ਦੀਵਾਲੀ ਦੀ ਵਧਾਈ ਦੇ ਬਹਾਨੇ ਕੈਪਟਨ ਦਰਬਾਰ ''ਚ ਲੱਗ ਰਹੀ ਹੈ ਵਿਧਾਇਕਾਂ ਦੀ ਹਾਜ਼ਰੀ

10/17/2017 8:31:47 AM

ਜਲੰਧਰ (ਰਵਿੰਦਰ ਸ਼ਰਮਾ)-ਗੁਰਦਾਸਪੁਰ ਉਪ ਚੋਣ ਜਿੱਤਣ ਤੋਂ ਬਾਅਦ ਕਾਂਗਰਸ ਵਿਚ ਬੇਹੱਦ ਉਤਸ਼ਾਹ ਪਾਇਆ ਜਾ ਰਿਹਾ ਹੈ। ਨਾ ਸਿਰਫ ਪਾਰਟੀ ਵਰਕਰ ਖੁਸ਼ ਹਨ, ਸਗੋਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚ ਵੀ ਨਵੀਂ ਊਰਜਾ ਦਾ ਸੰਚਾਰ ਹੋ ਗਿਆ ਹੈ, ਇਸ ਵੱਡੀ ਜਿੱਤ ਤੋਂ ਬਾਅਦ ਹੁਣ ਉਨ੍ਹਾਂ ਦਾ ਧਿਆਨ ਕੈਬਨਿਟ ਵਿਸਥਾਰ ਵਲ ਲੱਗ ਗਿਆ ਹੈ। ਫੈਸਟੀਵਲ ਸੀਜ਼ਨ ਦੀਆਂ ਛੁੱਟੀਆਂ ਤੋਂ ਤੁਰੰਤ ਬਾਅਦ ਉਹ ਕੈਬਨਿਟ ਵਿਸਥਾਰ ਕਰ ਸਕਦੇ ਹਨ, ਇਸ ਦੇ ਲਈ ਜਲਦੀ ਹੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਵਿਚ ਰਾਹੁਲ ਗਾਂਧੀ ਨਾਲ ਮੁਲਾਕਾਤ ਕਰ ਸਕਦੇ ਹਨ। ਇਕ ਪਾਸੇ ਗੁਰਦਾਸਪੁਰ ਚੋਣ ਵਿਚ ਜਿੱਤ ਦੀ ਖੁਸ਼ੀ ਤੇ ਦੂਜੇ ਪਾਸੇ ਦੀਵਾਲੀ ਦਾ ਸੀਜ਼ਨ ਇਹ ਦੋਵੇਂ ਮੌਕੇ ਵਿਧਾਇਕਾਂ ਨੂੰ ਚੰਡੀਗੜ੍ਹ ਸੀ. ਐੱਮ. ਆਫਿਸ ਵਲ ਖਿੱਚ ਰਹੇ ਹਨ। ਦੀਵਾਲੀ ਦੇ ਬਹਾਨੇ ਵਿਧਾਇਕਾਂ ਦੀ ਸੀ. ਐੱਮ. ਦਰਬਾਰ ਵਿਚ ਹਾਜ਼ਰੀ ਲੱਗ ਰਹੀ ਹੈ।
ਮੰਤਰੀ ਅਹੁਦਾ ਲੈਣ ਲਈ ਪਾਰਟੀ ਦੀ ਲੰਮੀ ਲਾਈਨ ਲੱਗੀ ਹੋਈ ਹੈ। ਸੂਬਾ ਲੀਡਰਸ਼ਿਪ ਵਲੋਂ ਸਾਰੇ ਵਿਧਾਇਕਾਂ ਨੂੰ ਸਾਫ ਹੁਕਮ ਦਿੱਤਾ ਗਿਆ ਸੀ ਕਿ ਗੁਰਦਾਸਪੁਰ ਉਪ ਚੋਣ ਵਿਚ ਜੋ ਵੀ ਜਿੰਨੀ ਮਿਹਨਤ ਕਰੇਗਾ, ਨੂੰ ਓਨਾ ਹੀ ਭਵਿੱਖ ਵਿਚ ਫਲ ਮਿਲੇਗਾ। ਇਸ ਲਈ ਸੂਬਾ ਕਾਂਗਰਸ ਨੇ ਸਾਰੇ ਪਾਰਟੀ ਵਿਧਾਇਕਾਂ ਦੀ ਡਿਊਟੀ ਲਾਈ ਸੀ ਤੇ ਉਨ੍ਹਾਂ ਨੂੰ ਏਰੀਆ ਵੰਡਿਆ ਗਿਆ ਸੀ। ਖੁਦ ਨੂੰ ਮੋਹਰਲੀ ਕਤਾਰ ਵਿਚ ਖੜ੍ਹਾ ਕਰਨ ਲਈ ਸਾਰੇ ਵਿਧਾਇਕਾਂ ਨੇ ਬਹੁਤ ਮਿਹਨਤ ਕੀਤੀ, ਜਿਸ ਦਾ ਨਤੀਜਾ 2 ਲੱਖ ਵੋਟਾਂ ਦੀ ਲੀਡ ਨਾਲ ਨਿਕਲਿਆ। ਜਿੱਤ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਵਿਧਾਇਕਾਂ ਦੀ ਲਿਸਟ ਬਣਨ ਲੱਗੀ ਹੈ। ਖੁਦ ਨੂੰ ਇਸ ਦੌੜ ਵਿਚ ਸ਼ਾਮਲ ਕਰਨ ਲਈ ਕਈ ਵਿਧਾਇਕ ਤਾਂ ਦੀਵਾਲੀ ਦੀ ਵਧਾਈ ਦੇ ਬਹਾਨੇ ਕੈਪਟਨ ਦਰਬਾਰ ਵਿਚ ਹਾਜ਼ਰੀ ਲਾ ਰਹੇ ਹਨ।
ਜ਼ਿਕਰਯੋਗ ਹੈ ਕਿ ਮਾਰਚ ਵਿਚ ਸਰਕਾਰ ਬਣਨ ਤੋਂ ਬਾਅਦ ਕੈਪਟਨ ਸਰਕਾਰ ਵਿਚ ਸਿਰਫ 9 ਮੰਤਰੀਆਂ ਨੂੰ ਲਿਆ ਗਿਆ ਸੀ। ਕੈਪਟਨ ਸਰਕਾਰ ਆਪਣੇ ਮੰਤਰੀ ਮੰਡਲ ਵਿਚ 9 ਹੋਰ ਮੰਤਰੀਆਂ ਨੂੰ ਸ਼ਾਮਲ ਕਰ ਸਕਦੀ ਹੈ ਪਰ ਸੂਬੇ ਦੀ ਲਗਾਤਾਰ ਵਿਗੜੀ ਅਰਥਵਿਵਸਥਾ ਦੇ ਮੱਦੇਨਜ਼ਰ ਕੈਪਟਨ ਸਰਕਾਰ ਕੈਬਨਿਟ ਵਿਸਥਾਰ ਦੀ ਹਿੰਮਤ ਨਹੀਂ ਜੁਟਾ ਪਾ ਰਹੀ ਪਰ ਲਗਾਤਾਰ ਅਣਦੇਖੀ ਨਾਲ ਅੰਦਰਖਾਤੇ ਵਿਧਾਇਕਾਂ ਵਿਚ ਜ਼ਬਰਦਸਤ ਰੋਸ ਪੈਦਾ ਹੋ ਰਿਹਾ ਹੈ। ਕਿਸੇ ਤਰ੍ਹਾਂ ਵਿਧਾਇਕਾਂ ਨੂੰ ਗੁਰਦਾਸਪੁਰ ਉਪ ਚੋਣਾਂ ਤੱਕ ਰੋਕਿਆ ਗਿਆ ਸੀ। ਹੁਣ ਚੋਣਾਂ ਖਤਮ ਹੁੰਦਿਆਂ ਹੀ ਇਕ ਵਾਰ ਫਿਰ ਵਿਧਾਇਕਾਂ ਦੇ ਅੰਦਰਲਾ ਜਵਾਰ ਭਾਟਾ ਉਬਾਲੇ ਮਾਰਨ ਲੱਗ ਪਿਆ ਹੈ। ਸੰਭਾਵਨਾ ਹੈ ਕਿ ਕੈਪਟਨ ਸਰਕਾਰ ਦੋ ਪੱਧਰ ਵਿਚ ਕੈਬਨਿਟ ਦਾ ਵਿਸਥਾਰ ਕਰ ਸਕਦੀ ਹੈ। ਇਕ ਵਿਸਥਾਰ 4 ਮੰਤਰੀਆਂ ਦਾ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਹੋ ਸਕਦਾ ਹੈ, ਦੂਜਾ ਨਗਰ ਨਿਗਮ ਚੋਣਾਂ ਤੋਂ ਬਾਅਦ। 
ਕੈਪਟਨ ਕਈ ਮੰਤਰੀਆਂ ਦੇ ਕੰਮਕਾਜ ਤੋਂ ਵੀ ਖੁਸ਼ ਨਹੀਂ ਹਨ ਤੇ ਪੋਰਟਫੋਲੀਓ ਵੀ ਬਦਲੇ ਜਾ ਸਕਦੇ ਹਨ। ਮੌਜੂਦਾ ਸਮੇਂ ਵਿਚ ਪਾਰਟੀ ਦੇ ਅੰਦਰ ਕਈ ਸੀਨੀਅਰ ਵਿਧਾਇਕ ਹਨ, ਜੋ 4 ਤੋਂ 5 ਵਾਰ ਵਿਧਾਇਕ ਬਣ ਚੁੱਕੇ ਹਨ। ਇਹ ਸਭ ਵਿਧਾਇਕ ਤੇ ਹੁਣ ਮੰਤਰੀ ਅਹੁਦਾ ਲੈਣ ਦੀ ਦੌੜ ਵਿਚ ਸ਼ਾਮਲ ਹਨ। ਹੁਣ ਦੇਖਣਾ ਹੋਵੇਗਾ ਕਿ ਦੀਵਾਲੀ ਤੋਂ ਬਾਅਦ ਕਿਸ ਦੀ ਕਿਸਮਤ ਦਾ ਤਾਰਾ ਚਮਕਦਾ ਹੈ।