ਨਵੇਂ ਸਾਲ ''ਚ ਕੈਪਟਨ ਸਰਕਾਰ ਦੇ ਲਾਰਿਆਂ ਦੀ ਪੰਡ ਫੂਕਣਗੇ ਮੁਲਾਜ਼ਮ

12/22/2018 12:12:24 PM

ਚੰਡੀਗੜ੍ਹ (ਭੁੱਲਰ) : ਲਾਰਾ ਇਕ ਦਿਨ, ਦੋ ਦਿਨ ਜਾਂ ਮਹੀਨੇ ਦਾ ਨਹੀਂ ਬਲਕਿ 2 ਸਾਲ ਦੀ ਵੀ ਹੋ ਸਕਦਾ ਹੈ, ਇਹ ਗੱਲ ਪੰਜਾਬ ਕਾਂਗਰਸ ਸਰਕਾਰ ਨੇ ਸਾਬਿਤ ਕਰ ਦਿੱਤੀ ਹੈ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸਹੁੰ ਚੁੱਕਣ ਤੋਂ 2 ਦਿਨ ਪਹਿਲਾਂ ਕਾਂਗਰਸ ਵਲੋਂ ਮੁਲਾਜ਼ਮਾਂ ਨਾਲ ਵਾਅਦਾ ਕਰ ਕੇ ਸੈਕਟਰ-17 ਚੰਡੀਗੜ੍ਹ ਵਿਚ ਚੱਲ ਰਹੀ ਭੁੱਖ ਹੜਤਾਲ ਖਤਮ ਕਰਵਾਈ ਸੀ ਕਿ ਮੁੱਖ ਮੰਤਰੀ ਪੰਜਾਬ ਸਹੁੰ ਚੁੱਕਣ ਤੋਂ ਬਾਅਦ ਮੁਲਾਜ਼ਮਾਂ ਨਾਲ ਗੱਲਬਾਤ ਕਰਨਗੇ ਅਤੇ ਸਭ ਤੋਂ ਪਹਿਲਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਮਸਲਾ ਹੱਲ ਕੀਤਾ ਜਾਵੇਗਾ ਪਰ 2 ਸਾਲ ਬੀਤਣ 'ਤੇ ਵੀ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਪੰਜਾਬ ਦੇ ਦੀਦਾਰ ਤੱਕ ਨਹੀਂ ਹੋਏ।ਇਹ ਵਿਚਾਰ ਪ੍ਰਗਟ ਕਰਦਿਆਂ ਕੰਟਰੈਕਟਰ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਆਗੂਆਂ ਨੇ ਐਲਾਨ ਕੀਤਾ ਕਿ ਉਹ ਨਵੇਂ ਸਾਲ ਦੇ ਸ਼ੁਰੂ 'ਚ ਪਹਿਲੇ ਹੀ ਦਿਨ ਕੈਪਟਨ ਸਰਕਾਰ ਦੇ ਲਾਰਿਆਂ ਦੀ ਪੰਡ ਫੂਕਣਗੇ ਤੇ ਡਿਪਟੀ ਕਮਿਸ਼ਨਰਾਂ ਰਾਹੀਂ ਮੁੱਖ ਮੰਤਰੀ ਨੂੰ ਮੰਗ-ਪੱਤਰ ਭੇਜੇ ਜਾਣਗੇ।
ਕਾਂਗਰਸ ਦੇ ਮੰਤਰੀਆਂ ਤੇ ਹੋਰ ਆਗੂਆਂ ਨੇ ਮੁਲਾਜ਼ਮਾਂ ਨੂੰ 2 ਸਾਲਾਂ 'ਚ ਲਾਰੇ ਹੀ ਦਿੱਤੇ ਹਨ ਹੋਰ ਕੁਝ ਨਹੀਂ। ਸਰਕਾਰ ਵਲੋਂ 2 ਵਾਰ ਕੈਬਨਿਟ ਸਬ-ਕਮੇਟੀਆਂ ਬਣਾਈਆਂ ਗਈਆਂ, ਜਿਨ੍ਹਾਂ ਦੀ ਪ੍ਰਧਾਨਗੀ ਪਹਿਲਾਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕੀਤੀ ਤੇ ਫਿਰ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਪਰ ਇਹ ਕਮੇਟੀਆਂ ਸਿਰਫ ਕਾਗਜ਼ਾਂ ਤਕ ਹੀ ਸੀਮਤ ਰਹਿ ਗਈਆਂ ਤੇ ਮੁਲਾਜ਼ਮਾਂ ਨੂੰ ਲਾਰਿਆਂ ਦੇ ਸਿਵਾਏ ਇਨ੍ਹਾਂ ਨੇ ਕੁਝ ਨਹੀਂ ਦਿੱਤਾ।
ਇਸ ਮੌਕੇ ਐਕਸ਼ਨ ਕਮੇਟੀ ਦੇ ਪ੍ਰਮੁੱਖ ਆਗੂ ਸੱਜਣ ਸਿੰਘ, ਅਸ਼ੀਸ਼ ਜੁਲਾਹਾ, ਅੰਮ੍ਰਿਤਪਾਲ ਸਿੰਘ, ਪ੍ਰਵੀਨ ਸ਼ਰਮਾ, ਰਾਕੇਸ਼ ਕੁਮਾਰ, ਅਨੁਪਜੀਤ ਸਿੰਘ, ਸਤਪਾਲ ਸਿੰਘ, ਅਮਰੀਕ ਸਿੰਘ ਮਹਿਰਾਜ, ਰਜਿੰਦਰ ਸਿੰਘ ਸੰਧਾ ਸ਼ਾਮਿਲ ਹਨ। ਮੁਲਾਜ਼ਮ ਆਗੂਆਂ ਨੇ ਕਿਹਾ ਕਿ ਪੰਚਾਇਤੀ ਚੋਣਾਂ ਦੌਰਾਨ ਵੀ ਸੋਸ਼ਲ ਮੀਡੀਆ ਰਾਹੀਂ ਸਰਕਾਰ ਦੇ ਝੂਠੇ ਵਾਅਦਿਆਂ ਖਿਲਾਫ਼ ਮੁਹਿੰਮ ਚਲਾਈ ਜਾਵੇਗੀ।