ਕਾਂਗਰਸ ਦੇ ਰਾਜ ''ਚ ਗਰੀਬ ਤੇ ਬਜ਼ੁਰਗ ਹੋਏ ਮੰਦਹਾਲੀ ਦੇ ਸ਼ਿਕਾਰ - ਭਰੋਵਾਲ

02/14/2018 1:06:38 PM

ਤਰਨਤਾਰਨ (ਬਲਵਿੰਦਰ ਕੌਰ) - ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਮਨਦੀਪ ਸਿੰਘ ਭਰੋਵਾਲ ਨੇ ਸਥਾਨਕ ਪੱਤਰਕਾਰਾਂ ਨਾਲ ਪ੍ਰੈੱਸ ਮਿਲਣੀ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸੁਨਹਿਰੇ ਭਵਿੱਖ ਦੇ ਸੁਪਨੇ ਦਿਖਾ ਕੇ ਸੱਤਾ 'ਚ ਆਈ ਕਾਂਗਰਸ ਸਰਕਾਰ ਨੇ ਗਰੀਬਾਂ ਨੂੰ ਮਿਲਦੀ ਆਟਾ ਦਾਲ ਸਹੂਲਤ ਅਤੇ ਬਜ਼ੁਰਗਾਂ ਦੀਆਂ ਪੈਨਸ਼ਨਾਂ ਰੋਕ ਕੇ ਜਿੱਥੇ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਉੱਥੇ ਹੀ ਇਸ ਸਿੱਧੀ ਆਰਥਿਕ ਮਦਦ ਨਾ ਦੇ ਕੇ ਇਨ੍ਹਾਂ ਘੱਟ ਕਮਾਈ ਕਰਨ ਵਾਲੇ ਦੋਹਾਂ ਵਰਗਾਂ ਨੂੰ ਆਰਥਿਕ ਮੰਦਹਾਲੀ ਵੱਲ ਧਕੇਲ ਦਿੱਤਾ ਹੈ, ਜੋ ਕਿ ਬਹੁਤ ਨਿੰਦਣਯੋਗ ਹੈ। ਭਰੋਵਾਲ ਨੇ ਕਿਹਾ ਕਿ ਕਾਂਗਰਸ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਬਜ਼ੁਰਗਾਂ ਦੀ ਬੁਢਾਪਾ ਪੈਨਸ਼ਨ 2000 ਪ੍ਰਤੀ ਵਿਅਕਤੀ ਤੇ ਗਰੀਬਾਂ ਨੂੰ ਆਟਾ ਦਾਲ ਸਕੀਮ ਤਹਿਤ ਘਿਓ ਤੇ ਚਾਹ ਪੱਤੀ ਦੇਣ ਦੇ ਵਾਅਦੇ ਕੀਤੇ ਸਨ ਪਰ ਗੱਦੀ 'ਤੇ ਬਿਰਾਜਮਾਨ ਹੁੰਦਿਆਂ ਹੀ ਉਨ੍ਹਾਂ ਨੂੰ ਮਿਲਣ ਵਾਲੀ ਸਹੂਲਤ 'ਚ ਵਾਧਾ ਕਰਨਾ ਤਾਂ ਦੂਰ ਰਿਹਾ, ਮਿਲ ਰਹੀਆਂ ਸਹੂਲਤਾਂ ਵੀ ਬਹਾਨੇਬਾਜ਼ੀਆਂ ਬਣਾ ਕੇ ਰੋਕ ਦਿੱਤੀਆਂ ਹਨ। ਜਿਸ ਕਾਰਨ ਗਰੀਬਾਂ ਨੂੰ ਮਹਿੰਗੇ ਭਾਅ ਦੇ ਆਟੇ ਦਾਲ ਖਰੀਦਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ, ਉੱਥੇ ਹੀ ਬਜ਼ੁਰਗਾਂ ਨੂੰ ਬੁਢਾਪੇ 'ਚ ਆਪਣੀ ਦਵਾਈਆਂ ਆਦਿ ਖਰੀਦਣ ਲਈ ਦੂਜਿਆਂ ਅੱਗੇ ਹੱਥ ਅੱਡਣੇ ਪੈ ਰਹੇ ਹਨ। ਭਰੋਵਾਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਝੂਠ ਦੀ ਸਿਆਸਤ ਕਰ ਸੱਤਾ ਤਾਂ ਹਥਿਆ ਲਈ ਪਰ ਲੋਕ ਉਸ ਨੂੰ ਇਸ ਬੇਵਫਾਈ ਦੀ ਸਜਾ 2019 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਚ ਦੇ ਕੇ ਸਬਕ ਸਿਖਾਉਣਗੇ। ਇਸ ਮੌਕੇ ਉਨ੍ਹਾਂ ਨਾਲ ਭੁਪਿੰਦਰ ਸਿੰਘ ਟੀਟੂ, ਪਰਮਿੰਦਰ ਸਿੰਘ ਵਿਲਖੂ, ਜਗਤਇੰਦਰ ਸਿੰਘ ਆਦਿ ਹਾਜ਼ਰ ਸਨ।