ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਸਪੁੱਤਰ ਨੂੰ ਕਾਂਗਰਸ ’ਚੋਂ ਬਾਹਰ ਕੱਢੇ ਜਾਣ ’ਤੇ ਤੋੜੀ ਚੁੱਪੀ

12/05/2022 5:10:20 PM

ਬਾਘਾ ਪੁਰਾਣਾ (ਮੁਨੀਸ਼) : ਮਾਲਵਾ ਖਿੱਤੇ ਦੇ ਨਿਧੜਕ ਜਰਨੈਲ ਅਤੇ ਸੂਬਾ ਪੱਧਰ ’ਤੇ ਵੱਡਾ ਨਾਂ ਕਮਾਉਣ ਵਾਲੇ ਹਲਕਾ ਬਾਘਾ ਪੁਰਾਣਾ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਕਾਂਗਰਸ ਹਾਈਕਮਾਂਡ ਵੱਲੋਂ ਉਨ੍ਹਾਂ ਦੇ ਸਪੁੱਤਰ ਜ਼ਿਲ੍ਹਾ ਮੋਗਾ ਦੇ ਸਾਬਕਾ ਕਾਂਗਰਸ ਪ੍ਰਧਾਨ ਅਤੇ ਪਾਰਟੀ ਦੇ ਸਪੋਕਸਮੈਨ ਰਹਿ ਚੁੱਕੇ ਕਮਲਜੀਤ ਸਿੰਘ ਬਰਾੜ ਨੂੰ ਕਾਂਗਰਸ ਪਾਰਟੀ ਵਿਚੋਂ ਬਾਹਰ ਕੱਢੇ ਜਾਣ ’ਤੇ ਚੁੱਪੀ ਤੋੜਦਿਆਂ ਕਿਹਾ ਕਿ ਉਹ ਕਾਂਗਰਸੀ ਹਨ, ਕਾਂਗਰਸੀ ਸੀ ਅਤੇ ਮਰਦੇ ਦਮ ਤੱਕ ਕਾਂਗਰਸੀ ਰਹਿਣਗੇ। ਬਰਾੜ ਨੇ ਦੱਸਿਆ ਕਿ ਉਨ੍ਹਾਂ ਉਸ ਵੇਲੇ ਪਾਰਟੀ ਦਾ ਝੰਡਾ ਚੁੱਕਿਆ ਸੀ ਜਦੋਂ ਕੋਈ ਕਾਂਗਰਸ ਪਾਰਟੀ ਦਾ ਨਾਂ ਲੈਣ ਤੋਂ ਵੀ ਡਰਦਾ ਸੀ ਅਤੇ ਉਨ੍ਹਾਂ ਉਸ ਸਮੇਂ ਪਾਰਟੀ ਦੀ ਟਿਕਟ ’ਤੇ ਚੋਣ ਲੜੀ ਸੀ ਜਦੋਂ ਕਿ ਪਾਰਟੀ ਵਿਚ ਸ਼ਾਮਲ ਹੋਣ ਤੋਂ ਵੀ ਪ੍ਰਹੇਜ਼ ਕਰਦਾ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਕ ਪਰਿਵਾਰ ਹੈ ਅਤੇ ਪਰਿਵਾਰ ਵਿਚ ਅਨੇਕਾਂ ਮਤਭੇਦ ਹੋ ਜਾਂਦੇ ਹਨ, ਜਿੰਨ੍ਹਾਂ ਨੂੰ ਹਾਈਕਮਾਂਡ ਨਾਲ ਮਿਲ ਕੇ ਦੂਰ ਕੀਤੇ ਜਾਵੇਗਾ। ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਹਲਕਾ ਬਾਘਾ ਪੁਰਾਣਾ ਤੋਂ ਉਸਦਾ ਦੋ ਵਾਰ ਕਾਂਗਰਸ ਪਾਰਟੀ ਦੀ ਟਿਕਟ ਤੋਂ ਵਿਧਾਇਕ ਬਣਨਾ ਇਸ ਗੱਲ ਦਾ ਸਬੂਤ ਹੈ ਕਿ ਹਲਕਾ ਬਾਘਾ ਪੁਰਾਣਾ ਦੇ ਲੋਕ ਉਨ੍ਹਾਂ ਨੂੰ ਕਿਨਾਂ ਪਿਆਰ ਕਰਦੇ ਹਨ। ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਹਲਕਾ ਬਾਘਾ ਪੁਰਾਣਾ ਨੂੰ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਸਰਕਾਰ ਤੋਂ ਮਨਜ਼ੂਰ ਕਰਵਾ ਕੇ ਦਿੱਤੀਆਂ ਅਤੇ ਅਨੇਕਾਂ ਵਿਕਾਸ ਦੇ ਕਾਰਜ ਮੁਕੰਮਲ ਕਰਵਾਏ।

ਉਨ੍ਹਾਂ ਕਿਹਾ ਕਿ ਹਲਕਾ ਬਾਘਾ ਪੁਰਾਣਾ ਦੇ ਸਮੂਹ ਕਾਂਗਰਸੀ ਆਗੂ ਅਤੇ ਵਰਕਰ ਇਕ ਪਰਿਵਾਰ ਹੈ, ਜੋ ਵੀ ਕਿਸੇ ਦੇ ਮਨ ਵਿਚ ਗਲਤਫਹਿਮੀ ਹੈ, ਉਸ ਨੂੰ ਮਿਲ ਬੈਠ ਕੇ ਦੂਰ ਕੀਤਾ ਜਾਵੇਗਾ। ਅੰਤ ਵਿਚ ਉਨ੍ਹਾਂ ਕਾਂਗਰਸ ਹਾਈਕਮਾਂਡ ਦੇ ਕੌਮੀ ਆਗੂ ਸੋਨੀਆਂ ਗਾਂਧੀ, ਰਾਹੁਲ ਗਾਂਧੀ, ਕਾਂਗਰਸ ਪਾਰਟੀ ਦੇ ਪੰਜਾਬ ਇੰਚਾਰਜ ਹਰੀਸ਼ ਚੌਧਰੀ ਅਤੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਅਪੀਲ ਕੀਤੀ ਕਿ ਉਹ ਜੋ ਉਨ੍ਹਾਂ ਕਮਲਜੀਤ ਸਿੰਘ ਬਰਾੜ ਨੂੰ ਕਾਂਗਰਸ ਪਾਰਟੀ ਵਿਚੋਂ ਬਾਹਰਲਾ ਰਸਤਾ ਦਿਖਾਉਣ ਦਾ ਫੈਸਲਾ ਦਿੱਤਾ ਹੈ, ਉਹ ਉਸ ’ਤੇ ਦੁਬਾਰਾ ਪੁਨਰ ਵਿਚਾਰ ਕਰਨ ਤਾਂ ਕਿ ਪਾਰਟੀ ਨੂੰ ਮੁੜ ਮਜ਼ਬੂਤੀ ਦੀਆਂ ਬੁਲੰਦੀਆਂ ’ਤੇ ਪਹੁੰਚਾਇਆ ਸਕੇ। ਉਨ੍ਹਾਂ ਕਿਹਾ ਕਿ ਉਸ ਨੂੰ ਆਸ ਹੈ ਕਿ ਪਾਰਟੀ ਜ਼ਰੂਰ ਆਪਣੇ ਲਏ ਗਏ ਫੈਸਲੇ ’ਤੇ ਵਿਚਾਰ ਕਰੇਗੀ। ਇਸ ਮੌਕੇ ਉਨ੍ਹਾਂ ਨਾਲ ਹੋਰ ਵੀ ਪਾਰਟੀ ਆਗੂ ਅਤੇ ਵਰਕਰ ਸਨ, ਜਿਨ੍ਹਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਜੇਕਰ ਇਸ ਤਰ੍ਹਾਂ ਪਾਰਟੀ ਲਈ ਮਰਨ ਮਿਟਣ ਵਾਲੇ ਆਗੂਆਂ ਨਾਲ ਅਜਿਹਾ ਵਿਵਹਾਰ ਹੁੰਦਾ ਰਿਹਾ ਤਾਂ ਵਰਕਰਾਂ ਦਾ ਮਨੋਬਲ ਡਿੱਗੇਗਾ। ਇਸ ਲਈ ਪਾਰਟੀ ਆਪਣੇ ਲਏ ਗਏ ਫੈਸਲੇ ’ਤੇ ਦੁਬਾਰਾ ਵਿਚਾਰ ਕਰੇ।

Gurminder Singh

This news is Content Editor Gurminder Singh