ਬਿਜਲੀ ਦੀ ਕੀਮਤਾਂ ''ਚ ਵਾਧੇ ਦੀ ਅਕਾਲੀ ਦਲ ਵਲੋਂ ਨਿਖੇਧੀ

06/23/2018 12:35:32 AM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ ਵਲੋਂ ਕੀਤੇ ਗਏ ਬਿਜਲੀ ਦੇ ਰੇਟਾਂ 'ਚ ਵਾਧੇ ਦੇ ਫੈਸਲੇ ਦੀ ਨਿਖੇਧੀ ਕੀਤੀ ਹੈ ਅਤੇ ਪੇਂਡੂ ਇਲਾਕਿਆਂ ਦੇ ਸਾਰੇ ਖਪਤਕਾਰਾਂ ਲਈ ਬਿਜਲੀ ਕਰ 13 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰਨ ਦੇ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਵੱਲੋਂ ਕੱਲ ਜਾਰੀ ਕੀਤਾ ਹੁਕਮ ਸਾਰੇ ਪੇਂਡੂ ਖਪਤਕਾਰਾਂ ਉੱਤੇ ਭਾਰੀ ਬੋਝ ਪਾਵੇਗਾ, ਜਿਸ ਵਿਚ ਬੋਰਡ ਨੇ ਇਸ ਨਾਲ ਪਹਿਲੀ ਅਪ੍ਰੈਲ ਤੋਂ ਬਿਜਲੀ ਕਰ ਵਿਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ।
ਢੀਂਡਸਾ ਨੇ ਕਿਹਾ ਕਿ ਕਾਂਗਰਸ ਦੇ ਮਹਿਜ਼ ਇਕ ਸਾਲ ਤੋਂ ਥੋੜਾ ਸਮਾਂ ਵੱਧ ਦੀ ਹਕੂਮਤ ਦੌਰਾਨ ਘਰੇਲੂ ਬਿਜਲੀ ਦਰਾਂ ਵਿਚ 17 ਤੋਂ 20 ਫੀਸਦੀ ਤਕ ਦਾ ਵਾਧਾ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ ਅਕਤੂਬਰ ਵਿਚ ਸਰਕਾਰ ਨੇ ਇਕੋ ਵਾਰੀ ਬਿਜਲੀ ਦਰਾਂ ਵਿਚ 9 ਤੋਂ 12 ਫੀਸਦੀ ਦਾ ਵਾਧਾ ਕੀਤਾ ਸੀ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਬਿਜਲੀ ਬਿਲ ਦੀ 2 ਫੀਸਦੀ ਰਾਸ਼ੀ ਦੇ ਰੂਪ ਵਿਚ ਇਕ ਮਿਊਂਸੀਪਲ ਟੈਕਸ ਵੀ ਲਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਸਾਲ ਮਾਰਚ ਵਿਚ ਵੀ ਬਿਜਲੀ ਕਰ ਵਿਚ 2 ਫੀਸਦੀ ਵਾਧਾ ਕੀਤਾ ਗਿਆ ਸੀ।
ਢੀਂਡਸਾ ਨੇ ਕਿਹਾ ਕਿ ਘਰੇਲੂ ਖਪਤਕਾਰ ਭਾਵੇਂ ਬਿਜਲੀ ਇਸਤੇਮਾਲ ਕਰਨ ਜਾਂ ਨਾ ਕਰਨ ਕਾਂਗਰਸ ਸਰਕਾਰ ਨੇ ਘਰੇਲੂ ਖਪਤਕਾਰਾਂ 'ਤੇ ਪੱਕੇ ਖਰਚੇ ਥੋਪ ਦਿੱਤੇ ਹਨ। ਇਸ ਤਰ੍ਹਾਂ ਇਹ ਸਰਕਾਰ ਆਮ ਆਦਮੀ ਨੂੰ ਭਾਰੀ ਬੋਝ ਥੱਲੇ ਦੱਬਣ 'ਤੇ ਤੁਰੀ ਹੋਈ ਹੈ।ਉਨ੍ਹਾਂ ਕਿਹਾ ਕਿ ਵਾਅਦੇ ਮੁਤਾਬਿਕ ਉਦਯੋਗਾਂ ਅਤੇ ਆਮ ਆਦਮੀ ਨੂੰ ਰਾਹਤ ਦੇਣ ਦੀ ਥਾਂ ਸਰਕਾਰ ਲਗਾਤਾਰ ਬਿਜਲੀ ਦਰਾਂ ਵਿਚ ਵਾਧਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਹ ਮੁੱਦਾ ਲੋਕਾਂ ਵਿਚ ਲੈ ਕੇ ਜਾਵਾਂਗੇ ਅਤੇ ਸਰਕਾਰ ਨੂੰ ਸਾਰੇ ਲੋਕ-ਵਿਰੋਧੀ ਫੈਸਲੇ ਵਾਪਸ ਲੈਣ ਲਈ ਮਜਬੂਰ ਕਰਾਂਗੇ।