ਕੋਹਾੜ ਬੌਖਲਾਹਟ ''ਚ, ਪੰਚਾਇਤੀ ਉਪ ਚੋਣਾਂ ''ਚ ਹਾਰ ਬਰਦਾਸ਼ਤ ਨਹੀਂ ਹੋਈ : ਹਰਦੇਵ ਲਾਡੀ

08/10/2017 7:43:07 PM

ਜਲੰਧਰ (ਧਵਨ)¸ ਪੰਜਾਬ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਹਰਦੇਵ ਸਿੰਘ ਲਾਡੀ ਨੇ ਸਾਬਕਾ ਅਕਾਲੀ ਮੰਤਰੀ ਅਜੀਤ ਸਿੰਘ ਕੋਹਾੜ ਵਲੋਂ ਲਗਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦੇ ਹੋਏ ਕਿਹਾ ਹੈ ਕਿ ਕੋਹਾੜ ਬੌਖਲਾਹਟ ਵਿਚ ਆ ਕੇ ਬਿਆਨਬਾਜ਼ੀ ਕਰ ਰਹੇ ਹਨ ਜਦ ਕਿ ਹਕੀਕਤ ਇਹ ਹੈ ਕਿ ਕੋਹਾੜ ਨੂੰ ਪੰਚਾਇਤੀ ਉਪ ਚੋਣਾਂ ਵਿਚ ਅਕਾਲੀ ਦਲ ਦੀ ਹਾਰ ਬਰਦਾਸ਼ਤ ਨਹੀਂ ਹੋ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਮੈਂਬਰ ਪੰਚਾਇਤਾਂ ਦੀਆਂ ਦੋ ਅਤੇ ਸਰਪੰਚਾਂ ਦੀਆਂ ਦੋ ਚੋਣਾਂ ਹਾਲ ਹੀ ਵਿਚ ਕਰਵਾਈਆਂ ਗਈਆਂ ਅਤੇ ਇਹ ਵੀ ਸਾਰੀਆਂ ਚੋਣਾਂ ਸ਼ਾਹਕੋਟ ਹਲਕੇ ਵਿਚ ਕਾਂਗਰਸ ਜਿੱਤ ਗਈ। ਉਨ੍ਹਾਂ ਨੇ ਕਿਹਾ ਕਿ ਹੁਣ ਅਕਾਲੀ ਦਲ ਦੇ ਨੇਤਾ ਤੇ ਵਰਕਰ ਕੋਹਾੜ ਨੂੰ ਛੱਡ ਕੇ ਕਾਂਗਰਸ ਦਾ ਪੱਲਾ ਫੜ ਰਹੇ ਹਨ। ਇਸ ਨਾਲ ਕੋਹਾੜ ਵਿਚ ਨਿਰਾਸ਼ਾ ਵਧ ਗਈ ਹੈ।
ਹਰਦੇਵ ਲਾਡੀ ਨੇ ਕਿਹਾ ਕਿ ਪਿਛਲੇ ਦਿਨੀਂ ਅਕਾਲੀ ਵਰਕਰਾਂ ਨੇ ਉਨ੍ਹਾਂ ਦੀ ਗੱਡੀ ਨੂੰ ਜਬਰੀ ਰੋਕਣ ਦੀ ਕੋਸ਼ਿਸ਼ ਕੀਤੀ ਸੀ ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ। ਜਦ ਉਨ੍ਹਾਂ ਤੋਂ ਕੋਹਾੜ ਵਲੋਂ ਕੁਝ ਔਰਤਾਂ ਦੇ ਕੱਪੜੇ ਪਾੜਨ ਦੇ ਲਗਾਏ ਗਏ ਦੋਸ਼ਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਵੀ ਪੁਲਸ ਅਧਿਕਾਰੀਆਂ ਨੂੰ ਕਿਹਾ ਕਿ ਇਸ ਵਿਚ ਜੋ ਵੀ ਸ਼ਾਮਲ ਹੋਵੇ ਉਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਜੇ ਇਸ ਵਿਚ ਅਕਾਲੀ ਵਰਕਰ ਸ਼ਾਮਲ ਹੋਏ ਤਾਂ ਉਨ੍ਹਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਪਰ ਇਨਸਾਫ ਮਿਲਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਦਰਅਸਲ ਕੋਹਾੜ ਨੇ ਪਿਛਲੇ 10 ਸਾਲਾਂ ਵਿਚ ਕਾਂਗਰਸੀਆਂ 'ਤੇ ਜ਼ਿਆਦਤੀਆਂ ਕੀਤੀਆਂ ਹੁਣ ਤਾਂ ਜਨਤਾ ਵੀ ਸਮਝ ਗਈ ਹੈ ਕਿ ਕਾਂਗਰਸ ਹੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਲੋਕਾਂ ਨੂੰ ਇਨਸਾਫ ਦੇ ਸਕਦੀ ਹੈ। 
ਉਨ੍ਹਾਂ ਨੇ ਕਿਹਾ ਕਿ ਅੱਗੇ ਆਉਣ ਵਾਲੀਆਂ ਚੋਣਾਂ ਵਿਚ ਵੀ ਕੋਹਾੜ ਦੀ ਜ਼ਮੀਨ ਖਿਸਕਣ ਵਾਲੀ ਹੈ। ਲਾਡੀ ਨੇ ਕਿਹਾ ਕਿ ਜਿੱਥੋਂ ਤਕ ਪੱਤਰਕਾਰ ਤ੍ਰੇਹਨ ਨਾਲ ਸੰੰਬੰਧਤ ਮਾਮਲਾ ਹੈ ਉਸ ਵਿਚ ਕੋਹਾੜ ਨੇ ਹੀ ਅਕਾਲੀ ਦਲ ਦੀ ਸਰਕਾਰ ਸਮੇਂ ਕਾਫੀ ਜ਼ਿਆਦਤੀਆਂ ਕੀਤੀਆਂ। ਪੱਤਰਕਾਰ ਦੀ ਸੁਣਵਾਈ ਕਰਨ ਦੀ ਬਜਾਏ ਉਲਟਾ ਕੋਹਾੜ ਪੁਲਸ 'ਤੇ ਦਬਾਅ ਪਾ ਕੇ ਉਨ੍ਹਾਂ ਨੂੰ ਤੰਗ ਕਰਦੇ ਰਹੇ। ਉਨ੍ਹਾਂ ਨੇ ਕਿਹਾ ਕਿ ਕੋਹਾੜ ਹੁਣ ਕਾਂਗਰਸ ਦੇ ਵਿਰੁੱਧ ਕੋਈ ਨਾ ਕੋਈ ਮੁੱਦਾ ਲੱਭਣ ਵਿਚ ਲੱਗੇ ਹੋਏ ਹਨ ਜਦ ਕਿ ਹਕੀਕਤ ਇਹ ਹੈ ਕਿ ਅਕਾਲੀ ਹਤਾਸ਼ਾ ਦੀ ਸਥਿਤੀ ਵਿਚ ਆ ਚੁੱਕੇ ਹਨ।