ਬੇਅਦਬੀ ਦੇ ਮਾਮਲੇ ਦੀ ਜਾਂਚ ਲਈ ਮਾਲੇਰਕੋਟਲਾ ਪੁੱਜਾ ਕਮਿਸ਼ਨ

04/26/2018 1:57:35 AM

ਮਾਲੇਰਕੋਟਲਾ  (ਜ਼ਹੂਰ, ਸ਼ਹਾਬੂਦੀਨ, ਯਾਸੀਨ, ਜ. ਬ.) - 24 ਜੂਨ 2016 ਨੂੰ ਮਾਲੇਰਕੋਟਲਾ ਵਿਖੇ ਕੁਰਾਨ ਸ਼ਰੀਫ ਦੀ ਬੇਅਦਬੀ ਦੇ ਮਾਮਲੇ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਨਾਮਜ਼ਦ ਸੇਵਾ ਮੁਕਤ ਜੱਜ ਰਣਜੀਤ ਸਿੰਘ ਬੁੱਧਵਾਰ ਨੂੰ ਮਾਲੇਰਕੋਟਲਾ ਪੁੱਜੇ । ਇਸ ਮੌਕੇ ਸੇਵਾ ਮੁਕਤ ਜੱਜ ਰਣਜੀਤ ਸਿੰਘ ਨੇ ਮਾਲੇਰਕੋਟਲਾ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਪੰਜਾਬ 'ਚ ਕਰੀਬ 122 ਘਟਨਾਵਾਂ ਵੱਖ-ਵੱਖ ਧਾਰਮਕ ਗ੍ਰੰਥਾਂ ਦੀ ਬੇਅਦਬੀ ਸਬੰਧੀ ਵਾਪਰੀਆਂ ਸਨ। ਅੱਜ ਮਾਲੇਰਕੋਟਲਾ ਵਿਖੇ ਕੁਰਾਨ ਸ਼ਰੀਫ ਦੀ ਬੇਅਦਬੀ ਦੇ ਮਾਮਲੇ ਦੀ ਜਾਂਚ ਲਈ ਬਿਆਨ ਕਲਮਬੰਦ ਕੀਤੇ ਹਨ। ਉਨ੍ਹਾਂ ਦੱਸਿਆ ਕਿ 24 ਜੂਨ 2016 ਨੂੰ ਪਵਿੱਤਰ ਕੁਰਾਨ ਸ਼ਰੀਫ ਦੀ ਹੋਈ ਬੇਅਦਬੀ ਵਾਲੀ ਥਾਂ ਦਾ ਦੌਰਾ ਕੀਤਾ ਗਿਆ ਹੈ । ਇਸ ਸਬੰਧੀ ਮਾਮਲੇ ਦੇ ਮੁੱਦਈ ਮੁਨਸ਼ੀ ਮੁਹੰਮਦ ਅਸ਼ਰਫ ਅਤੇ ਮੌਲਵੀ ਅਬਦੁਲ ਸੱਤਾਰ ਇਮਾਮ ਜਾਮਾ ਮਸਜਿਦ, ਮੁਹੰਮਦ ਜਾਵੇਦ ਦੇ ਬਿਆਨ ਕਲਮਬੰਦ ਕਰਵਾਏ ਹਨ । ਜਦੋਂ ਉਨ੍ਹਾਂ ਪੁੱਛਿਆ ਕਿ ਮਾਲੇਰਕੋਟਲਾ ਹਲਕੇ 'ਚ 35 ਵੱਖ-ਵੱਖ ਪਿੰਡਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀਆਂ ਬੇਅਦਬੀਆਂ ਹੋਈਆਂ ਸਨ, ਜਿਸ ਵਿਚ ਦੋ ਪਰਚੇ ਅਮਰਗੜ੍ਹ ਥਾਣੇ 'ਚ ਦਰਜ ਕੀਤੇ ਗਏ ਸਨ, ਨੂੰ ਬਾਅਦ ਵਿਚ ਰੱਦ ਕਰ ਦਿੱਤਾ ਸੀ, ਕੀ ਉਹ ਵੀ ਜਾਂਚ ਦੇ ਘੇਰੇ 'ਚ ਹਨ ਤਾਂ ਉਨ੍ਹਾਂ ਕਿਹਾ ਕਿ ਜੇਕਰ ਅਪ੍ਰੈਲ 2017 ਤੋਂ ਪਹਿਲਾਂ ਦਾ ਮਾਮਲਾ ਹੈ ਤਾਂ ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕਰਦਿਆਂ ਕਿਹਾ ਕਿ ਅਫਵਾਹ ਫੈਲਾਈ ਜਾ ਰਹੀ ਹੈ ਕਿ ਕਮਿਸ਼ਨ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਨਹੀਂ ਬੁਲਾਇਆ। ਜਦੋਂ ਕਿਸੇ ਕੇਸ ਵਿਚ ਕੋਈ ਮੁਲਜ਼ਮ ਹੁੰਦਾ ਹੈ ਤਾਂ ਉਸ ਨੂੰ ਬੁਲਾਇਆ ਨਹੀਂ ਜਾਂਦਾ ਜੇਕਰ 'ਆਪ' ਵਿਧਾਇਕ ਆਪਣਾ ਪੱਖ ਰੱਖਣਾ ਚਾਹੁੰਦਾ ਹੈ ਤਾਂ ਉਹ ਆਪਣਾ ਬਿਆਨ ਕਮਿਸ਼ਨ ਕੋਲ ਦਰਜ ਕਰਵਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ 'ਚ 122 ਤੋਂ ਜ਼ਿਆਦਾ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਹਨ, ਜਿਨ੍ਹਾਂ 'ਤੇ ਤਕਰੀਬਨ 80 ਫੀਸਦੀ ਕੰਮ ਪੂਰਾ ਕਰ ਲਿਆ ਗਿਆ ਹੈ । ਜਿਹੜੇ ਮਾਮਲਿਆਂ 'ਚ ਜਾਂਚ ਸਹੀ ਨਹੀਂ ਕੀਤੀ ਗਈ ਅਤੇ ਅਧਿਕਾਰੀਆਂ ਵੱਲੋਂ ਕੁਤਾਹੀ ਵਰਤੀ ਗਈ ਹੈ, ਉਸ ਸਬੰਧੀ ਵੀ ਰਿਪੋਰਟ ਤਿਆਰ ਕੀਤੀ ਜਾਵੇਗੀ ਅਤੇ ਕੁਤਾਹੀ ਵਰਤਣ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਜਾਵੇਗੀ। 2015 ਵਿਚ ਗੁਰਮੀਤ ਰਾਮ ਰਹੀਮ ਦਾ ਪੋਸਟਰ ਪਾੜਨ 'ਤੇ ਦਰਜ ਹੋਏ ਮਾਮਲੇ 'ਚ ਸੁਖਵਿੰਦਰ ਸਿੰਘ ਦੇ ਬਿਆਨ ਵੀ ਕਲਮਬੰਦ ਕੀਤੇ ਗਏ ਹਨ।