀਆਂ ਦੀ ਸ਼ੱਕ ਨੂੰ ਦੇਖਦੇ ਹੋਏ ਫਿਲਹਾਲ ਟਾਲ ਦਿੱਤਾ ਗਿਆ ਹੈ ਤਾਂ ਕਿ ਆਉਣ ਵਾਲੇ ਦਿਨਾਂ 'ਚ ਕਾਂਗਰਸ ਪਾਰਟੀ ਰਾਜ 'ਚ ਬੀਤੇ ਸਮੇਂ ਹੋਏ ਵਿਧਾਨ ਸਭਾ ਚੋਣਾਂ ਦੀ ਤਰ੍ਹਾਂ ਨਗਰ ਨਿਗਮ ਦੇ ਨਾਲ ਗ੍ਰਾਮੀਣ ਇਲਾਕਿਆਂ 'ਚ ਵੀ ਆਪਣੀ ਪਾਰਟੀ ਦੇ ਪੰਚਾਂ-ਸਰਪੰਚਾਂ ਦੇ ਸਿਰ 'ਤੇ ਜਿੱਤ ਦਾ ਸਿਹਰਾ ਸਜਾ ਸਕਣ।   ਇਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਸਰਕਾਰ ਵੱਲੋਂ ਜਨਤਾ ਨਾਲ ਕੀਤੇ ਵਾਅਦਿਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਾਰੀ ਕੀਤੇ ਗਏ ਨਿਰਦੇਸ਼ਾਂ ਮੁਤਾਬਕ ਨੀਲੇ ਕਾਰਡ ਧਾਰਕਾਂ ਦੀ ਰੀ-ਵੈਰੀਫਿਕੇਸ਼ਨ ਸਬੰਧੀ ਛੇੜੇ ਗਏ ਅਭਿਆਨ ਨੂੰ 31 ਜੁਲਾਈ ਤੱਕ ਮੁਕੰਮਲ ਕਰਨ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਹੈ, ਜਦਕਿ ਵਿਭਾਗੀ ਸੂਤਰਾਂ ਮੁਤਾਬਕ ਉਕਤ ਯੋਜਨਾ 'ਤੇ ਹੁਣ ਸਹੀ ਤਰ੍ਹਾਂ ਨਾਲ ਕੰਮ ਵੀ ਸ਼ੁਰੂ ਨਹੀਂ ਹੋ ਸਕਿਆ ਹੈ। ਜਦਕਿ ਕਾਰਡ ਧਾਰਕਾਂ 'ਚ ਆਟਾ-ਦਾਲ ਸਕੀਮ ਦੇ ਅਧੀਨ ਦਿੱਤੀ ਜਾਣ ਵਾਲੀ 2 ਰੁਪਏ ਪ੍ਰਤੀ ਕਿਲੋ ਵਾਲੀ ਕਣਕ ਵੰਡਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। 
ਸਰਕਾਰੀ ਗੋਦਾਮਾਂ 'ਚ ਪਈਆਂ ਬੋਰੀਆਂ ਤੋਂ ਅਨਾਜ ਹੋ ਰਿਹਾ ਚੋਰੀ
ਇਸ ਦੌਰਾਨ ਹੈਰਾਨੀਜਨਕ ਪਹਿਲੂ ਇਹ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਸਰਕਾਰੀ ਗੋਦਾਮਾਂ 'ਚ ਬੰਦ ਪਈਆਂ ਕਣਕ ਦੀਆਂ ਬੋਰੀਆਂ 'ਚੋਂ ਰਾਸ਼ਨ ਮਾਫੀਆ ਨਾਲ ਸੰਬੰਧਿਤ ਗਿਰੋਹ ਵੱਲੋਂ ਖੁਲ੍ਹੇਆਮ ਆਨਾਜ ਦੀ ਚੋਰੀ ਕੀਤੀ ਜਾ ਰਹੀ ਹੈ। ਕੁਝ ਇਸ ਤਰ੍ਹਾਂ ਦੀਆਂ ਹੀ ਤਸਵੀਰਾਂ ਜਗ ਬਾਣੀ ਦੇ ਪਾਠਕਾਂ ਨੇ ਸਾਡੇ ਨਾਲ ਸਾਂਝੀਆਂ ਕਰਦੇ ਹੋਏ ਇਨ੍ਹਾਂ ਤਸਵੀਰਾਂ ਨੂੰ ਕਥਿਤ ਤੌਰ 'ਤੇ ਸੰਗਰੂਰ ਜ਼ਿਲੇ ਨਾਲ ਜੁੜੇ ਕਿਸੇ ਸਰਕਾਰੀ ਅਨਾਜ ਗੋਦਾਮ ਦੀ ਹੋਣ ਦਾ ਦਾਅਵਾ ਕੀਤਾ ਹੈ, ਜਿਸ ਤੋਂ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਰਾਸ਼ਨ ਮਾਫੀਆ ਕਣਕ ਨੂੰ ਗਰੀਬ ਪਰਿਵਾਰਾਂ ਦੇ ਮੂੰਹ ਦਾ ਨਿਵਾਲਾ ਬਣਨ ਤੋਂ ਪਹਿਲਾਂ ਅਨਾਜ ਦੀ ਚੋਰੀ ਕਰ ਰਿਹਾ ਹੈ। 


Related News