ਸਰਪੰਚ ਨੂੰ ਝੂਠਾ ਕੇਸ ਦਰਜ ਕਰਕੇ ਘਰੋਂ ਚੁੱਕਣ ਦੀ ਦਿੱਤੀ ਧਮਕੀ

03/14/2018 6:20:34 AM

ਲੁਧਿਆਣਾ(ਅਨਿਲ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਥਾਣਾ ਮੇਹਰਬਾਨ ਦੇ ਸਸਪੈਂਡ ਕੀਤੇ ਗਏ ਮੁਖੀ ਇੰਸਪੈਕਟਰ ਜਰਨੈਲ ਸਿੰਘ ਵੱਲੋਂ ਪਿੰਡ ਬੂਥਗੜ੍ਹ ਦੇ ਸਰਪੰਚ ਅਤੇ ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਜਨਰਲ ਸਕੱਤਰ ਅਮਰਿੰਦਰ ਸਿੰਘ ਸੋਨੀ ਨੂੰ ਝੂਠਾ ਮੁਕੱਦਮਾ ਦਰਜ ਕਰਨ ਦੀ ਧਮਕੀ ਦੇਣ ਦੀ ਗੱਲ ਸਾਹਮਣੇ ਆਈ ਹੈ। ਇਸ ਸਬੰਧੀ ਅੱਜ ਸਰਪੰਚ ਸੋਨੀ ਅਤੇ ਬਲਾਕ ਸੰਮਤੀ ਮੈਂਬਰ ਤਾਜਪਿੰਦਰ ਸਿੰਘ ਸੋਨੂੰ ਨੇ ਦੱਸਿਆ ਕਿ 11 ਮਾਰਚ ਦੀ ਰਾਤ 9 ਵਜੇ ਉਨ੍ਹਾਂ ਨੇ ਸਸਪੈਂਡ ਥਾਣਾ ਮੁਖੀ ਜਰਨੈਲ ਸਿੰਘ ਨੂੰ ਉਨ੍ਹਾਂ ਦੇ ਪਿੰਡ ਵਿਚ ਚੱਲ ਰਹੀ ਨਾਜਾਇਜ਼ ਮਾਈਨਿੰਗ ਸਬੰਧੀ ਸਰਕਾਰੀ ਮੋਬਾਇਲ ਨੰਬਰ 'ਤੇ ਫੋਨ ਕੀਤਾ ਸੀ। ਇਸ ਤੋਂ ਬਾਅਦ ਇੰਸਪੈਕਟਰ ਜਰਨੈਲ ਸਿੰਘ ਨੇ ਰੇਤ ਮਾਫੀਆ ਖਿਲਾਫ ਕਾਰਵਾਈ ਕਰਨ ਦੀ ਬਜਾਏ ਉਲਟਾ ਸਰਪੰਚ ਸੋਨੀ 'ਤੇ ਹੀ ਝੂਠਾ ਪਰਚਾ ਦਰਜ ਕਰ ਕੇ ਉਸ ਨੂੰ ਘਰੋਂ ਚੁੱਕ ਲੈਣ ਸਬੰਧੀ ਧਮਕਾਉਣਾ ਸ਼ੁਰੂ ਕਰ ਦਿੱਤਾ। ਸਰਪੰਚ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਸਬੰਧੀ ਸ਼ਿਕਾਇਤ ਕਰਨ ਦੀ ਗੱਲ ਕਹੀ ਤਾਂ ਜਰਨੈਲ ਸਿੰਘ ਨੇ ਕਿਹਾ ਕਿ ਸੀ. ਐੱਮ. ਵੀ ਸਾਡੇ ਹਨ। ਸਰਪੰਚ ਨੇ ਦੱਸਿਆ ਕਿ ਜਿਸ ਦਿਨ ਤੋਂ ਜਰਨੈਲ ਸਿੰਘ ਨੇ ਥਾਣਾ ਮੇਹਰਬਾਨ ਦਾ ਚਾਰਜ ਸੰਭਾਲਿਆ ਸੀ, ਉਸੇ ਦਿਨ ਤੋਂ ਇਲਾਕੇ 'ਚ ਦਿਨ-ਰਾਤ ਰੇਤ ਦੀ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਰੇਤ ਦਾ ਨਾਜਾਇਜ਼ ਕਾਰੋਬਾਰ ਕਰਨ ਵਾਲੇ ਸ਼ਰੇਆਮ ਦਿਨ-ਰਾਤ ਪੁਲਸ ਥਾਣੇ ਵਿਚ ਬੈਠੇ ਰਹਿੰਦੇ ਸਨ। ਉਨ੍ਹਾਂ ਦੱਸਿਆ ਕਿ ਸਾਬਕਾ ਅਕਾਲੀ-ਭਾਜਪਾ ਸਰਕਾਰ ਸਮੇਂ ਵੀ ਉਨ੍ਹਾਂ ਨੇ ਇਸ ਸਬੰਧ 'ਚ ਮਾਣਯੋਗ ਹਾਈ ਕੋਰਟ 'ਚ ਇਕ ਪਟੀਸ਼ਨ ਦਾਇਰ ਕੀਤੀ ਸੀ। ਇਸ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਨੇ ਰੇਤ ਦੇ ਨਾਜਾਇਜ਼ ਕਾਰੋਬਾਰ ਨੂੰ ਬੰਦ ਕਰਵਾਉਣ ਲਈ ਪਿੰਡ ਬੂਥਗੜ੍ਹ ਵਿਚ ਪੁਲਸ ਦੀ ਗਾਰਦ ਬਿਠਾ ਦਿੱਤੀ ਸੀ ਪਰ ਕਾਂਗਰਸ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਸੀ. ਐੱਮ. ਦੇ ਹੁਕਮਾਂ ਦੇ ਉਲਟ ਕੁੱਝ ਭ੍ਰਿਸ਼ਟ ਅਧਿਕਾਰੀ ਰੇਤ ਦੇ ਨਾਜਾਇਜ਼ ਕਾਰੋਬਾਰ ਨੂੰ ਉਤਸ਼ਾਹ ਦੇ ਰਹੇ ਹਨ। ਉਨ੍ਹਾਂ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ, ਡੀ. ਜੀ. ਪੀ., ਹਿਊਮਨ ਰਾਈਟਸ ਕਮਿਸ਼ਨ ਅਤੇ ਹਾਈ ਕੋਰਟ ਨੂੰ ਵੀ ਸਸਪੈਂਡ ਥਾਣਾ ਮੁਖੀ ਜਰਨੈਲ ਸਿੰਘ ਦੀ ਸ਼ਿਕਾਇਤ ਕੀਤੀ ਹੈ।
ਕੀ ਕਹਿੰਦੇ ਹਨ ਜ਼ਿਲਾ ਕਾਂਗਰਸ ਪ੍ਰਧਾਨ ਲਾਪਰਾਂ 
ਜਦੋਂ ਇਸ ਸਬੰਧੀ ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਹਾਈਕਮਾਨ ਨੂੰ ਸਾਰੀ ਜਾਣਕਾਰੀ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪਿਛਲੀ ਸਰਕਾਰ ਦੌਰਾਨ ਹਲਕਾ ਸਾਹਨੇਵਾਲ ਵਿਚ ਕਾਂਗਰਸੀ ਵਰਕਰਾਂ 'ਤੇ ਸਰਕਾਰ ਨੇ ਬਹੁਤ ਧੱਕੇਸ਼ਾਹੀ ਕੀਤੀ ਸੀ। ਜੇਕਰ ਕੋਈ ਵੀ ਵਿਅਕਤੀ ਕਾਂਗਰਸ ਪਾਰਟੀ ਦੇ ਵਰਕਰਾਂ ਨਾਲ ਗਲਤ ਭਾਸ਼ਾ ਦੀ ਵਰਤੋਂ ਕਰੇਗਾ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ 'ਚ ਕਾਂਗਰਸ ਦੇ ਸੱਤਾ 'ਚ ਆਉਣ ਵਿਚ ਪਾਰਟੀ ਵਰਕਰਾਂ ਨੇ ਸਖਤ ਮਿਹਨਤ ਕੀਤੀ ਹੈ।