ਕਾਂਗਰਸ ਨੂੰ ਮਜ਼ਬੂਤੀ ਦੇਣ ਲਈ ਖੇਤਰੀ ਗਠਜੋੜ ਦੀ ਕੈਪਟਨ ਨੇ ਕੀਤੀ ਵਕਾਲਤ

07/11/2019 7:07:18 PM

ਜਲੰਧਰ (ਧਵਨ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ 'ਚ ਕਾਂਗਰਸ ਨੂੰ ਮਜ਼ਬੂਤੀ ਦੇਣ ਲਈ ਖੇਤਰੀ ਗਠਜੋੜ ਕਰਨ ਦਾ ਸੁਝਾਅ ਦਿੱਤਾ ਹੈ। ਉਨ੍ਹਾਂ ਵੀਰਵਾਰ ਕਿਹਾ ਕਿ ਕਾਂਗਰਸ ਮੌਜੂਦਾ ਸਮੇਂ ਸੰਕਟ ਦੇ ਦੌਰ 'ਚੋਂ ਲੰਘ ਰਹੀ ਹੈ ਅਤੇ ਅਜਿਹੇ ਸਮੇਂ ਪਾਰਟੀ ਨੂੰ ਚਾਹੀਦਾ ਹੈ ਕਿ ਉਹ ਖੇਤਰੀ ਗਠਜੋੜ ਕਰੇ ਅਤੇ ਨਾਲ ਹੀ ਪਾਰਟੀ ਦੇ ਖੇਤਰੀ ਆਗੂਆਂ ਨੂੰ ਵਧੇਰੇ ਆਜ਼ਾਦੀ ਪ੍ਰਦਾਨ ਕਰੇ। ਇੰਝ ਹੋਣ ਨਾਲ ਹੀ ਕਾਂਗਰਸ ਮਜ਼ਬੂਤੀ ਵੱਲ ਵਧਦੀ ਹੋਈ ਪੁਰਾਣੇ ਸੁਨਹਿਰੀ ਦਿਨਾਂ ਨੂੰ ਹਾਸਲ ਕਰ ਸਕੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਅਜਿਹਾ ਪੰਜਾਬ 'ਚ ਹੋ ਚੁੱਕਾ ਹੈ। ਇੱਥੇ ਪਾਰਟੀ ਦੀ ਲੀਡਰਸ਼ਿਪ ਨੇ ਮੇਰੇ 'ਤੇ ਭਰੋਸਾ ਪ੍ਰਗਟ ਕਰਦਿਆਂ ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਸਮੇਂ ਮੈਨੂੰ ਫਰੀ ਹੈਂਡ ਦਿੱਤਾ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਕਾਂਗਰਸ ਨੇ ਪੰਜਾਬ 'ਚ ਭਾਰੀ ਬਹੁਮਤ ਹਾਸਲ ਕਰ ਲਿਆ। ਉਸ ਤੋਂ ਬਾਅਦ ਹੋਈਆਂ ਵੱਖ-ਵੱਖ ਚੋਣਾਂ 'ਚ ਕਾਂਗਰਸ ਨੇ ਲਗਾਤਾਰ ਜਿੱਤ ਦਰਜ ਕੀਤੀ। ਇਥੋਂ ਤਕ ਕਿ ਲੋਕ ਸਭਾ ਦੀਆਂ ਚੋਣਾਂ 'ਚ ਵੀ ਕਾਂਗਰਸ ਦਾ ਪ੍ਰਦਰਸ਼ਨ ਪੰਜਾਬ 'ਚ ਸ਼ਲਾਘਾਯੋਗ ਰਿਹਾ।

ਮੁੱਖ ਮੰਤਰੀ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਪਿੱਛੋਂ ਵੱਡੇ ਪੱਧਰ 'ਤੇ ਸ਼ੱਕ ਵਾਲੀ ਹਾਲਤ ਬਣੀ ਹੋਈ ਹੈ। ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਕਾਂਗਰਸ ਸੰਕਟ ਦੇ ਦੌਰ 'ਚੋਂ ਲੰਘ ਰਹੀ ਹੈ। ਇਸ ਤੋਂ ਪਹਿਲਾਂ ਜਦੋਂ ਮਹਾਤਮਾ ਗਾਂਧੀ ਜੀ ਦੀ ਹੱਤਿਆ ਹੋਈ ਸੀ ਅਤੇ ਇੰਦਰਾ ਗਾਂਧੀ ਦੇ ਸਮੇਂ ਪਾਰਟੀ 'ਚ ਬਗਾਵਤ ਹੋਈ ਸੀ ਤਾਂ ਉਸ ਸਮੇਂ ਸ਼ੱਕ ਵਾਲੀ ਹਾਲਤ ਪੈਦਾ ਹੋਈ ਸੀ ਪਰ ਹਰ ਵਾਰ ਪਾਰਟੀ ਹੋਰ ਮਜ਼ਬੂਤ ਹੋ ਕੇ ਉੱਭਰੀ। ਰਾਹੁਲ ਗਾਂਧੀ ਦਾ ਅਸਤੀਫਾ ਮੰਦਭਾਗਾ ਹੈ ਪਰ ਰਾਹੁਲ ਨੇ ਪਾਰਟੀ ਨੂੰ ਜੋ ਰਾਹ ਦਿਖਾਇਆ ਹੈ, ਉਸ 'ਤੇ ਚੱਲਦਿਆਂ ਨੌਜਵਾਨ ਲੀਡਰਸ਼ਿਪ ਨੂੰ ਅੱਗੇ ਲਿਆਉਣ ਦੀ ਲੋੜ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਆਉਣ ਵਾਲੇ ਸਮੇਂ 'ਚ ਕਾਂਗਰਸ ਹੋਰ ਮਜ਼ਬੂਤ ਹੋ ਕੇ ਉਭਰੇਗੀ। ਮੁੱਖ ਮੰਤਰੀ ਕੈਪਟਨ ਨੇ ਕਿਹਾ ਕਿ ਕਾਂਗਰਸ ਅਜੇ ਵੀ ਆਉਣ ਵਾਲੇ ਸਮੇਂ 'ਚ ਰਾਹੁਲ ਗਾਂਧੀ ਅਤੇ ਗਾਂਧੀ ਪਰਿਵਾਰ ਦੇ ਮਾਰਗਦਰਸ਼ਨ 'ਚ ਸਫਲਤਾ ਦੀਆਂ ਨਵੀਆਂ ਸਿਖਰਾਂ ਛੂਹੇਗੀ। ਉਨ੍ਹਾਂ ਕਿਹਾ ਕਿ ਰਾਸ਼ਟਰ ਨਿਰਮਾਣ 'ਚ ਗਾਂਧੀ ਪਰਿਵਾਰ ਦੀ ਭੂਮਿਕਾ ਨੂੰ ਕਿਸੇ ਕੀਮਤ 'ਤੇ ਵੀ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ।

ਜਲਿਆਂਵਾਲਾ ਬਾਗ ਪੈਨਲ ਤੋਂ ਕਾਂਗਰਸ ਦੇ ਪ੍ਰਧਾਨ ਨੂੰ ਹਟਾਉਣ ਦੀਆਂ ਕੋਸ਼ਿਸ਼ਾਂ ਗਲਤ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਜ਼ਿਲਿਆ ਵਾਲਾ ਬਾਗ ਪੈਨਲ ਤੋਂ ਕਾਂਗਰਸ ਦੇ ਪ੍ਰਧਾਨ ਨੂੰ ਹਟਾਉਣ ਦੀਆਂ ਕੋਸ਼ਿਸ਼ਾਂ ਬਿਲਕੁਲ ਗਲਤ ਹਨ। ਕਾਂਗਰਸ ਦੇ ਪ੍ਰਧਾਨ ਨੂੰ ਟਰੱਸਟ ਤੋਂ ਹਟਾਉਣ ਲਈ ਬਿੱਲ ਲਿਆਉਣ ਦੀਆਂ ਹੋ ਰਹੀਆਂ ਕੋਸ਼ਿਸ਼ਾਂ ਦਾ ਵਿਰੋਧ ਕਰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਪ੍ਰਧਾਨ ਜਿਲਿਆ ਵਾਲਾ ਬਾਗ ਟਰੱਸਟ ਦੇ ਸਥਾਈ ਮੈਂਬਰ ਹਨ। ਕਾਂਗਰਸ ਜਿਲਿਆ ਵਾਲਾ ਬਾਗ ਟਰੱਸਟ ਨਾਲ ਉਸ ਸਮੇਂ ਤੋਂ ਜੁੜੀ ਹੋਈ ਜਦੋਂ ਇਸ ਦੀ ਸਥਾਪਨਾ ਹੋਈ ਸੀ।

shivani attri

This news is Content Editor shivani attri