‘ਆਪ’ ਨਾਲ ਪਿਆਰ ਦੀਆਂ ਪੀਂਘਾਂ ਝੂਟਣ ਵਾਲੇ ਕਾਂਗਰਸੀ ਕੌਂਸਲਰ ਹੁਣ ਨਿਰਾਸ਼, ਭਾਜਪਾ ਵੱਲ ਟਿਕਟਿਕੀ ਲਾ ਕੇ ਲੱਗੇ ਵੇਖਣ

06/06/2022 2:34:41 PM

ਜਲੰਧਰ (ਖੁਰਾਣਾ)- ਫਰਵਰੀ-ਮਾਰਚ ’ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਅਣਕਿਆਸੀ ਜਿੱਤ ਦਰਜ ਕਰਦੇ ਹੋਏ ਵਿਧਾਨ ਸਭਾ ਦੀਆਂ 92 ਸੀਟਾਂ ਜਿੱਤ ਤਾਂ ਲਈਆਂ ਪਰ ਹੁਣ ਕੁਝ ਹੀ ਮਹੀਨਿਆਂ ਬਾਅਦ ਹੋਣ ਜਾ ਰਹੀਆਂ ਨਗਰ ਨਿਗਮ ਦੀਆਂ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਆਗੂ ਕੋਈ ਤਿਆਰੀ ਕਰਦੇ ਨਹੀਂ ਦਿਸ ਰਹੇ। ਜ਼ਿਕਰਯੋਗ ਹੈ ਕਿ ਜਲੰਧਰ ਨਿਗਮ ਦੇ ਨਾਲ-ਨਾਲ ਕਈ ਨਿਗਮਾਂ ਦੀਆਂ ਚੋਣਾਂ ਦਸੰਬਰ ’ਚ ਹੋਣ ਵਾਲੀਆਂ ਹਨ, ਜਿਸ ਤੋਂ ਪਹਿਲਾਂ ਵਾਰਡਬੰਦੀ ਅਜੇ ਕੀਤੀ ਜਾਣੀ ਹੈ। ਜਲੰਧਰ ਨਿਗਮ ਦੀ ਗੱਲ ਕਰੀਏ ਤਾਂ ਇਥੇ 3 ਸਾਲ ਪਹਿਲਾਂ 12 ਪਿੰਡ ਨਿਗਮ ਦੀ ਹੱਦ ਨਾਲ ਜੁੜੇ ਸਨ, ਜਿਨ੍ਹਾਂ ਨੂੰ ਹੁਣ ਨਿਗਮ ਦਾ ਵਾਰਡ ਬਣਾਇਆ ਜਾਣਾ ਹੈ, ਇਸ ਲਈ ਇਥੇ ਵਾਰਡਬੰਦੀ ਹੋਣੀ ਨਿਸ਼ਚਿਤ ਹੈ। ਹੁਣ ਤਕ ਜਲੰਧਰ ਨਿਗਮ ਨੇ ਇਸ ਦਿਸ਼ਾ ’ਚ ਕੋਈ ਕਦਮ ਨਹੀਂ ਚੁੱਕਿਆ ਅਤੇ ਫਿਲਹਾਲ ਇਨ੍ਹੀਂ ਦਿਨੀਂ ਪੁਰਾਣੇ ਵਾਰਡਾਂ ਦੀ ਮੌਜੂਦਾ ਲਿਮਿਟ ਦੀ ਡਿਜੀਟਲ ਲੋਕੇਸ਼ਨ ਬਣਾਉਣ ਦਾ ਕੰਮ ਹੀ ਕੀਤਾ ਜਾ ਰਿਹਾ ਹੈ।

ਆਮ ਆਦਮੀ ਪਾਰਟੀ ਵੱਲੋਂ ਜਲੰਧਰ ਨਿਗਮ ਦੀਆਂ ਚੋਣਾਂ ਲਈ ਕੋਈ ਠੋਸ ਰਣਨੀਤੀ ਨਾ ਬਣਾਏ ਜਾਣ ਅਤੇ ਫਿਲਹਾਲ ਕੋਈ ਤਿਆਰੀ ਨਾ ਕੀਤੇ ਜਾਣ ਕਾਰਨ ਉਹ ਕਾਂਗਰਸੀ ਕੌਂਸਲਰ ਬਹੁਤ ਨਿਰਾਸ਼ ਦਿਸ ਰਹੇ ਹਨ, ਜਿਨ੍ਹਾਂ ਨੇ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨਾਲ ਪਿਆਰ ਦੀਆਂ ਪੀਂਘਾਂ ਝੂਟੀਆਂ ਅਤੇ ਆਪਣੀ ਹੀ ਪਾਰਟੀ (ਕਾਂਗਰਸ) ਦੇ ਉਮੀਦਵਾਰਾਂ ਦਾ ਨੁਕਸਾਨ ਕੀਤਾ। ਇਸ ਕਾਰਨ ਕਾਂਗਰਸੀ ਕੌਂਸਲਰ ਭਾਜਪਾ ਵੱਲ ਟਿਕਟਿਕੀ ਲਾ ਕੇ ਵੇਖਣ ਲੱਗੇ ਹਨ।

ਇਹ ਵੀ ਪੜ੍ਹੋ: ਸੰਦੀਪ ਨੰਗਲ ਅੰਬੀਆਂ ਕਤਲ ਕਾਂਡ: 2 ਸ਼ੂਟਰ ਸਣੇ 5 ਵਿਅਕਤੀ ਗ੍ਰਿਫ਼ਤਾਰ, ਕੀਤੇ ਹੈਰਾਨੀਜਨਕ ਖ਼ੁਲਾਸੇ

ਭਾਜਪਾ ਦਾ ਪੱਲਾ ਫੜ ਸਕਦੇ ਨੇ ਸ਼ਹਿਰ ਦੇ ਕਈ ਕਾਂਗਰਸੀ
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬਾਈ ਕਾਂਗਰਸ ਦੇ ਸਭ ਤੋਂ ਚੋਟੀ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਹੱਕ ’ਚ ਚਲੇ ਗਏ ਅਤੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਪਾਰਟੀ ਦੇ ਪ੍ਰਧਾਨ ਰਹੇ ਸੁਨੀਲ ਜਾਖੜ ਦੇ ਨਾਲ-ਨਾਲ ਕਰੀਬ ਅੱਧੀ ਦਰਜਨ ਮੰਤਰੀ ਭਾਜਪਾ ਨਾਲ ਜਾ ਮਿਲੇ ਹਨ। ਮੰਨਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਪੰਜਾਬ ਕਾਂਗਰਸ ਦੇ ਸਿਖਰਲੇ ਆਗੂ ਆਮ ਆਦਮੀ ਪਾਰਟੀ ’ਚ ਜਾਣ ਦੀ ਬਜਾਏ ਭਾਜਪਾ ਦਾ ਪੱਲਾ ਫੜ ਰਹੇ ਹਨ, ਉਸ ਤੋਂ ਪ੍ਰਭਾਵਿਤ ਹੋ ਕੇ ਜਲੰਧਰ ਦੇ ਕਈ ਕਾਂਗਰਸੀ ਆਗੂ, ਜਿਨ੍ਹਾਂ ’ਚ ਕੁਝ ਮੌਜੂਦਾ ਕੌਂਸਲਰ ਵੀ ਹਨ, ਆਉਣ ਵਾਲੇ ਸਮੇਂ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋ ਸਕਦੇ ਹਨ।

‘ਆਪ’ ਦੇ ਪਾਵਰ ਸੈਂਟਰ ਦਾ ਹੀ ਪਤਾ ਨਹੀਂ ਲੱਗ ਸਕਿਆ
ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਦੋਸ਼ ਲੱਗ ਰਹੇ ਹਨ ਕਿ ਇਸ ਨੂੰ ਦਿੱਲੀ ਤੋਂ ਚਲਾਇਆ ਜਾ ਰਿਹਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਕੇਜਰੀਵਾਲ ਦੀ ਰਬੜ ਸਟੈਂਪ ਦੇ ਰੂਪ ’ਚ ਹੀ ਕੰਮ ਕਰ ਰਹੇ ਹਨ। ਵਿਧਾਨ ਸਭਾ ਚੋਣਾਂ ਦੌਰਾਨ ਜਲੰਧਰ ਦੇ ਜਿਹੜੇ ਕਾਂਗਰਸੀ ਕੌਂਸਲਰਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਖੁੱਲ੍ਹ ਕੇ ਜਾਂ ਲੁਕ-ਛਿਪ ਕੇ ਮਦਦ ਕੀਤੀ, ਉਨ੍ਹਾਂ ਨੂੰ ਹੁਣ ‘ਆਪ’ ਦੇ ਸੰਗਠਨ ਅਤੇ ਇਸ ਪਾਰਟੀ ਦੇ ਪਾਵਰ ਸੈਂਟਰ ਦਾ ਹੀ ਪਤਾ ਨਹੀਂ ਲੱਗ ਸਕਿਆ ਹੈ। ਵੇਖਿਆ ਜਾਵੇ ਤਾਂ ਜਲੰਧਰ ’ਚ ਦੋਵਾਂ ‘ਆਪ’ ਵਿਧਾਇਕਾਂ ਕੋਲ ਇੰਨੀ ਪਾਵਰ ਨਹੀਂ ਹੈ ਕਿ ਉਹ ਕਿਸੇ ਨੂੰ ਪਾਰਟੀ ’ਚ ਸ਼ਾਮਲ ਕਰਕੇ ਉਸ ਨੂੰ ਨਿਗਮ ਚੋਣਾਂ ’ਚ ਟਿਕਟ ਦੇਣ ਦਾ ਵਾਅਦਾ ਕਰ ਸਕਣ। ਫਿਲਹਾਲ ਨਿਗਮ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ’ਚ ਸਿਰਫ਼ ਇੰਨੀਆਂ ਸਰਗਰਮੀਆਂ ਚੱਲ ਰਹੀਆਂ ਹਨ ਕਿ ਕੁਝ ਆਗੂ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦਾ ਲੀਡਰ ਦੱਸ ਕੇ ਆਪਣੇ-ਆਪਣੇ ਵਾਰਡ ’ਚ ਸਰਗਰਮ ਹਨ ਪਰ ਉਨ੍ਹਾਂ ਨੂੰ ਵੀ ਨਹੀਂ ਪਤਾ ਕਿ ਉਨ੍ਹਾਂ ਨੂੰ ਨਿਗਮ ਚੋਣਾਂ ’ਚ ਟਿਕਟ ਮਿਲੇਗੀ ਜਾਂ ਨਹੀਂ। ਇਹੀ ਕਾਰਨ ਹੈ ਕਿ ਜਲੰਧਰ ਵਰਗੇ ਵੱਡੇ ਸ਼ਹਿਰ ’ਚ ਵੀ ਆਮ ਆਦਮੀ ਪਾਰਟੀ ਦਾ ਗ੍ਰਾਫ਼ ਉਪਰ ਨਹੀਂ ਜਾ ਰਿਹਾ ਅਤੇ ਦਲ-ਬਦਲੀ ਕਰਵਾਉਣ ਅਤੇ ਆਪਣਾ ਆਧਾਰ ਵਧਾਉਣ ’ਚ ਭਾਰਤੀ ਜਨਤਾ ਪਾਰਟੀ ਦੇ ਆਗੂ ਬਹੁਤ ਸਰਗਰਮ ਦਿਸ ਰਹੇ ਹਨ। ਜਿਸ ਹਿਸਾਬ ਨਾਲ ਸੱਤਾਧਾਰੀ ਭਾਵ ਆਮ ਆਦਮੀ ਪਾਰਟੀ ਨਿਗਮ ਚੋਣਾਂ ਨੂੰ ਲੈ ਕੇ ਉਦਾਸੀਨ ਹੈ, ਉਸ ਹਿਸਾਬ ਨਾਲ ਇਸ ਪਾਰਟੀ ਵੱਲੋਂ ਨਿਗਮ ਚੋਣਾਂ ਜਿੱਤ ਪਾਉਣਾ ਕਾਫੀ ਮੁਸ਼ਕਿਲ ਭਰਿਆ ਕੰਮ ਹੋਵੇਗਾ।

ਇਹ ਵੀ ਪੜ੍ਹੋ: ਕਪੂਰਥਲਾ ਤੋਂ ਵੱਡੀ ਖ਼ਬਰ, PTU ਦੇ ਹੋਸਟਲ ’ਚ ਵਿਦਿਆਰਥੀ ਦੀ ਸ਼ੱਕੀ ਹਾਲਾਤ ’ਚ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News