ਕਾਂਗਰਸ ਸਰਕਾਰ ਦੀ ਹੁਣ ਤੱਕ ਦੀ ਇਹ ਸਭ ਤੋਂ ਮਾੜੀ ਕਾਰਗੁਜ਼ਾਰੀ : ਪਰਮਿੰਦਰ ਢੀਂਡਸਾ

09/30/2017 6:28:20 AM

ਲਹਿਰਾਗਾਗਾ(ਜਿੰਦਲ, ਗਰਗ)— ਕਾਂਗਰਸ ਸਰਕਾਰ ਦੀ ਹੁਣ ਤੱਕ ਦੀ ਇਹ ਸਭ ਤੋਂ ਮਾੜੀ ਕਾਰਗੁਜ਼ਾਰੀ ਰਹੀ, ਜੋ ਪਹਿਲਾਂ ਕਦੇ ਵੀ ਕਿਸੇ ਸਰਕਾਰ ਦੀ ਸੂਬੇ ਵਿਚ ਕੀ ਦੇਸ਼ ਵਿਚ ਨਹੀਂ ਦੇਖੀ ਗਈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਹਲਕਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ । ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਹਰ ਫਰੰਟ 'ਤੇ ਫੇਲ ਹੋ ਚੁੱਕੀ ਹੈ । ਕਾਂਗਰਸ ਪਾਰਟੀ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਬਣਨ 'ਤੇ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਜਾਵੇਗਾ ਪਰ ਇੰਨੇ ਮਹੀਨੇ ਬੀਤਣ ਦੇ ਬਾਵਜੂਦ ਇਸ ਵਾਅਦੇ ਨੂੰ ਪੂਰਾ ਨਹੀਂ ਕੀਤਾ ਗਿਆ। ਕਿਸਾਨ ਲਗਾਤਾਰ ਖੁਦਕੁਸ਼ੀਆਂ ਕਰ ਰਹੇ ਹਨ । ਅਕਾਲੀ-ਭਾਜਪਾ ਸਰਕਾਰ ਸਮੇਂ ਖੁਦਕੁਸ਼ੀ ਕਰਨ ਵਾਲੇ ਕਿਸਾਨ ਦੇ ਪਰਿਵਾਰ ਨੂੰ 3 ਲੱਖ ਰੁਪਏ ਦਿੱਤੇ ਜਾਂਦੇ ਸਨ । ਪਰ ਕਾਂਗਰਸ ਸਰਕਾਰ ਤਾਂ ਉਹ ਵੀ ਨਹੀਂ ਦੇ ਰਹੀ । ਉਨ੍ਹਾਂ ਕਿਹਾ ਕਿ ਜੋ ਵਿਭਾਗ ਮੁੱਖ ਮੰਤਰੀ ਨੇ ਆਪਣੇ ਅਧੀਨ ਰੱਖੇ ਹੋਏ ਹਨ, ਕੈਬਨਿਟ ਮੰਤਰੀ ਨਵਜੋਤ ਸਿੱਧੂ ਉਨ੍ਹਾਂ ਵਿਭਾਗਾਂ ਵਿਚ ਕੰਮ ਨਾ ਹੋਣ ਦੀ ਸਮੀਖਿਆ ਕਰਦਿਆਂ ਇਹ ਵਿਭਾਗ ਉਨ੍ਹਾਂ ਨੂੰ ਸੌਂਪੇ ਜਾਣ ਦੀ ਮੰਗ ਕਰ ਰਹੇ ਹਨ। ਢੀਂਡਸਾ ਨੇ ਕਿਹਾ ਕਿ ਸਿੱਧੂ ਪਹਿਲਾਂ ਆਪਣੇ ਵਿਭਾਗ ਨੂੰ ਠੀਕ ਕਰ ਲੈਣ। ਆਪਣੇ ਮੁਲਾਜ਼ਮਾਂ ਨੂੰ ਤਾਂ ਸਮੇਂ ਸਿਰ ਤਨਖਾਹ ਨਹੀਂ ਦਿੱਤੀ ਜਾ ਰਹੀ। ਮਿਊਂਸੀਪਲ ਕਮੇਟੀਆਂ ਦੇ ਸਭ ਕੰਮ ਠੱਪ ਪਏ ਹਨ। ਉਨ੍ਹਾਂ ਪਿੰਡ ਬੱਲਰਾਂ ਦੇ ਫੌਜੀ ਲਾਡੀ ਸਿੰਘ ਦੀ ਯਾਦਗਾਰ ਬਣਾਉਣ ਲਈ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਕੋਟੇ ਵਿਚ ਗ੍ਰਾਂਟ ਲੈ ਕੇ ਦੇਣ ਦੀ ਗੱਲ ਵੀ ਕਹੀ । ਇਸ ਮੌਕੇ ਅਕਾਲੀ ਆਗੂ ਸਤਪਾਲ ਸਿੰਗਲਾ, ਸਾਬਕਾ ਨਗਰ ਕੌਂਸਲ ਪ੍ਰਧਾਨ ਬਲਵਿੰਦਰ ਕੌਰ, ਜਥੇ. ਪ੍ਰਗਟ ਗਾਗਾ, ਅਨਿਲ ਕੁਮਾਰ ਐਡਵੋਕੇਟ ,ਦਵਿੰਦਰ ਨੀਟੂ ,ਕੌਂਸਲਰ ਸੰਦੀਪ ਦੀਪੂ, ਕੌਂਸਲਰ ਗੁਰਦੇਵ ਸਿੰਘ ਆਦਿ ਹਾਜ਼ਰ ਸਨ।