ਹਿਮਾਚਲ ਦੇ ਮੁਕਾਬਲੇ ਪੰਜਾਬ ਦੀ ਗਰੀਬ ਜਨਤਾ ਨੂੰ ਮਿਲਣ ਵਾਲੀਆਂ ਬੁਨਿਆਦੀ ਸਹੂਲਤਾਂ ਜ਼ੀਰੋ

10/26/2017 3:26:21 AM

ਲੁਧਿਆਣਾ(ਖੁਰਾਣਾ)-ਪੰਜਾਬ ਨਾਲ ਲਗਦੇ ਗੁਆਂਢੀ ਰਾਜ ਹਿਮਾਚਲ ਵਿਚ ਵੀ ਚਾਹੇ ਕਾਂਗਰਸ ਪਾਰਟੀ ਦੀ ਹੀ ਸਰਕਾਰ ਹੈ ਪਰ ਦੋਵੇਂ ਰਾਜਾਂ ਦੀ ਗਰੀਬ ਜਨਤਾ ਨੂੰ ਉੱਥੋਂ ਦੀਆਂ ਸਰਕਾਰਾਂ ਵੱਲੋਂ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਬੁਨਿਆਦੀ ਜ਼ਰੂਰਤਾਂ 'ਚ ਜ਼ਮੀਨ ਆਸਮਾਨ ਦਾ ਹੀ ਨਹੀਂ ਬਲਕਿ ਆਸਮਾਨ ਅਤੇ ਪਤਾਲ ਜਿੰਨਾ ਵੱਡਾ ਫਰਕ ਕਿਹਾ ਜਾ ਸਕਦਾ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਦੋਵੇਂ ਰਾਜਾਂ ਵਿਚ ਵਸੇ ਉਨ੍ਹਾਂ ਗਰੀਬ ਪਰਿਵਾਰਾਂ ਦੀ ਜੋ ਆਪਣਾ ਗੁਜ਼ਰ ਬਸਰ ਕਰਨ ਲਈ ਸਰਕਾਰ ਵੱਲੋਂ ਚਲਾਏ ਜਾ ਰਹੇ ਰਾਸ਼ਨ ਡਿਪੂਆਂ ਵੱਲੋਂ ਮਿਲਣ ਵਾਲੀ ਸਬਸੀਡਾਇਜ਼ ਖਾਧ ਪਦਾਰਥਾਂ 'ਤੇ ਨਿਰਭਰ ਰਹਿੰਦੇ ਹਨ। ਦੱਸ ਦੇਈਏ ਕਿ ਪੰਜਾਬ ਭਰ 'ਚ ਕਰੀਬ ਡੇਢ ਕਰੋੜ ਤੋਂ ਜ਼ਿਆਦਾ ਅਜਿਹੇ ਪਰਿਵਾਰ ਸਰਕਾਰੀ ਅੰਕੜਿਆਂ ਮੁਤਾਬਕ ਜੀਵਨ ਬਸਰ ਕਰ ਰਹੇ ਹਨ, ਜੋ ਕਿ ਗਰੀਬੀ ਰੇਖਾ ਤੋਂ ਥੱਲੇ ਦੀ ਕੈਟਾਗਰੀ ਦਾ ਹਿੱਸਾ ਦੱਸੇ ਜਾ ਰਹੇ ਹਨ, ਮਤਲਬ ਉਕਤ ਪਰਿਵਾਰਾਂ ਨੂੰ ਸਾਰੇ ਦਿਨ ਦੀ ਸਖ਼ਤ ਮਿਹਨਤ ਮਜ਼ਦੂਰੀ ਕਰਨ ਦੇ ਬਾਵਜੂਦ ਦੋ ਵਕਤ ਦੀ ਰੋਟੀ ਬੜੀ ਮੁਸ਼ਕਲ ਨਾਲ ਨਸੀਬ ਹੁੰਦੀ ਹੈ ਪਰ ਪੰਜਾਬ ਸਰਕਾਰ ਇਨ੍ਹਾਂ ਬੀ. ਪੀ. ਐੱਲ. (ਬਿਲੋ ਪਾਵਰਟੀ ਲਾਈਨ) ਪਰਿਵਾਰਾਂ ਨੂੰ ਆਰਥਿਕ ਮਦਦ ਦੇ ਨਾਂ 'ਤੇ ਡਿਪੂਆਂ ਰਾਹੀਂ ਦਿੱਤੇ ਜਾਣ ਵਾਲੇ ਰਾਸ਼ਨ ਦੇ ਨਾਂ 'ਤੇ ਸਿਰਫ 2 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਕਣਕ ਹੀ ਮੁਹੱਈਆ ਕਰਵਾ ਰਹੀ ਹੈ, ਦੂਜੇ ਪਾਸੇ ਪੰਜਾਬ ਦੇ ਗੁਆਂਢੀ ਰਾਜ ਹਿਮਾਚਲ ਦੀ ਸਰਕਾਰ ਆਪਣੇ ਰਾਜ ਦੀ ਗਰੀਬ ਜਨਤਾ ਨੂੰ ਇਕ ਦਰਜਨ ਦੇ ਕਰੀਬ ਵੱਖ-ਵੱਖ ਤਰ੍ਹਾਂ ਦੇ ਖਾਧ ਪਦਾਰਥ ਸਬਸਿਡਾਈਜ਼ ਦਰਾਂ 'ਤੇ ਮੁਹੱਈਆ ਕਰਵਾ ਕੇ ਆਪਣੀ ਜਨਤਾ ਦੀ ਪਿੱਠ ਥਾਪੜਨ ਦਾ ਸ਼ਲਾਘਾਯੋਗ ਕੰਮ ਕਰ ਰਹੀ ਹੈ। ਹੁਣ ਜੇਕਰ ਗੱਲ ਕੀਤੀ ਜਾਵੇ ਪੰਜਾਬ ਵਿਚ ਨੀਲੇ ਕਾਰਡਧਾਰਕਾਂ ਨੂੰ ਮਿਲਣ ਵਾਲੇ ਕੈਰੋਸੀਨ ਅਤੇ ਸਰਕਾਰੀ ਦਾਲਾਂ ਦੀ ਤਾਂ ਉਕਤ ਦੋਵੇਂ ਚੀਜ਼ਾਂ ਦਾ ਤਾਂ ਸਾਬਕਾ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਹੀ ਲਗਭਗ ਭੋਗ ਪੈ ਗਿਆ ਸੀ, ਜੋ ਕਿ ਅਜੇ ਤੱਕ ਮੁੜ ਸ਼ੁਰੂ ਨਹੀਂ ਹੋ ਸਕੀ ਹੈ, ਜਦੋਂਕਿ ਦੂਜੇ ਪਾਸੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਲ 2017 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਪੇਸ਼ ਕੀਤੇ ਗਏ ਚੋਣ ਮਨੋਰਥ ਪੱਤਰ ਵਿਚ ਕਾਰਡਧਾਰਕ ਪਰਿਵਾਰਾਂ ਨੂੰ ਘਿਓ, ਚਾਹਪੱਤੀ, ਦਾਲਾਂ ਅਤੇ ਹੋਰ ਕਈ ਤਰ੍ਹਾਂ ਦੇ ਖਾਧ ਪਦਾਰਥ ਡਿਪੂ ਵੱਲੋਂ ਸਬਸਿਡੀ ਦਰਾਂ 'ਤੇ ਦੇਣ ਦੇ ਰੰਗੀਨ ਸੁਪਨੇ ਦਿਖਾਏ ਸਨ, ਜੋ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਬਣਨ ਦੇ ਕਰੀਬ 9 ਮਹੀਨੇ ਬਾਅਦ ਵੀ ਪੂਰੇ ਨਹੀਂ ਕੀਤੇ ਹਨ। ਰਾਜ ਦੀ ਗਰੀਬ ਜਨਤਾ ਬੇਵੱਸੀ ਨਾਲ ਮੁੱਖ ਮੰਤਰੀ ਦੇ ਉਕਤ ਵਾਅਦਿਆਂ ਨੂੰ ਹਕੀਕਤ ਵਿਚ ਬਦਲਣ ਦੀ ਉਡੀਕ ਕਰ ਰਹੀ ਹੈ ਕਿ ਕਦੋਂ ਮੁੱਖ ਮੰਤਰੀ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਅਤੇ ਖੁਦ ਆਪਣੀ ਸਰਕਾਰ ਵੱਲੋਂ ਉਨ੍ਹਾਂ ਦੇ ਪਰਿਵਾਰਾਂ ਲਈ ਚਲਾਈਆਂ ਗਈਆਂ ਲੋਕ ਭਲਾਈ ਦੀਆਂ ਯੋਜਨਾਵਾਂ ਨੂੰ ਅਮਲੀਜਾਮਾ ਪਹਿਨਾਉਂਦੇ ਹੋਏ ਉਨ੍ਹਾਂ ਦੇ ਸੁਪਨਿਆਂ ਦੀ ਹਕੀਕਤ ਦੇ ਖੰਭ ਲਾਉਣਗੇ।