ਕਾਂਗਰਸ ਲੋਕ ਸਭਾ ਚੋਣਾਂ ਲਈ ਆਪਣੇ ਉਮੀਦਵਾਰ 6 ਮਹੀਨੇ ਪਹਿਲਾਂ ਤੈਅ ਕਰੇਗੀ

08/30/2018 11:46:02 AM

ਜਲੰਧਰ (ਧਵਨ)— 2019 ਦੇ ਮਈ ਮਹੀਨੇ 'ਚ ਹੋਣ ਵਾਲੀਆਂ ਲੋਕ ਸਭਾ ਦੀਆਂ ਆਮ ਚੋਣਾਂ 'ਚ ਅਜੇ 8-9 ਮਹੀਨੇ ਦਾ ਸਮਾਂ ਬਾਕੀ ਹੈ ਪਰ ਕਾਂਗਰਸ ਲੀਡਰਸ਼ਿਪ ਨੇ ਇਨ੍ਹਾਂ ਚੋਣਾਂ ਨੂੰ ਲੈ ਕੇ ਹੁਣ ਤੋਂ ਹੀ ਆਪਣੀਆਂ ਤਿਆਰੀਆਂ ਅੰਦਰਖਾਤੇ ਸ਼ੁਰੂ ਕਰ ਦਿੱਤੀਆਂ ਹਨ। ਕਾਂਗਰਸੀ ਸੂਤਰਾਂ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਕਾਂਗਰਸੀ ਉਮੀਦਵਾਰਾਂ ਦੀ ਚੋਣ ਆਮ ਚੋਣਾਂ ਤੋਂ 6 ਮਹੀਨੇ ਪਹਿਲਾਂ ਕਰਨ ਦਾ ਸਿਧਾਂਤਕ ਤੌਰ 'ਤੇ ਫੈਸਲਾ ਲਿਆ ਹੋਇਆ ਹੈ, ਇਸ ਲਈ ਵੱਖ-ਵੱਖ ਸੂਬਿਆਂ 'ਚ ਉਮੀਦਵਾਰਾਂ ਦੀ ਚੋਣ ਬਾਰੇ ਮੁੱਢਲੀ ਪ੍ਰਕਿਰਿਆ ਰਾਹੁਲ ਨੇ ਸ਼ੁਰੂ ਕਰਵਾ ਦਿੱਤੀ ਹੈ।

ਕਾਂਗਰਸੀ ਹਲਕਿਆਂ ਨੇ ਦੱਸਿਆ ਕਿ ਰਾਹੁਲ ਸਮਝਦੇ ਹਨ ਕਿ ਭਾਜਪਾ ਅਤੇ ਨਰਿੰਦਰ ਮੋਦੀ ਦਾ ਮੁਕਾਬਲਾ ਕਰਨ ਲਈ ਕਾਂਗਰਸ ਨੂੰ ਮਜ਼ਬੂਤੀ ਦੇਣ ਦੇ ਇਰਾਦੇ ਨਾਲ ਸਭ ਤੋਂ ਪਹਿਲਾਂ ਉਮੀਦਵਾਰਾਂ ਬਾਰੇ ਫੈਸਲਾ ਲਿਆ ਜਾਣਾ ਚਾਹੀਦਾ ਹੈ। ਕੁਝ ਦਿਨਾਂ ਅੰਦਰ ਰਾਹੁਲ ਵੱਲੋਂ ਉਮੀਦਵਾਰਾਂ ਦੀ ਚੋਣ ਸਬੰਧੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਰਾਹੁਲ ਨੇ ਖੁਦ ਕਾਂਗਰਸੀਆਂ ਦੇ ਹੋਰ ਨੇੜੇ ਜਾਣ ਦਾ ਫੈਸਲਾ ਕੀਤਾ ਹੈ। ਇਸ ਨਾਲ ਉਨ੍ਹਾਂ ਨੂੰ ਪਾਰਟੀ ਸਬੰਧੀ ਜ਼ਮੀਨੀ ਪੱਧਰ ਤੋਂ ਫੀਡ ਬੈਕ ਮਿਲੇਗੀ। ਕਾਂਗਰਸੀ ਹਲਕੇ ਦੱਸਦੇ ਹਨ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਨੂੰ ਉਮੀਦਵਾਰਾਂ ਦੀ ਚੋਣ ਆਮ ਚੋਣਾਂ ਤੋਂ 6 ਮਹੀਨੇ ਪਹਿਲਾਂ ਕਰਨ ਦਾ ਸੁਝਾਅ ਦਿੱਤਾ ਸੀ।