ਅਕਾਲੀ ''ਤੇ ਕਾਂਗਰਸ ਦੀ ਲੜਾਈ ਟੈਕਸ ਵਸੂਲੀ ਦੀ : ਆਪ ਆਗੂ

02/11/2018 6:05:43 PM


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ ) - ਅਕਾਲੀ ਦਲ ਅਤੇ ਕਾਂਗਰਸ ਦੀ ਸੱਤਾ ਦੀ ਲੜਾਈ ਨਹੀਂ ਬਲਕਿ ਗੁੰਡਾ ਟੈਕਸ ਦੀ ਲੜਾਈ ਹੈ। ਇਹ ਇਕ ਦੂਜੇ ਤੋਂ ਗੁੰਡਾ ਟੈਕਸ ਵਸੂਲ ਰਹੇ ਹਨ। ਇੰਨ੍ਹਾਂ ਨੂੰ ਆਮ ਲੋਕਾਂ ਦੇ ਹਿੱਤਾਂ ਦੀ ਕੋਈ ਫਿਕਰ ਨਹੀਂ ਹੈ, ਜੇਕਰ ਫਿਕਰ ਹੈ ਤਾਂ ਸਿਰਫ਼ ਆਪਣੀਆਂ ਜੇਬਾਂ ਦੀ ਕਿ ਉਹ ਹਰ ਸਮੇਂ ਭਰੀਆਂ ਰਹਿਣ। ਇਹ ਗੱਲ ਆਮ ਆਦਮੀ ਪਾਰਟੀ ਦੇ ਜੋਨ ਇੰਚਾਰਜ ਅਨਿਲ ਠਾਕੁਰ, ਵਾਈਸ ਪ੍ਰਧਾਨ ਮਾਸਟਰ ਬਲਦੇਵ ਸਿੰਘ ਅਜ਼ਾਦ ਅਤੇ ਜ਼ਿਲਾ ਪ੍ਰਧਾਨ ਜਗਦੀਪ ਸਿੰਘ ਸੰਧੂ ਨੇ ਸਾਂਝੇ ਤੌਰ 'ਤੇ ਸਥਾਨਕ ਮੁਕਤੇ ਮੀਨਾਰ ਵਿਖੇ ਜ਼ਿਲੇ ਦੀ ਮਹੀਨਾਵਾਰ ਮੀਟਿੰਗ ਦੌਰਾਨ ਕਹੀ।

ਇਸ ਮੀਟਿੰਗ 'ਚ ਵਰਕਰਾਂ ਦੀਆਂ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਆਗੂਆਂ ਨੇ ਕਿਹਾ ਕਿ ਪਹਿਲਾਂ ਸਾਬਕਾ ਉਪ ਮੰਤਰੀ ਸੁਖਬੀਰ ਸਿੰਘ ਦੀ ਗੱਲ ਦਾ ਕੋਈ ਯਕੀਨ ਨਹੀਂ ਕਰਦਾ ਸੀ, ਕਿਉਂਕਿ ਉਹ ਹਮੇਸ਼ਾ ਝੂਠ ਬੋਲਦੇ ਹਨ ਪਰ ਇਸ ਵਾਰ ਉਨ੍ਹਾਂ ਨੇ ਸੱਚ ਬੋਲਿਆ ਕਿ ਕਾਂਗਰਸ ਵਾਲੇ ਸਾਡੇ ਤੋਂ ਜ਼ਿਆਦਾ ਗੁੰਡਾ ਟੈਕਸ ਲੈ ਰਹੇ ਹਨ। ਇਸ ਤੋਂ ਇਹ ਤਾਂ ਸਾਫ਼ ਹੋ ਗਿਆ ਕਿ ਅਕਾਲੀ ਦਲ ਵਾਲੇ ਮੰਨਦੇ ਹਨ ਕਿ ਅਸੀਂ ਲੋਕਾਂ ਤੋਂ ਗੁੰਡਾ ਟੈਕਸ ਵਸੂਲ ਕਰਦੇ ਸੀ। ਕੱਚਾ ਮਾਲ ਲੈ ਕੇ ਆਉਣ ਜਾਣ ਵਾਲੇ ਹਰ ਟਰੱਕ ਤੋਂ ਗੁੰਡਾ ਟੈਕਸ ਵਸੂਲ ਕੀਤਾ ਜਾ ਰਿਹਾ ਹੈ। ਜਿਸ ਕਾਰਨ ਰਿਫਾਇਨਰੀ ਵਾਲਿਆਂ ਨੇ ਹੱਥ ਖੜੇ ਕਰ ਦਿੱਤੇ ਹਨ ਕਿ ਜੇਕਰ ਗੁੰਡਾ ਟੈਕਸ ਬੰਦ ਨਾ ਕੀਤਾ ਗਿਆ ਤਾਂ ਅਸੀਂ ਰਿਫ਼ਾਇਨਰੀ ਬੰਦ ਕਰ ਦਿਆਂਗੇ। ਆਗੂਆਂ ਨੇ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮਿੰਨਤਾ ਕਰ ਰਹੀ ਹੈ ਕਿ ਪੰਜਾਬ ਵਿਚ ਉਦਯੋਗ ਲਗਾਏ ਜਾਣ। ਦੂਜੇ ਪਾਸੇ ਲੱਗੇ ਹੋਏ ਉਦਯੋਗ ਬੰਦ ਕਰਵਾਉਣ 'ਤੇ ਤੁਲੀ ਹੋਈ ਹੈ। ਉਧਰ ਜਗਦੀਪ ਸੰਧੂ ਨੇ ਗਿੱਦੜਬਾਹਾ ਦੇ ਭਾਰੂ ਚੌਕ ਵਿਖੇ ਧਰਨਾ ਲਗਾ ਕੇ ਬੈਠੇ ਕਿਸਾਨਾਂ 'ਤੇ ਪਰਚਾ ਦਰਜ ਕਰਨ ਦੀ ਕਾਰਵਾਈ ਨੂੰ ਮੰਦਭਾਗਾ ਦੱਸਦੇ ਹੋਏ ਪੁਲਸ ਦੀ ਕਾਰਗੁਜ਼ਾਰੀ 'ਤੇ ਉਂਗਲੀ ਉਠਾਈ ਹੈ। ਉਨ੍ਹਾਂ ਕਿਹਾ ਕਿ ਪੁਲਸ ਜਾਇਜ ਕੰਮ ਕਰਨ ਨੂੰ ਤਾਂ ਤਿਆਰ ਨਹੀਂ ਪਰ ਮਰੇ ਹੋਏ ਕਿਸਾਨਾਂ 'ਤੇ ਪਰਚਾ ਦਰਜ ਕਰਕੇ ਆਪਣਾ ਰੋਹਬ ਬਣਾਉਣ ਵਿਚ ਲੱਗੀ ਹੋਈ ਹੈ ਕਿ ਸ਼ਾਇਦ ਉਨ੍ਹਾਂ ਦੇ ਕੰਮ ਨੂੰ ਵੇਖ ਕੇ ਲੋਕ ਡਰ ਜਾਣਗੇ ਪਰ ਅਜਿਹਾ ਕਰਕੇ ਪੁਲਸ ਆਪਣਾ ਮਜ਼ਾਕ ਬਣਵਾ ਰਹੀ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਆਪ ਦੇ ਵਰਕਰ ਮੌਜੂਦ ਸਨ।