3 ਦਿਨਾਂ ਤੋਂ ਪਾਣੀ ਨੂੰ ਤਰਸ ਰਹੇ ਕਮਿਊਨਿਟੀ ਹੈਲਥ ਸੈਂਟਰ ਦੇ ਡਾਕਟਰ ਤੇ ਮਰੀਜ਼

07/31/2018 3:23:05 AM

ਸ਼ੇਰਪੁਰ,   (ਸਿੰਗਲਾ)-  ਕਮਿਊਨਿਟੀ ਹੈਲਥ ਸੈਂਟਰ ਸ਼ੇਰਪੁਰ ਜੋ ਪਿਛਲੇ ਲੰਮੇ ਸਮੇਂ ਤੋਂ ਐਮਰਜੈਂਸੀ ਸੇਵਾਵਾਂ ਚਾਲੂ ਨਾ ਹੋਣ ਕਰਕੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅੱਜ ਆਪਣੀ ਰਵਾਇਤ ਨੂੰ ਕਾਇਮ ਰੱਖਦੇ ਹੋਏ ਤਿੰਨ ਦਿਨਾਂ ਤੋਂ ਪਾਣੀ ਦੀ ਸਪਲਾਈ ਬੰਦ ਪਈ ਹੋਣ ਕਰਕੇ ਮੁਡ਼ ਚਰਚਾ ਵਿਚ ਆ ਗਿਆ ਹੈ। ਜਾਣਕਾਰੀ ਅਨੁਸਾਰ ਪਿਛਲੇ ਤਿੰਨ ਦਿਨਾਂ ਤੋਂ ਹਸਪਤਾਲ ’ਚ ਪਾਣੀ ਦੀ ਇਕ ਬੂੰਦ ਤੱਕ ਨਹੀਂ ਆਈ, ਜਿਸ ਕਰਕੇ ਲੇਬਰ ਰੂਮ, ਦੰਦਾਂ ਦੇ ਡਾਕਟਰ ਅਤੇ ਜੋ ਵੀ ਹੋਰ ਡਾਕਟਰ ਹਨ, ਨੂੰ ਹੱਥ ਧੋਣ ਤੱਕ ਦਾ ਪਾਣੀ ਬਾਹਰੋਂ ਮੰਗਵਾਉਣਾ ਪੈ ਰਿਹਾ ਹੈ। 
ਜ਼ਿਕਰਯੋਗ ਹੈ ਕਿ  5.25 ਕਰੋਡ਼ ਦੀ ਲਾਗਤ ਨਾਲ ਬਣੇ ਇਸ ਹਸਪਤਾਲ ’ਚ ਨਵੀਂ ਸਬਮਰਸੀਬਲ ਮੋਟਰ ਸਮੇਤ ਕਮਰਾ ਤਿਆਰ ਕਰ ਕੇ ਲਵਾਈ ਗਈ ਸੀ ਪਰ ਇਨ੍ਹਾਂ ਦਿਨਾਂ ਵਿਚ ਪਾਣੀ ਧਰਤੀ ਹੇਠ ਚਲੇ ਜਾਣ ਨਾਲ ਬਹੁਤੇ ਬੋਰਾਂ ਦਾ ਪਾਣੀ ਸਬਮਰਸੀਬਲ ਦੀਆਂ ਮੋਟਰਾਂ ਤੋਂ ਨੀਵਾਂ ਚਲਾ ਗਿਆ ਹੈ, ਜਿਸ ਕਾਰਨ ਮੋਟਰਾਂ ਪਾਣੀ ਚੁੱਕਣਾ ਬੰਦ ਕਰ ਗਈਆਂ ਹਨ। ਹਸਪਤਾਲ ਵਿਚ ਕੰਮ ਕਰਦੇ ਇਕ ਸਟਾਫ ਮੈਂਬਰ ਨੇ ਆਪਣਾ  ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਡਲਿਵਰੀ ਨਾਲ ਸਬੰਧਤ ਦੋ ਕੇਸ ਸਿਰਫ ਪਾਣੀ ਦੀ ਕਮੀ ਹੋਣ ਕਰਕੇ ਅੱਗੇ ਰੈਫਰ ਕਰ ਦਿੱਤੇ ਹਨ, ਉਨ੍ਹਾਂ ਦੱਸਿਆ ਕਿ ਲੇਬਰ ਰੂਮ ਵਿਚ ਇਕ ਬੂੰਦ ਵੀ ਪਾਣੀ ਦੀ ਨਹੀਂ ਆ ਰਹੀ। 
ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਦੰਦਾਂ ਦੇ ਡਾਕਟਰ ਸਮੇਤ  ਹੋਰ ਕਈ ਡਾਕਟਰ ਆਪਣੀ ਮਿਹਨਤ ਨਾਲ ਜਿੰਨਾ ਕੰਮ ਹੋ ਸਕੇ ਕਰਦੇ ਹਨ ਪਰ ਜੇਕਰ ਉਨ੍ਹਾਂ ਦੇ ਪੀਣ ਜਾਂ ਹੱਥ ਧੋਣ ਲਈ ਪਾਣੀ ਵੀ ਨਹੀਂ ਹੋਵੇਗਾ, ਉਹ ਫਿਰ ਕੀ ਕਰਨਗੇ?
ਕੀ ਕਹਿਣੈ ਐੱਸ. ਐੱਮ. ਓ. ਦਾ 
ਇਸ ਸਬੰਧੀ ਡਾ. ਰਜੀਵ ਚੈਂਬਰ ਐੱਸ. ਐੱਮ. ਓ.  ਨੇ ਕਿਹਾ ਕਿ ਪਾਣੀ ਦਾ ਲੈਵਲ ਡੂੰਘਾ ਚਲਾ ਗਿਆ ਹੈ, ਜਿਸ ਕਰਕੇ ਕੁਝ ਸਮੱਸਿਆ ਆ ਰਹੀ ਸੀ ਪਰ ਅੱਜ ਤਾਂ ਮੋਟਰ ਚੱਲ ਪਈ ਸੀ ਅਤੇ ਪਾਣੀ ਦੀ ਟੈਂਕੀ ਭਰ ਲਈ ਹੈ। ਉਨ੍ਹਾਂ ਦੱਸਿਆ ਕਿ ਮਹਿਕਮਾ ਪੀ. ਡਬਲਿਊ. ਡੀ. ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਹੈ ਅੱਜ ਉਨ੍ਹਾਂ ਦੇ ਮਕੈਨਿਕ ਸ਼ਾਮ ਤੱਕ ਇਸ ਦਾ ਹੱਲ ਕਰ
ਕੀ ਕਹਿੰਦੇ ਨੇ ਬੀ. ਐਂਡ. ਆਰ. ਦੇ ਅਧਿਕਾਰੀ
 ਏ. ਜੇ. ਈ. ਸੁਖਵੀਰ ਸਿੰਘ ਨੇ  ਦੱਸਿਆ ਕਿ ਛੁੱਟੀਆਂ ਹੋਣ ਕਰਕੇ ਇਸ ਦਾ ਕੰਮ ਨਹੀਂ ਹੋ ਸਕਿਆ ਪਰ ਅੱਜ ਸ਼ਾਮ ਤੱਕ ਇਸ ਨੂੰ ਠੀਕ ਕਰਵਾ ਦਿੱਤਾ ਜਾਵੇਗਾ।