ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਐੱਸ.ਐੱਸ.ਪੀ. ਦਫਤਰ ਦਾ ਘਿਰਾਓ

11/29/2017 5:39:58 AM

ਨਵਾਂਸ਼ਹਿਰ, (ਤ੍ਰਿਪਾਠੀ, ਮਨਰੋਜਨ)— ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕ੍ਰੇਸੀ ਨੇ ਪ੍ਰਵਾਸੀ ਮਜ਼ਦੂਰਾਂ ਦੇ ਕਥਿਤ ਅਗਵਾ ਦੇ ਕੇਸ 'ਚ ਪੁਲਸ ਵਲੋਂ ਕਾਰਵਾਈ ਨਾ ਕੀਤੇ ਜਾਣ ਦੇ ਵਿਰੋਧ 'ਚ ਐੱਸ.ਐੱਸ.ਪੀ. ਦਫਤਰ ਦਾ ਘਿਰਾਓ ਕਰ ਕੇ ਪੁਲਸ ਪ੍ਰਸ਼ਾਸਨ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ । 
ਇਸ ਤੋਂ ਪਹਿਲਾਂ ਸਥਾਨਕ ਦੁਸਹਿਰਾ ਗਰਾਊਂਡ ਵਿਖੇ ਪੁਲਸ ਵਿਰੁੱਧ ਵਿਸ਼ਾਲ ਰੋਸ ਰੈਲੀ ਕਰ ਕੇ ਸ਼ਹਿਰ ਦੇ ਮੁੱਖ ਮਾਰਗਾਂ 'ਤੇ ਰੋਸ ਮਾਰਚ ਕੀਤਾ।  ਐੱਸ.ਐੱਸ.ਪੀ. ਦਫਤਰ ਦੇ ਬਾਹਰ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਆਗੂ ਦਲਜੀਤ ਸਿੰਘ ਐਡਵੋਕੇਟ ਤੇ ਕੁਲਵਿੰਦਰ ਸਿੰਘ ਵੜੈਚ ਨੇ ਆਖਿਆ ਕਿ ਜ਼ਿਲਾ ਪੁਲਸ ਬੀਤੀ 27 ਅਕਤੂਬਰ ਨੂੰ 2 ਪ੍ਰਵਾਸੀ ਮਜ਼ਦੂਰਾਂ ਨੂੰ ਅਗਵਾ ਕਰ ਕੇ ਉਨ੍ਹਾਂ ਉਤੇ ਹੋਏ ਤਸ਼ੱਦਦ ਦੇ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਕਰ ਰਹੀ ਹੈ।  ਉਨ੍ਹਾਂ ਕਿਹਾ ਕਿ ਅਗਵਾ ਕੀਤਾ ਗਿਆ ਇਕ ਮਜ਼ਦੂਰ ਸ਼ੈਲਰ 'ਚੋਂ ਭੱਜਣ ਵਿਚ ਕਾਮਯਾਬ ਹੋ ਗਿਆ ਸੀ ਜਦੋਂ ਕਿ ਦੂਜੇ ਨੂੰ ਪੁਲਸ ਵਲੋਂ ਸ਼ੈਲਰ 'ਚੋਂ ਰਿਹਾ ਕਰਵਾਇਆ ਗਿਆ ਸੀ। 
ਉਨ੍ਹਾਂ ਦੱਸਿਆ ਉਕਤ ਦੋਨਾਂ ਮਜ਼ਦੂਰਾਂ ਨੇ ਐੱਸ.ਐੱਸ.ਪੀ. ਨੂੰ ਸ਼ਿਕਾਇਤ ਪੱਤਰ ਦੇ ਕੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਸੀ ਜਦੋਂ ਇਸ ਸਬੰਧੀ ਉਨ੍ਹਾਂ ਦੀ ਪਾਰਟੀ ਦਾ ਵਫਦ ਵੀ ਐੱਸ.ਐੱਸ.ਪੀ. ਨੂੰ ਮਿਲਿਆ ਸੀ ਪਰ ਬਾਵਜੂਦ ਇਸ ਦੇ ਪੁਲਸ ਵਲੋਂ ਕਾਰਵਾਈ ਨਾ ਹੋਣਾ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ। ਉੁਨ੍ਹਾਂ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਦੇ ਹੁਕਮ ਹਨ ਕਿ ਅਜਿਹੇ ਮਾਮਲਿਆਂ 'ਚ ਪਹਿਲਾਂ ਪੁਲਸ ਐੱਫ.ਆਈ.ਆਰ. ਦਰਜ ਕਰੇ, ਜੇ ਕਿਸੇ ਜਾਂਚ ਦੀ ਲੋੜ ਮਹਿਸੂਸ ਹੁੰਦੀ ਹੈ ਤਾਂ ਉਹ ਜਾਂਚ ਬਾਅਦ 'ਚ ਕੀਤੀ ਜਾਵੇ ਪਰ ਲੱਗਦਾ ਹੈ ਕਿ ਜ਼ਿਲੇ ਦੀ ਪੁਲਸ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਦੀ ਵੀ ਪ੍ਰਵਾਹ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਵਿਰੁੱਧ ਫੌਰੀ ਤੌਰ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।  
ਇਸ ਮੌਕੇ ਅਵਤਾਰ ਸਿੰਘ ਤਾਰੀ, ਜ਼ਮਹੂਰੀ ਅਧਿਕਾਰ ਸਭਾ ਦੇ ਜ਼ਿਲਾ ਸਕੱਤਰ ਜਸਬੀਰ ਦੀਪ, ਕਮਲਜੀਤ ਸਨਾਵਾ, ਪ੍ਰਵਾਸੀ ਮਜ਼ਦੂਰ ਯੂਨੀਅਨ ਦੇ ਆਗੂ ਪ੍ਰਵੀਨ ਕੁਮਾਰ ਨਿਰਾਲਾ, ਰੇਹੜੀ ਵਰਕਰਜ਼ ਯੂਨੀਅਨ ਦੇ ਆਗੂ ਹਰੇ ਰਾਮ ਸਿੰਘ, ਭੱਠਾ ਵਰਕਰਜ਼ ਯੂਨੀਅਨ ਦੇ ਜ਼ਿਲਾ ਪ੍ਰਧਾਨ ਗੁਰਦਿਆਲ ਰੱਕੜ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਹਰਮੇਸ਼ ਸਿੰਘ ਢੇਸੀ, ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਦੇ ਜ਼ਿਲਾ ਪ੍ਰਧਾਨ ਨਿਰਮਲ ਸਿੰਘ ਜੰਡੀ ਨੇ ਵੀ ਸੰਬੋਧਨ ਕੀਤਾ।