ਮੋਦੀ ਦੇ ਦਿਨ ਗਿਣਤੀ ਦੇ, 2019 ''ਚ ਕਾਂਗਰਸ ਦੀ ਚੱਲੇਗੀ ਹਨੇਰੀ : ਜਾਖੜ

12/12/2018 9:38:17 AM

ਜਲੰਧਰ, (ਧਵਨ)—ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ 'ਚ ਕਾਂਗਰਸ ਦੀ ਵੱਡੀ ਜਿੱਤ ਤੋਂ ਬਾਅਦ ਹੁਣ ਸਪੱਸ਼ਟ ਹੋ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਤਾ 'ਚ ਬਣੇ ਰਹਿਣ ਦੇ ਦਿਨ ਗਿਣਤੀ ਦੇ ਰਹਿ ਗਏ ਹਨ ਅਤੇ 4 ਮਹੀਨੇ ਬਾਅਦ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਅਹੁਦੇ ਨੂੰ ਵੀ ਛੱਡਣਾ ਪਵੇਗਾ। ਚੋਣ ਨਤੀਜਿਆਂ 'ਤੇ ਟਿੱਪਣੀ ਕਰਦੇ ਹੋਏ ਪ੍ਰਦੇਸ਼ ਪ੍ਰਧਾਨ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਦਾ ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ 'ਚ ਪਤਨ ਹੋ ਗਿਆ ਹੈ ਅਤੇ ਹੁਣ ਕੇਂਦਰ 'ਚ ਵੀ ਭਾਜਪਾ ਨੂੰ ਬਣੇ ਰਹਿਣ ਦਾ ਨੈਤਿਕ ਅਧਿਕਾਰ ਨਹੀਂ ਹੈ।

ਜਾਖੜ ਨੇ ਕਿਹਾ ਕਿ ਜਨਤਾ ਨੋਟਬੰਦੀ ਤੇ ਜੀ. ਐੱਸ. ਟੀ. ਲਾਗੂ ਹੋਣ ਤੋਂ ਬਾਅਦ ਤ੍ਰਾਹ-ਤ੍ਰਾਹ ਕਰ ਉੱਠੀ ਸੀ। ਕਾਂਗਰਸ ਨੇ ਸੰਸਦ ਤੇ ਸੰਸਦ ਤੋਂ ਬਾਹਰ ਕਈ ਵਾਰ ਪ੍ਰਧਾਨ ਮੰਤਰੀ ਦੇ ਸਾਹਮਣੇ ਇਸ ਮੁੱਦੇ ਨੂੰ ਉਠਾਇਆ ਪਰ ਉਨ੍ਹਾਂ ਨੇ ਇਸ ਵੱਲ ਗੌਰ ਨਹੀਂ ਕੀਤਾ। ਪ੍ਰਧਾਨ ਮੰਤਰੀ ਤਾਂ ਸੱਤਾ ਦੇ ਨਸ਼ੇ 'ਚ ਚੂਰ ਸਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਜਨਤਾ ਦੇ ਆਦੇਸ਼ ਤੋਂ ਬਾਅਦ ਅੱਖਾਂ ਖੁੱਲ੍ਹ ਜਾਣੀਆਂ ਚਾਹੀਦੀਆਂ ਹਨ।

ਇਕ ਪ੍ਰਸ਼ਨ ਦੇ ਉੱਤਰ 'ਚ ਜਾਖੜ ਨੇ ਕਿਹਾ ਕਿ ਇਨ੍ਹਾਂ ਚੋਣਾਂ 'ਚ ਜਿੱਤ ਦਾ ਸਿਹਰਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਜਾਂਦਾ ਹੈ, ਜਿਨ੍ਹਾਂ ਲਗਾਤਾਰ ਕਈ ਮਹੀਨਿਆਂ ਤੋਂ ਇਨ੍ਹਾਂ ਸੂਬਿਆਂ 'ਚ ਮਿਹਨਤ ਕੀਤੀ ਅਤੇ ਜਨਤਾ ਨੂੰ ਦੱਸਿਆ ਕਿ ਮੋਦੀ ਸਰਕਾਰ ਉਨ੍ਹਾਂ ਨੂੰ ਚੰਗੇ ਦਿਨ ਦਿਖਾਉਣ ਦੇ ਨਾਂ 'ਤੇ ਗੁੰਮਰਾਹ ਕਰਨ 'ਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਜਨਤਾ ਹੁਣ ਜਾਗ ਚੁੱਕੀ ਹੈ ਅਤੇ ਜਨਤਾ 2019 ''ਚ ਮੋਦੀ ਤੇ ਭਾਜਪਾ ਨੂੰ ਬੁਰੀ ਤਰ੍ਹਾਂ ਹਰਾ ਕੇ ਝੂਠੇ ਸੁਪਨੇ ਦਿਖਾਉਣ ਦਾ ਬਦਲਾ ਲੈ ਲਵੇਗੀ।

ਜਾਖੜ ਨੇ ਕਿਹਾ ਕਿ ਹੁਣ ਸੰਸਦ 'ਚ ਚਾਲੂ ਸੈਸ਼ਨ ਦੌਰਾਨ ਕਾਂਗਰਸ ਵੱਲੋਂ ਪ੍ਰਧਾਨ ਮੰਤਰੀ ਨੂੰ ਘੇਰਿਆ ਜਾਵੇਗਾ ਅਤੇ ਵਪਾਰੀਆਂ ਅਤੇ ਉੱਦਮੀਆਂ, ਕਿਸਾਨਾਂ ਤੇ ਆਮ ਜਨਤਾ ਨਾਲ ਜੁੜੇ ਮੁੱਦਿਆਂ 'ਤੇ ਉਨ੍ਹਾਂ ਨੂੰ ਜਵਾਬ ਦੇਣ ਲਈ ਕਿਹਾ ਜਾਵੇਗਾ ਪਰ ਦੁੱਖ ਦਾ ਵਿਸ਼ਾ ਹੈ ਕਿ ਰਾਹੁਲ ਗਾਂਧੀ ਨੇ ਜਦੋਂ-ਜਦੋਂ ਪ੍ਰਧਾਨ ਮੰਤਰੀ ਮੋਦੀ ਨੂੰ ਰਾਫੇਲ ਤੇ ਹੋਰ ਮਾਮਲਿਆਂ 'ਤੇ ਜਵਾਬ ਦੇਣ ਲਈ ਕਿਹਾ ਤਾਂ ਉਹ ਪਿੱਠ ਦਿਖਾ ਕੇ ਦੌੜ ਗਏ। ਇਸ ਤੋਂ ਪਤਾ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਦੀ ਨੀਅਤ ਸਾਫ ਨਹੀਂ ਅਤੇ ਉਹ ਦੇਸ਼ ਦੀ ਜਨਤਾ ਨੂੰ ਲਗਾਤਾਰ ਗੁੰਮਰਾਹ ਕਰਦੇ ਰਹੇ। ਜਾਖੜ ਨੇ ਕਿਹਾ ਕਿ 2-3 ਵਾਰ ਤਾਂ ਜਨਤਾ ਨੇ ਵੀ ਸਿੱਧੇ ਤੌਰ 'ਤੇ ਪ੍ਰਧਾਨ ਮੰਤਰੀ ਤੋਂ ਜਵਾਬ ਮੰਗਿਆ ਪਰ ਉਹ ਕੋਈ ਸੰਤੁਸ਼ਟੀ ਭਰਪੂਰ ਜਵਾਬ ਨਹੀਂ ਦੇ ਸਕੇ। ਉਨ੍ਹਾਂ ਕਿਹਾ ਕਿ ਪੰਜਾਬ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੀ ਜਿੱਤ ਦਾ ਸਿਲਸਿਲਾ ਸ਼ੁਰੂ ਕੀਤਾ ਸੀ ਅਤੇ ਉਸ ਤੋਂ ਬਾਅਦ ਕਰਨਾਟਕ 'ਚ ਕਾਂਗਰਸ ਤੇ ਸਹਿਯੋਗੀ ਪਾਰਟੀਆਂ ਦੀ ਸਰਕਾਰ ਹੋਂਦ 'ਚ ਆਈ। ਹੌਲੀ-ਹੌਲੀ ਪੂਰਾ ਦੇਸ਼ ਹੀ ਰਾਹੁਲ ਗਾਂਧੀ ਦਾ ਗੁਣਗਾਨ ਕਰੇਗਾ, ਜਿਨ੍ਹਾਂ ਦੀ ਨੀਅਤ ਜਨਤਾ ਦੇ ਮੁੱਦਿਆਂ ਨੂੰ ਲੈ ਕੇ ਬਿਲਕੁੱਲ ਸਪੱਸ਼ਟ ਹੈ।

Shyna

This news is Content Editor Shyna