ਕਾਂਗਰਸ ਦਾ ''ਵਿਵਾਦਾਂ'' ਨਾਲ ਡੂੰਘਾ ਨਾਤਾ, 2 ਸਾਲਾਂ ''ਚ ਚੌਥਾ ਮੰਤਰੀ ਫਸਾ''ਤਾ

02/25/2019 4:01:58 PM

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਦਾ ਵਿਵਾਦਾਂ ਨਾਲ ਡੂੰਘਾ ਨਾਤਾ ਰਿਹਾ ਹੈ, ਇਸੇ ਲਈ ਤਾਂ ਸਰਕਾਰ ਬਣਨ ਦੇ 2 ਸਾਲਾਂ ਦੇ ਅੰਦਰ-ਅੰਦਰ ਇਨ੍ਹਾਂ ਵਿਵਾਦਾਂ ਨੇ ਕਾਂਗਰਸ ਦੇ ਚੌਥੇ ਮੰਤਰੀ ਨੂੰ ਫਸਾ ਦਿੱਤਾ ਹੈ। ਕਾਂਗਰਸ ਨੂੰ ਇੰਨਾ ਤਾਂ ਵਿਰੋਧੀ ਧਿਰਾਂ ਨੇ ਨਹੀਂ ਘੇਰਿਆ, ਜਿੰਨਾ ਉਸ ਨੂੰ ਆਪਣੇ ਹੀ ਮੰਤਰੀਆਂ ਨੇ ਪਰੇਸ਼ਾਨ ਕਰ ਦਿੱਤਾ ਹੈ। 


ਭਾਰਤ ਭੂਸ਼ਣ ਆਸ਼ੂ
ਲੁਧਿਆਣਾ 'ਚ ਗੈਰ ਕਾਨੂੰਨੀ ਇਮਾਰਤ ਦੇ ਚੇਂਜ ਆਫ ਲੈਂਡ ਯੂਜ਼ (ਸੀ. ਐੱਲ. ਯੂ.) ਨੂੰ ਲੈ ਕੇ ਫਸੇ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਕਾਫੀ ਸੁਰਖੀਆਂ 'ਚ ਹਨ। ਇਹ ਵਿਵਾਦ ਇੰਨਾ ਗਰਮਾ ਗਿਆ ਹੈ ਕਿ ਜਿੱਥੇ ਆਮ ਆਦਮੀ ਪਾਰਟੀ ਨੇ ਆਸ਼ੂ ਦਾ ਅਸਤੀਫਾ ਮੰਗ ਲਿਆ ਹੈ, ਉੱਥੇ ਹੀ ਵਿਧਾਨ ਸਭਾ 'ਚ ਵੀ ਇਹ ਮਾਮਲਾ ਪੂਰੇ ਜ਼ੋਰ-ਸ਼ੋਰ ਨਾਲ ਚੁੱਕਿਆ ਗਿਆ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਇਸ ਮਾਮਲੇ ਲਈ ਭਾਰਤ ਭੂਸ਼ਣ ਆਸ਼ੂ ਤੋਂ ਨਾਰਾਜ਼ ਚੱਲ ਰਹੇ ਹਨ। 


ਰਾਣਾ ਗੁਰਜੀਤ ਸਿੰਘ
ਕਾਂਗਰਸ ਸਰਕਾਰ ਦੇ ਪਹਿਲੇ ਹੀ ਸਾਲ ਊਰਜਾ ਮੰਤਰੀ ਰਾਣਾ ਗੁਰਜੀਤ ਸਿੰਘ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਫਸ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕੈਬਨਿਟ ਦੀ ਕੁਰਸੀ ਗੁਆਉਣੀ ਪਈ। ਪਹਿਲਾਂ ਉਹ ਆਪਣੀਆਂ ਕੰਪਨੀਆਂ ਦੇ ਮੁਲਾਜ਼ਮਾਂ ਨੂੰ ਰੇਤ ਦੀਆਂ ਖੱਡਾਂ ਦਿਵਾਉਣ ਦੇ ਮਾਮਲੇ 'ਚ ਫਸੇ। ਦੂਜੀ ਵਾਰ ਉਹ ਵਿਵਾਦਿਤ ਠੇਕੇਦਾਰ ਤੋਂ 5 ਕਰੋੜ ਰੁਪਏ ਦੇ ਮਾਮਲੇ 'ਚ ਉਲਝ ਗਏ ਸਨ। 


ਨਵਜੋਤ ਸਿੰਘ ਸਿੱਧੂ 
ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਆਪਣੀਆਂ ਹਰਕਤਾਂ ਕਾਰਨ ਸਰਕਾਰ ਲਈ ਮੁਸੀਬਤ ਖੜ੍ਹੀ ਕਰ ਦਿੱਤੀ। ਸਿੱਧੂ ਦੀ ਪਾਕਿਸਤਾਨ ਯਾਤਰਾ ਅਤੇ ਪਾਕਿ ਫੌਜ ਮੁਖੀ ਨੂੰ ਪਾਈ ਜੱਫੀ ਨੂੰ ਲੈ ਕੇ ਭਾਰੀ ਵਿਵਾਦ ਹੋਇਆ। ਇਹ ਵਿਵਾਦ ਥੋੜ੍ਹਾ ਠੰਡਾ ਹੋਇਆ ਤਾਂ ਪੁਲਵਾਮਾ ਅੱਤਵਾਦੀ ਘਟਨਾ ਤੋਂ ਬਾਅਦ ਉਨ੍ਹਾਂ ਦੇ ਬਿਆਨ 'ਤੇ ਬਵਾਲ ਹੋ ਗਿਆ। ਪੂਰੇ ਦੇਸ਼ 'ਚ ਉਨ੍ਹਾਂ ਖਿਲਾਫ ਬਵਾਲ ਮਚ ਗਿਆ, ਜਿਸ ਤੋਂ ਬਾਅਦ ਪੰਜਾਬ ਕਾਂਗਰਸ ਨੇ ਸਿੱਧੂ ਤੋਂ ਕਿਨਾਰਾ ਕਰ ਲਿਆ।


ਚਰਨਜੀਤ ਸਿੰਘ ਚੰਨੀ
ਇਕ ਹੋਰ ਮੰਤਰੀ ਵੀ ਸਰਕਾਰ ਲਈ ਪਰੇਸ਼ਾਨੀ ਖੜ੍ਹੀ ਕਰਦੇ ਰਹੇ ਹਨ। ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਇਕ ਮਹਿਲਾ ਆਈ. ਏ. ਐੱਸ. ਅਧਿਕਾਰੀ ਨੂੰ ਇਤਰਾਜ਼ਯੋਗ ਸੰਦੇਸ਼ ਭੇਜਣ ਸਬੰਧੀ ਪੂਰੀ ਤਰ੍ਹਾਂ ਵਿਵਾਦਾਂ 'ਚ ਫਸੇ ਸਨ। ਇਕ ਵਾਰ ਤਾਂ ਮਾਹੌਲ ਅਜਿਹਾ ਬਣ ਗਿਆ ਸੀ ਕਿ ਉਨ੍ਹਾਂ ਨੂੰ ਆਪਣੀ ਕੁਰਸੀ ਵੀ ਗੁਆਉਣੀ ਪੈ ਸਕਦੀ ਸੀ ਪਰ ਪੰਚਾਇਤੀ ਚੋਣਾਂ ਨੂੰ ਦੇਖਦੇ ਹੋਏ ਸਰਕਾਰ ਨੇ ਵਿਵਾਦ 'ਤੇ ਮਿੱਟੀ ਪਾਉਣਾ ਹੀ ਸਹੀ ਸਮਝਿਆ। 

Babita

This news is Content Editor Babita