ਕਾਂਗਰਸੀਆਂ ਨੇ ਕੇਂਦਰੀ ਮੰਤਰੀ ਵਿਜੇ ਗੋਇਲ ਨੂੰ ਦਿਖਾਏ ਕਾਲੇ ਝੰਡੇ, ਭਾਜਪਾ ਦੇ ਖਿਲਾਫ ਕੀਤੀ ਜੰਮ ਕੇ ਨਾਅਰੇਬਾਜ਼ੀ

07/16/2017 10:37:28 PM

ਚੰਡੀਗੜ੍ਹ (ਰਾਇ) — ਕਾਂਗਰਸ ਦੇ ਸੂਬਾ ਸਕੱਤਰ ਯਾਦਵਿੰਦਰ ਮਹਿਤਾ ਦੇ ਅਗਵਾਈ 'ਚ ਸਰਕਾਰੀ ਤੰਤਰ ਦੇ ਗਲਤ ਵਰਤੋ ਦੇ ਖਿਲਾਫ ਕੇਂਦਰੀ ਮੰਤਰੀ ਵਿਜੇ ਗੋਇਲ ਨੂੰ ਕਾਲੇ ਝੰਡੇ ਦਿਖਾਉਣ ਤੇ ਭਾਜਪਾ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਸ਼ਨੀਵਾਰ ਨੂੰ ਕੇਂਦਰੀ ਮੰਤਰੀ ਵਿਜੇ ਗੋਇਲ ਬੀ. ਜੇ. ਪੀ. ਵਲੋਂ ਆਯੋਜਿਤ ਭਾਜਪਾ ਦਫਤਰ 'ਚ ਜੀ. ਐੱਸ. ਟੀ. ਦੇ ਇਕ ਸੈਮੀਨਾਰ 'ਚ ਆਏ ਸਨ। ਸੈਕਟਰ-33 ਦੇ ਭਾਜਪਾ ਦਫਤਰ 'ਚ ਇਸ ਸੈਮੀਨਾਰ ਦਾ ਆਯੋਜਨ ਚੰਡੀਗੜ੍ਹ ਭਾਜਪਾ ਪ੍ਰਧਾਨ ਸੰਜੈ ਟੰਡਨ ਦੀ ਪ੍ਰਧਾਨਗੀ 'ਚ ਹੋਇਆ, ਜਿਸ 'ਚ ਸਾਰੇ ਵਪਾਰੀਆਂ ਤੇ ਉਦਯੋਗਪਤੀਆਂ ਨੂੰ ਬੁਲਾਇਆ ਸੀ।
ਪ੍ਰਦੇਸ਼ ਸਕੱਤਰ ਯਾਦਵਿੰਦਰ ਸਿੰਘ ਨੇ ਕਿਹਾ ਕਿ ਕਿਸੇ ਸਿਆਸੀ ਪਾਰਟੀ ਦੇ ਦਫਤਰ 'ਚ ਸਰਕਾਰੀ ਦਫਤਰ  ਜਿਹੇ ਐਕਸਾਈਜ਼ ਕਮਿਸ਼ਨਰ ਈਟੀਓਸ ਆਦਿ ਨੂੰ ਬੁਲਾ ਕੇ ਸੈਮੀਨਾਰ ਕਰਨਾ ਸਿੱਧੇ ਤੌਰ 'ਤੇ ਸਰਕਾਰੀ ਤੰਤਰ ਦੀ ਗਲਤ ਵਰਤੋ ਹੈ। ਭਾਜਪਾ ਦਫਤਰ ਨੂੰ ਸਰਕਾਰੀ ਦਫਤਰ ਬਣਾ ਦੇਣਾ ਇਹ ਸਿੱਧੇ ਤੌਰ 'ਤੇ ਸੱਤਾ ਦੀ ਗਲਤ ਵਰਤੋਂ ਹੈ। ਇਹ ਹਿਟਲਰਸ਼ਾਹੀ ਹੈ।
ਜ਼ਿਲਾ ਕਾਂਗਰਸ ਦੇ ਪ੍ਰਧਾਨ ਚਿਤਰੰਜਨ ਚੰਚਲ ਨੇ ਕਿਹਾ ਕਿ ਭਾਜਪਾ ਦਫਤਰ 'ਚ ਵਪਾਰੀਆਂ ਨੂੰ ਬੁਲਾ ਕੇ ਸਮਾਗਮ ਕਰਨਾ, ਤਾਂ ਕਿ ਕੋਈ ਵਪਾਰੀ ਜੀ. ਐੱਸ. ਟੀ. ਦੀਆਂ ਖਾਮੀਆਂ ਦਾ ਵਿਰੋਧ ਨਾ ਕਰ ਸਕੇ, ਇਹ ਸਰਾਸਰ ਜਨਤਾ ਦੀਆਂ ਅੱਖਾਂ 'ਚ ਧੂਲ ਝੋਕਣ ਵਾਲਾ ਕੰਮ ਸੀ। ਜਿਵੇਂ ਹੀ ਵਿਜੇ ਗੋਇਲ ਪ੍ਰੈਸ ਕਾਨਫੰਰਸ ਤੋਂ ਬਾਹਰ ਨਿਕਲੇ ਤਾਂ ਬਾਹਰ ਮੌਜੂਦ ਕਾਂਗਰਸ ਦੇ ਕਾਰਜਕਰਤਾਵਾਂ ਨੇ ਸੱਤਾ ਤੇ ਸਰਕਾਰੀ ਤੰਤਰ ਦੇ ਗਲਤ ਇਸਤੇਮਾਲ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਕੇਂਦਰੀ ਮੰਤਰੀ ਨੂੰ ਕਾਲੇ ਝੰਡੇ ਦਿਖਾਏ ਗਏ।
ਧਰਮਵੀਰ ਨੇ ਕਿਹਾ ਕਿ ਅਸੀਂ ਮੰਤਰੀ ਤੋਂ ਸਿਰਫ ਇੰਨਾ ਪੁੱਛਣਾ ਚਾਹੁੰਦੇ ਸੀ ਕਿ ਚੰਡੀਗੜ੍ਹ 'ਚ ਭਾਜਪਾ ਦਫਤਰ 'ਚ ਕਰਵਾਏ ਗਏ ਇਸ ਸਮਾਗਮ 'ਚ ਸਰਕਾਰੀ ਅਫਸਰ ਖੁਦ ਆਏ ਹਨ ਜਾਂ ਭਾਜਪਾ ਨੇ ਇਨ੍ਹਾਂ ਨੂੰ ਸਮਾਗਮ 'ਚ ਸ਼ਿਰਕਤ ਕਰਨ ਲਈ ਸੱਦਾ ਦਿੱਤਾ ਹੈ? ਜੇਕਰ ਭਾਜਪਾ ਨੇ ਬੁਲਾਇਆ ਹੈ ਤਾਂ ਉਹ ਇਹ ਦੱਸਣ ਕਿ, ਕੀ ਸਿਆਸੀ ਸਮਾਗਮਾਂ 'ਚ ਸਰਕਾਰੀ ਅਫਸਰਾਂ ਦੇ ਨਾ ਜਾਣ ਦਾ ਕਾਨੂੰਨ ਬਦਲ ਚੁੱਕਾ ਹੈ ਜਾਂ ਫਿਰ ਭਾਜਪਾ ਨੇ ਇਨ੍ਹਾਂ ਅਫਸਰਾਂ ਨੂੰ ਕਰਮਚਾਰੀਆਂ ਦੀ ਸੰਸਥਾ ਰਾਸ਼ਟਰੀ ਮਜ਼ਦੂਰ ਸੰਘ ਜੁਆਇਨ ਕਰਵਾ ਦਿੱਤੀ ਹੈ?
ਯਾਦਵਿੰਦਰ ਮਹਿਤਾ ਨੇ ਕਿਹਾ ਕਿ ਸੱਤਾ ਤੇ ਸਰਕਾਰੀ ਤੰਤਰ ਦੀ ਗਲਤ ਵਰਤੋ ਦੇ ਖਿਲਾਫ ਕਾਂਗਰਸ ਦਾ ਵਿਰੋਧ ਅੱਗੇ ਵੀ ਜਾਰੀ ਰਹੇਗਾ। ਇਸ ਵਿਰੋਧ 'ਚ ਕਾਂਗਰਸ ਕਾਰਜਕਰਤਾਵਾਂ ਦੀ ਪੁਲਸ ਦੇ ਨਾਲ ਜੰਮ ਕੇ ਧੱਕਾ-ਮੁੱਕੀ ਹੋਈ।