ਜਲੰਧਰ ''ਚ ''ਜਨ ਸ਼ਕਤੀ'' ਅਤੇ ''ਧਨ ਸ਼ਕਤੀ'' ''ਚ ਮੁਕਾਬਲਾ ਅਤੇ ਜਨਤਾ ਕਾਂਗਰਸ ਦੇ ਨਾਲ : ਮੁਕੇਸ਼ ਅਗਨੀਹੋਤਰੀ

05/04/2023 10:49:48 AM

ਜਲੰਧਰ (ਅਨਿਲ ਪਾਹਵਾ)- ਜਲੰਧਰ ਦੀ ਲੋਕ ਸਭਾ ਜ਼ਿਮਨੀ ਚੋਣ 'ਚ ਕਾਂਗਰਸੀ ਉਮੀਦਵਾਰ ਦੀ ਜਿੱਤ ਨੂੰ ਲੈ ਕੇ ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਅਤੇ ਜਲੰਧਰ ਦੇ ਚੋਣ ਇੰਚਾਰਜ ਮੁਕੇਸ਼ ਅਗਨੀਹੋਤਰੀ ਨੇ ਦਾਅਵਾ ਕੀਤਾ ਹੈ ਕਿ ਜਲੰਧਰ 'ਚ ਲੋਕ ਸ਼ਕਤੀ ਦੀ ਜਿੱਤ ਹੋਵੇਗੀ। ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬੇਸ਼ੱਕ ਧਨ ਕਸ਼ਤੀ ਦੀ ਵਰਤੋਂ ਕਰ ਰਹੀ ਹੈ ਪਰ ਉਹ ਕਿਸੇ ਵੀ ਸੂਰਤ ਵਿਚ ਕਾਮਯਾਬ ਨਹੀਂ ਹੋਵੇਗੀ। ਅੱਜ ਇੱਥੇ ਵਿਸ਼ੇਸ਼ ਗੱਲਬਾਤ ਦੌਰਾਨ ਸ਼੍ਰੀ ਅਗਨੀਹੋਤਰੀ ਨੇ ਅਕਾਲੀ ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ ਦੀ ਹਾਰ ਬਾਰੇ ਚਰਚਾ ਕੀਤੀ। ਪੇਸ਼ ਹਨ ਉਨ੍ਹਾਂ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼:-

ਕਿੰਨੀ ਅਹਿਮ ਹੈ ਜਲੰਧਰ ਲੋਕ ਸਭਾ ਸੀਟ ਦੀ ਜਿੱਤ?

ਜਲੰਧਰ ਦੀ ਇਹ ਜ਼ਿਮਨੀ ਚੋਣ ਪੰਜਾਬ ਦੀ ਰਾਜਨੀਤੀ ਨੂੰ ਕਾਫ਼ੀ ਹੱਦ ਤੱਕ ਸਾਫ਼ ਕਰ ਦੇਵੇਗੀ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਸੰਸਦ ਮੈਂਬਰ ਸੰਤੋਖ ਚੌਧਰੀ ਦਾ ਦਿਹਾਂਤ ਹੋ ਗਿਆ ਸੀ ਅਤੇ ਇਸੇ ਕਾਰਨ ਇਸ ਸੀਟ 'ਤੇ ਚੋਣਾਂ ਹੋ ਰਹੀਆਂ ਹਨ। ਮੈਂ ਤਾਂ ਇਹ ਕਹਾਂਗਾ ਕਿ ਇਸ ਸੀਟ 'ਤੇ ਕਾਂਗਰਸ ਨੇ ਲੋਕਾਂ ਦੇ ਪੱਖ 'ਚ ਕੰਮ ਕੀਤਾ ਹੈ ਅਤੇ ਜੇਕਰ ਲੋਕ ਕਾਂਗਰਸ ਨੂੰ ਵੋਟ ਦਿੰਦੇ ਹਨ ਤਾਂ ਇਹ ਚੌਧਰੀ ਸੰਤੋਖ ਨੂੰ ਵੱਡੀ ਸ਼ਰਧਾਂਜਲੀ ਹੋਵੇਗੀ। ਇਸ ਸੀਟ ਦੀ ਜਿੱਤ ਨਾਲ ਹੀ 2024 ਦੀਆਂ ਲੋਕ ਸਭਾ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਤਿਆਰ ਹੋਵੇਗੀ। ਕਾਂਗਰਸ ਇਸ ਸੀਟ 'ਤੇ ਪੂਰੀ ਤਾਕਤ ਨਾਲ ਚੋਣ ਲੜ ਰਹੀ ਹੈ।

ਪੰਜਾਬ 'ਚ 'ਆਪ' ਸਰਕਾਰ ਬਾਰੇ ਕੀ ਕਹਿਣਾ ਹੈ ਤੁਹਾਡਾ?

ਜਲੰਧਰ ਲੋਕ ਸਭਾ ਸੀਟ ਜਿੱਤਣ ਲਈ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ। ਸੂਬੇ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਜਲੰਧਰ ਵਿਚ ਤਾਇਨਾਤ ਕਰ ਰੱਖਿਆ ਹੈ ਪਰ ਇੰਨਾ ਸਭ ਕੁਝ ਕਰਨ ਦੇ ਬਾਵਜੂਦ ਇਸ ਗੱਲ 'ਤੇ ਹੈਰਾਨ ਹਾਂ ਕਿ ਆਮ ਆਦਮੀ ਪਾਰਟੀ ਨੂੰ ਜਲੰਧਰ ਵਿਚ ਇਕ ਵੀ ਅਜਿਹਾ ਵਰਕਰ ਨਹੀਂ ਮਿਲਿਆ ਜਿਸ ਨੂੰ ਇਹ ਟਿਕਟ ਦਿੰਦੇ। ਆਖਰ 'ਆਪ' ਨੂੰ ਉਮੀਦਵਾਰ ਵੀ ਦੂਜੀ ਪਾਰਟੀ ਤੋਂ ਲੈਣਾ ਪਿਆ, ਜਿਸ ਤੋਂ ਸਾਬਿਤ ਹੈ ਕਿ ਸੂਬੇ 'ਚ ਤਰ੍ਹਾਂ-ਤਰ੍ਹਾਂ ਦੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਅੰਦਰੋਂ ਖੋਖਲ੍ਹੀ ਹੈ ਅਤੇ ਇਹ ਸਿਰਫ਼ ਇਕ ਬੁਲਬੁਲਾ ਹੈ, ਜੋ ਨਾ ਸਿਰਫ਼ ਜਲਦ ਫਟੇਗਾ ਸਗੋਂ ਲੋਕਾਂ ਨੂੰ ਵੀ ਇਨ੍ਹਾਂ ਦੀ ਸਮਝ ਆ ਜਾਵੇਗੀ। 

ਲੋਕਾਂ ਨੇ ਭਰਪੂਰ ਸਮਰਥਨ, 'ਆਪ' ਨੂੰ ਕਿਵੇਂ ਹਰਾਏਗੀ ਕਾਂਗਰਸ?

ਸੂਬੇ 'ਚ 92 ਸੀਟਾਂ ਲੈ ਕੇ ਆਮ ਆਦਮੀ ਪਾਰਟੀ ਨੇ ਜੋ ਸਫ਼ਲਤਾ ਹਾਸਲ ਕੀਤੀ ਹੈ, ਉਸ ਦਾ ਮੁੱਖ ਕਾਰਨ ਲੋਕਾਂ ਨਾਲ ਕੀਤੇ ਵਾਅਦਿਆਂ ਦਾ ਅਸਰ ਸੀ ਪਰ ਸੂਬੇ 'ਚ ਸਰਕਾਰ ਬਣਨ ਤੋਂ ਬਾਅਦ ਕੋਈ ਵੀ ਵਾਅਦਾ ਪੂਰਾ ਨਹੀਂ ਹੋ ਰਿਹਾ ਅਤੇ ਲੋਕ ਹੁਣ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਅਜਿਹੇ 'ਚ ਇਹ ਯਕੀਨੀ ਹੈ ਕਿ ਸੂਬੇ ਦੀ ਆਮ ਆਦਮੀ ਪਾਰਟੀ ਨੂੰ ਹੁਣ ਲੋਕ ਉਨ੍ਹਾਂ ਝੂਠੇ ਵਾਅਦਿਆਂ ਲਈ ਸਬਕ ਸਿਖਾਉਣਗੇ ਜੋ 2022 ਦੀਆਂ ਚੋਣਾਂ ਤੋਂ ਪਹਿਲਾਂ ਭੋਲੇ-ਭਾਲੇ ਅਤੇ ਇਮਾਨਦਾਰ ਲੋਕਾਂ ਨਾਲ ਕੀਤੇ ਗਏ ਸਨ। ਪਾਰਟੀ ਦੀ ਭਰੋਸੇਯੋਗਤਾ 'ਤੇ ਪੂਰਾ ਸਵਾਲੀਆ ਨਿਸ਼ਾਨ ਲੱਗ ਗਿਆ ਹੈ।

'ਆਪ' ਆਪਣੀਆਂ ਉਪਲੱਬਧੀਆਂ 'ਤੇ ਵੋਟਾਂ ਮੰਗ ਰਹੀ ਹੈ, ਤੁਹਾਡਾ ਕੀ ਕਹਿਣਾ ਹੈ?

ਪੰਜਾਬ ਵਿਚ ਆਮ ਆਦਮੀ ਪਾਰਟੀ ਆਖ਼ਰ ਕਿਸ ਆਧਾਰ 'ਤੇ ਅਤੇ ਕਿਸ ਉਪਲੱਬਧੀ ਨਾਲ ਜਨਤਾ ਦਰਮਿਆਨ ਜਾ ਕੇ ਵੋਟਾਂ ਮੰਗ ਰਹੀ ਹੈ, ਮੈਨੂੰ ਤਾਂ ਇਹ ਸਮਝ ਨਹੀਂ ਆ ਰਹੀ। ਵਿਧਾਨ ਸਭਾ ਜਿੱਤਣ ਤੋਂ ਬਾਅਦ ਸੰਗਰੂਰ ਚੋਣਾਂ ਵਿਚ ਪਾਰਟੀ ਦੀ ਕੀ ਲੋਕਪ੍ਰਿਯਤਾ ਹੈ, ਉਹ ਸਾਬਿਤ ਹੋ ਚੁੱਕਿਆ ਹੈ। ਹੁਣ ਜਲੰਧਰ 'ਚ  ਜੋ ਥੋੜ੍ਹੀ-ਬਹੁਤ ਗਲਤਫਹਿਮੀ ਹੈ, ਉਹ ਵੀ ਖ਼ਤਮ ਹੋ ਜਾਵੇਗੀ। ਸੂਬੇ ਵਿਚ ਕਾਨੂੰਨ ਵਿਵਸਥਾ ਦੀ ਜੋ ਹਾਲਤ ਹੈ, ਉਹ ਕਿਸੇ ਤੋਂ ਲੁਕੀ ਨਹੀਂ ਹੈ। ਕਿਸੇ ਨੂੰ ਧਮਕੀਆਂ ਮਿਲ ਰਹੀਆਂ ਹਨ ਤਾਂ ਕਿਸੇ ਦਾ ਕਤਲ ਹੋ ਰਿਹਾ ਹੈ। ਸੂਬੇ 'ਚ ਰੋਜ਼ ਗੁੰਡਾਗਰਦੀ ਦੀ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ।

ਅੰਮ੍ਰਿਤਪਾਲ ਦੇ ਮਾਮਲੇ 'ਤੇ ਤੁਹਾਡਾ ਕੀ ਕਹਿਣਾ ਹੈ?

ਪੰਜਾਬ ਦੇ ਲੋਕ ਸ਼ਾਂਤੀ ਪਸੰਦ ਲੋਕ ਹਨ ਅਤੇ ਇੱਥੋਂ ਦੇ ਲੋਕਾਂ ਨੇ ਪਹਿਲੇ ਵੀ ਸੂਬੇ ਦੇ ਹਾਲਾਤਾਂ ਨੂੰ ਝੱਲਿਆ ਹੋਇਆ ਹੈ, ਇਸ ਲਈ ਉਹ ਅੰਮ੍ਰਿਤਪਾਲ ਅਤੇ ਗੁਰਪਤਵੰਤ ਪੰਨੂ ਵਰਗੇ ਲੋਕਾਂ ਦੇ ਨਾ ਤਾਂ ਝਾਂਸੇ 'ਚ ਆਉਣ ਵਾਲੇ ਹਨ ਅਤੇ ਨਾ ਹੀ ਅਜਿਹੇ ਲੋਕਾਂ ਨੂੰ ਪਸੰਦ ਕਰਦੇ ਹਨ। ਪੰਜਾਬ ਦੇ ਲੋਕਾਂ ਨੇ ਜੋ ਦੌਰ ਦੇਖਿਆ ਹੈ, ਉਹ ਅੱਜ ਵੀ ਕਈ ਲੋਕਾਂ ਦੀਆਂ ਅੱਖਾਂ ਦੇ ਸਾਹਮਣੇ ਤੋਂ ਆਉਂਦਾ ਹੈ ਤਾਂ ਉਹ ਕੰਬ ਉੱਠਦੇ ਹਨ। ਸੂਬੇ ਵਿਚ ਕਾਨੂੰਨ ਵਿਵਸਥਾ ਦੇ ਮਾਮਲੇ ਵਿਚ ਸਰਕਾਰ ਪਹਿਲਾਂ ਹੀ ਅਸਫ਼ਲ ਹੋ ਚੁੱਕੀ ਹੈ। ਅਜਿਹੀ ਸਰਕਾਰ ਨੂੰ ਹੋਰ ਸਮਰਥਨ ਦੇ ਕੇ ਸੂਬੇ ਦੇ ਲੋਕ ਪੁਰਾਣੀਆਂ ਯਾਦਾਂ ਨੂੰ ਮੁੜ ਦੁਹਰਾਉਣਾ ਨਹੀਂ ਚਾਹੁੰਦੇ।

ਵੱਖਵਾਦੀਆਂ ਨੂੰ ਕੌਣ ਹਵਾ ਦੇ ਰਿਹਾ ਹੈ?

ਪੰਜਾਬ ਦੀ ਸੱਤਾ ਵਿਚ ਆਮ ਆਦਮੀ ਪਾਰਟੀ ਦੇ ਆਉਣ ਤੋਂ ਪਹਿਲਾਂ ਹੀ ਵੱਖਵਾਦੀਆਂ ਨੂੰ ਲੈ ਕੇ ਉਨ੍ਹਾਂ ਦੀ ਕੀ ਸੋਚ ਹੈ, ਇਹ ਸਾਬਿਤ ਹੋ ਚੁੱਕੀ ਹੈ। ਇਸ 'ਚ ਕੁਝ ਵੀ ਸਾਬਤ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਟੀਮ 'ਤੇ ਕਈ ਤਰ੍ਹਾਂ ਦੇ ਦੋਸ਼ ਲੱਗਦੇ ਰਹੇ ਹਨ। ਮੈਨੂੰ ਤਾਂ ਇਸ ਗੱਲ ਦੀ ਹੈਰਾਨੀ ਹੈ ਕਿ ਕੇਜਰੀਵਾਲ ਦਾ ਹੁਣ ਦਿੱਲੀ ਵਿਚ ਦਿਲ ਨਹੀਂ ਲੱਗਦਾ ਅਤੇ ਉਹ ਵਾਰ-ਵਾਰ ਪੰਜਾਬ ਵੱਲ ਦੇਖਦੇ ਹਨ। ਪੰਜਾਬ ਦੇ ਅਫਸਰਸ਼ਾਹੀ ਨੂੰ ਦਿੱਲੀ ਬੁਲਾ ਕੇ ਉਨ੍ਹਾਂ ਨੂੰ ਆਪਣੇ ਹਿਸਾਬ ਨਾਲ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਉਹ ਸ਼ਾਇਦ ਇਹ ਨਹੀਂ ਜਾਣਦੇ ਕਿ ਪੰਜਾਬ ਦੇ ਲੋਕਾਂ ਨੇ ਰਿਮੋਟ ਕੰਟਰੋਲ ਵਾਲੀ ਸਰਕਾਰ ਨੂੰ ਕਦੇ ਵੀ ਪਸੰਦ ਨਹੀਂ ਕੀਤਾ। ਪੰਜਾਬ ਦੇ ਲੋਕ ਖੁੱਲ੍ਹੇ ਦਿਲ ਵਾਲੇ ਹਨ ਅਤੇ ਇਸ ਤਰ੍ਹਾਂ ਦੀ ਘਟੀਆ ਰਾਜਨੀਤੀ ਨੂੰ ਪਸੰਦ ਨਹੀਂ ਕਰਦੇ।

ਤਿੰਨਾਂ ਦਲਾਂ 'ਚੋਂ ਕੌਣ ਕਾਂਗਰਸ 'ਤੇ ਹਾਵੀ?

ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤਾਂ ਸ਼ੁਰੂਆਤ ਹੀ ਮਾੜੀ ਹੋਈ ਹੈ। ਸੂਬੇ ਵਿਚ ਸੱਤਾ ਸੰਭਾਲਦਿਆਂ ਹੀ ਗੈਂਗ ਸਰਗਰਮ ਹੋ ਗਏ ਅਤੇ ਇੱਥੋਂ ਤੱਕ ਕਿ ਰਾਜ 'ਚ ਗਾਇਕ ਅਤੇ ਸਿਆਸਤਦਾਨ ਸਿੱਧੂ ਮੂਸੇਵਾਲਾ ਦਾ ਦਿਨ-ਦਿਹਾੜੇ ਕਤਲ ਕਰ ਦਿੱਤਾ ਗਿਆ। ਜਿੱਥੇ ਤੱਕ ਭਾਜਪਾ ਦੀ ਗੱਲ ਹੈ, ਭਾਜਪਾ ਰਾਜ 'ਚ ਆਪਣੇ ਜਾਣੇ-ਪਛਾਣੇ ਅੰਦਾਜ਼ ਵਿਚ ਰਾਜ ਦੀ ਸੱਤਾ ਹਥਿਆਉਣ ਦੀ ਕੋਸ਼ਿਸ਼ ਕਰ ਰਹੀ ਹੈ, ਕਿਉਂਕਿ ਪਾਰਟੀ ਇਸੇ 'ਚ ਵਿਸ਼ਵਾਸ ਰੱਖਦੀ ਹੈ। ਜਿੱਥੇ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਹੈ ਤਾਂ ਇਸ ਪਾਰਟੀ ਦਾ ਹੁਣ ਕੁਝ ਨਹੀਂ ਹੋ ਸਕਦਾ। ਵੱਡੇ ਬਾਦਲ ਸਾਹਿਬ ਅਨੁਭਵੀ ਸਨ ਪਰ ਉਨ੍ਹਾਂ ਤੋਂ ਬਾਅਦ ਹੁਣ ਪਾਰਟੀ ਨੂੰ ਸੰਭਾਲਣ ਵਾਲਾ ਕੋਈ ਨਹੀਂ ਹੈ। ਬੇਸ਼ੱਕ ਪਾਰਟੀ ਪੂਰੀ ਕੋਸ਼ਿਸ਼ ਕਰ ਰਹੀ ਹੈ ਪਰ ਮੈਨੂੰ ਨਹੀਂ ਲੱਗਦਾ ਕਿ ਉਸ ਨੂੰ ਕੋਈ ਸਫ਼ਲਤਾ ਮਿਲੇਗੀ। ਹਾਲ ਹੀ ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਹਾਲਤ ਲੋਕ ਦੇਖ ਚੁੱਕੇ ਹਨ।

ਜਲੰਧਰ 'ਚ ਹਿਮਾਚਲ ਦੇ ਲੋਕ ਕਿੰਨੀ ਭੂਮਿਕਾ ਨਿਭਾਉਣਗੇ?

ਜਲੰਧਰ 'ਚ ਕਾਂਗਰਸ ਨੂੰ ਹਰਾਉਣ ਲਈ 'ਆਪ' ਨੇ ਪੂਰਾ ਜ਼ੋਰ ਲਗਾ ਰੱਖਿਆ ਹੈ। ਅਜੇ ਆਖ਼ਰੀ ਹਫ਼ਤੇ ਵਿਚ ਬੋਰੀਆਂ ਦੇ ਮੂੰਹ ਵੀ ਖੁੱਲ੍ਹਣਗੇ ਪਰ ਪਾਰਟੀ ਇਸ ਮਾਮਲੇ ਵਿਚ ਪੂਰੀ ਚੌਕਸੀ ਨਾਲ ਕੰਮ ਕਰ ਰਹੀ ਹੈ। ਹਿਮਾਚਲ ਪ੍ਰਦੇਸ਼ ਦੇ ਬਹੁਤ ਸਾਰੇ ਲੋਕ ਪੰਜਾਬ ਵਿਚ ਰਹਿ ਰਹੇ ਹਨ, ਪਾਰਟੀ ਲਗਾਤਾਰ ਉਨ੍ਹਾਂ ਦੇ ਸੰਪਰਕ ਵਿਚ ਹੈ ਅਤੇ ਉਨ੍ਹਾਂ ਨੂੰ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਕਾਂਗਰਸ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕਰ ਰਹੀ ਹੈ। ਹਿਮਾਚਲ ਵੀ ਪੰਜਾਬ ਦੀ ਹਾਰ-ਜਿੱਤ 'ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਹਿਮਾਚਲ ਦੇ ਲੋਕ ਵੈਸੇ ਆਮ ਆਦਮੀ ਪਾਰਟੀ ਨੂੰ ਪਹਿਲਾਂ ਹੀ ਸਬਕ ਸਿਖਾ ਚੁੱਕੇ ਹਨ ਅਤੇ ਹਿਮਾਚਲ ਤੋਂ ਪਾਰਟੀ ਦਾ ਬਿਸਤਰਾ ਗੋਲ ਕਰਕੇ ਉਨ੍ਹਾਂ ਵਾਪਸ ਭੇਜ ਚੁੱਕੇ ਹਨ। ਇਸ ਚੋਣ ਵਿਚ ਵੀ ਇਸ ਗੱਲ ਨੂੰ ਲੈ ਕੇ ਕੋਈ ਸ਼ੱਕ ਨਹੀਂ ਕਿ ਹਿਮਾਚਲ ਦੇ ਲੋਕ ਇਕ ਵਾਰ ਫਿਰ ਕਾਂਗਰਸ ਦੇ ਹੱਕ ਵਿਚ ਵੋਟ ਪਾਉਣਗੇ।

ਪਾਰਟੀ ਆਗੂਆਂ ਵਿਚਾਲੇ ਕੀ ਕੋਈ ਰੰਜਿਸ਼ ਨਹੀਂ ਹੈ?

ਪੰਜਾਬ ਦੀ ਜਲੰਧਰ ਲੋਕ ਸਭਾ ਸੀਟ ਨੂੰ ਜਿਤਾਉਣ ਲਈ ਸਮੁੱਚੀ ਲੀਡਰਸ਼ਿਪ ਸਖ਼ਤ ਮਿਹਨਤ ਕਰ ਰਹੀ ਹੈ। ਪਾਰਟੀ ਦੇ ਕਿਸੇ ਵੀ ਆਗੂ ਦੀ ਆਪਸ 'ਚ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ, ਸਾਰੇ ਮਿਲ ਕੇ ਕੰਮ ਕਰ ਰਹੇ ਹਨ ਕਿਉਂਕਿ ਪੰਜਾਬ ਦਾ ਹਰ ਕਾਂਗਰਸੀ ਪਾਰਟੀ ਦਾ ਸਿਪਾਹੀ ਹੈ। ਸੂਬੇ ਦੇ ਵੱਡੇ ਤੋਂ ਵੱਡੇ ਆਗੂ ਤੋਂ ਲੈ ਕੇ ਆਮ ਵਰਕਰ ਤੱਕ ਹਰ ਕਿਸੇ ਦਾ ਇੱਕੋ ਇਕ ਟੀਚਾ ਹੈ ਕਿ ਜਲੰਧਰ ਦੀ ਲੋਕ ਸਭਾ ਸੀਟ ਇਕ ਵਾਰ ਫਿਰ ਕਾਂਗਰਸ ਦੇ ਪੱਖ ਵਿਚ ਆਵੇ, ਜਿਸ ਲਈ ਸਾਰੇ ਮਿਹਨਤ ਕਰ ਰਹੇ ਹਨ।  ਹਿਮਾਚਲ ਵਿਚ ਵੀ ਕਾਂਗਰਸੀ ਆਗੂਆਂ ਨੇ ਮਿਲ ਕੇ ਲੜਾਈ ਲੜੀ ਸੀ ਅਤੇ ਭਾਜਪਾ ਨੂੰ ਉੱਥੋਂ ਵਾਪਸ ਭੇਜ ਦਿੱਤਾ।

ਜੋ ਲੋਕ ਕਾਂਗਰਸ ਤੋਂ ਨਾਰਾਜ਼ ਹੋ ਗਏ ਹਨ, ਉਨ੍ਹਾਂ ਨੂੰ ਵਾਪਸ ਲਿਆਉਣਾ ਅਜੇ ਕੋਈ ਯੋਜਨਾ ਦਾ ਹਿੱਸਾ ਨਹੀਂ ਹੈ। ਅਜੇ ਤਾਂ ਅਸੀਂ ਆਪਣੀ ਸੀਟ ਨੂੰ ਮੁੜ ਰਿਟੇਨ ਕਰਨ ਲਈ ਕੋਸ਼ਿਸ਼ਾਂ ਕਰ ਰਹੇ ਹਾਂ। ਬਾਕੀ ਜਿਹੜੇ ਲੋਕ ਪਾਰਟੀ ਛੱਡ ਗਏ ਹਨ, ਉਹ ਉਨ੍ਹਾਂ ਦੀ ਸੋਚ ਹੈ। ਸਿਆਸੀ ਪਾਰਟੀ ਕਿਸੇ ਦੇ ਆਉਣ-ਜਾਣ ਕੋਈ ਜ਼ਿਆਦਾ ਫ਼ਰਕ ਨਹੀਂ ਪੈਂਦਾ। ਕੋਈ ਇਕ ਜਾਂਦਾ ਹੈ ਤਾਂ ਉਸ ਦੀ ਘਾਟ ਪੂਰੀ ਕਰਨ ਲਈ 10 ਹੋਰ ਵਰਕਰ ਅੱਗੇ ਆ ਜਾਂਦੇ ਹਨ। ਕਾਂਗਰਸ ਇਕ ਪੁਰਾਣੀ ਰਵਾਇਤੀ ਪਾਰਟੀ ਹੈ ਅਤੇ ਇਹ ਆਪਣੇ ਟਾਰਗੇਟ 'ਤੇ ਫੋਕਸ ਹੋ ਕੇ ਚੱਲ ਰਹੀ ਹੈ ਅਤੇ ਮੌਜੂਦਾ ਨਿਸ਼ਾਨਾ ਹੈ ਜਲੰਧਰ ਦੀ ਲੋਕ ਸਭਾ ਸੀਟ।

ਕਾਂਗਰਸ ਦਾ ਜਲੰਧਰ 'ਚ ਮੁਕਾਬਲਾ ਕਿਸ ਨਾਲ?

ਕਾਂਗਰਸ ਦਾ ਜਲੰਧਰ ਲੋਕ ਸਭਾ ਚੋਣਾਂ ਵਿਚ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ, ਕਿਉਂਕਿ ਅਸੀਂ ਜਨ ਸ਼ਕਤੀ ਵਿਚ ਵਿਸ਼ਵਾਸ ਰੱਖਦੇ ਹਾਂ ਅਤੇ ਜਲੰਧਰ ਦੀ ਜਨਤਾ ਦੀ ਸ਼ਕਤੀ ਸਾਡੇ ਨਾਲ ਹੈ। ਕੁਝ ਲੋਕ ਇਸ ਸਮੇਂ ਧਨ ਸ਼ਕਤੀ ਦੇ ਮਾਧਿਅਮ ਨਾਲ ਜਿੱਤਣਾ ਚਾਹੁੰਦੇ ਹਨ ਪਰ ਉਹ ਇਸ ਵਿਚ ਕਾਮਯਾਬ ਨਹੀਂ ਹੋਣਗੇ, ਕਿਉਂਕਿ ਜਨਤਾ ਦੀ ਸ਼ਕਤੀ ਤੋਂ ਉੱਪਰ ਕੁਝ ਨਹੀਂ ਹੈ। ਜਲੰਧਰ ਦੀ ਇਹ ਲੋਕ ਸਭਾ ਸੀਟ ਦੀ ਜਿੱਤ 'ਤੇ ਹੀ ਅੱਗੇ ਦੀ ਕਾਂਗਰਸ ਦੀ ਅਗਲੀ ਰਣਨੀਤੀ ਟਿਕੀ ਹੋਈ ਹੈ। ਇੱਥੋਂ ਦੇ ਵਰਕਰ ਆਪਣਾ ਕੰਮ ਕਰ ਰਹੇ ਹਨ ਤਾਂ ਜੋ ਪਾਰਟੀ ਪੰਜਾਬ ਵਿਚ ਮੁੜ ਤੋਂ ਕਾਮਯਾਬੀ ਦੇ ਰਾਹ 'ਤੇ ਤੁਰਨ ਲੱਗੇ। ਜਿੱਥੋਂ ਤੱਕ ਮੁਕਾਬਲੇ ਦੀ ਗੱਲ ਹੈ, ਭਾਜਪਾ ਅਤੇ ਅਕਾਲੀ ਦਲ ਕਿਤੇ ਵੀ ਨਜ਼ਰ ਨਹੀਂ ਆ ਰਹੇ ਹਨ, ਜਦਕਿ ਆਮ ਆਦਮੀ ਪਾਰਟੀ ਖੁਦ ਪਸੀਨਾ ਵਹਾ ਰਹੀ ਹੈ। ਜੇਕਰ ਆਮ ਆਦਮੀ ਪਾਰਟੀ ਨੂੰ ਇੱਥੇ ਸਫ਼ਲਤਾ ਮਿਲਦੀ ਦਿੱਸਦੀ ਹੈ ਤਾਂ ਸਰਕਾਰੀ ਮਸ਼ੀਨਰੀ ਤੋਂ ਲੈ ਕੇ ਸਮੁੱਚੀ ਕੈਬਨਿਟ ਨੂੰ ਜਲੰਧਰ 'ਚ ਲਿਆਉਣ ਦੀ ਲੋੜ ਨਹੀਂ ਸੀ।

DIsha

This news is Content Editor DIsha