ਐੱਲ. ਐੱਮ. ਵੀ. ਲਾਈਸੈਂਸ ਹੈ ਤਾਂ ਚਲਾ ਸਕੋਗੇ ਉਸੇ ਸ਼੍ਰੇਣੀ ਦਾ ਵਪਾਰਕ ਵਾਹਨ

04/20/2018 12:41:06 PM

ਲੁਧਿਆਣਾ (ਸੰਨੀ) : ਜੇਕਰ ਤੁਹਾਡੇ ਕੋਲ ਐੱਲ. ਐੱਮ. ਵੀ. ਲਾਇਸੈਂਸ ਹੈ ਤਾਂ ਤੁਸੀਂ ਉਸੇ ਸ਼੍ਰੇਣੀ ਦਾ ਵਪਾਰਕ ਵਾਹਨ ਚਲਾ ਸਕੋਗੇ। ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਕੇਂਦਰ ਸਰਕਾਰ ਦੇ ਰੋਡ ਟਰਾਂਸਪੋਰਟ ਅਤੇ ਹਾਈਵੇਅ ਮੰਤਰਾਲੇ ਵੱਲੋਂ ਸਾਰੇ ਰਾਜਾਂ ਦੇ ਟਰਾਂਸਪੋਰਟ ਅਤੇ ਪੁਲਸ ਵਿਭਾਗ ਨੂੰ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਨ ਸਬੰਧੀ ਐਡਵਾਈਜ਼ਰੀ ਪੱਤਰ ਜਾਰੀ ਕਰ ਦਿੱਤੇ ਗਏ ਹਨ। ਸੁਪਰੀਮ ਕੋਰਟ ਨੇ ਇਹ ਹੁਕਮ ਮੁਕੰਦ ਦੇਵਗਨ ਬਨਾਮ ਓਰੀਐਂਟਲ ਇੰਸ਼ੋਰੈਂਸ ਕੰਪਨੀ ਲਿਮਟਿਡ ਦੇ ਕੇਸ ਵਿਚ ਇਹ ਆਦੇਸ਼ ਦਿੱਤੇ ਸਨ, ਜਿਸ ਤੋਂ ਬਾਅਦ ਇਨ੍ਹਾਂ ਨੂੰ ਲਾਗੂ ਕਰਨ ਲਈ ਕੇਂਦਰੀ ਮੰਤਰਾਲੇ ਨੇ ਸਾਰੇ ਰਾਜਾਂ ਨੂੰ ਪੱਤਰ ਜਾਰੀ ਕੀਤੇ ਹਨ।
ਇਸ ਤੋਂ ਪਹਿਲਾਂ ਅਜਿਹਾ ਚੱਲ ਰਿਹਾ ਸੀ ਕਿ ਜੇਕਰ ਕਿਸੇ ਚਾਲਕ ਕੋਲ ਆਪਣੀ ਕਾਰ ਚਲਾਉਣ ਦਾ ਲਾਇਸੈਂਸ ਹੈ ਤਾਂ ਉਸ ਨੂੰ ਟੈਕਸੀ ਚਲਾਉਣ ਲਈ ਐੱਲ. ਐੱਮ. ਵੀ. (ਕੈਬ) ਦਾ ਲਾਇਸੈਂਸ ਹਾਸਲ ਕਰਨਾ ਪੈਂਦਾ ਸੀ। ਅਜਿਹਾ ਹੀ ਐੱਸ. ਯੂ. ਵੀ. ਗੱਡੀਆਂ ਵਿਚ ਹੋ ਰਿਹਾ ਸੀ। ਇੱਕੋ ਜਿਹੇ ਵਾਹਨ ਨੂੰ ਚਲਾਉਣ ਲਈ ਪੁਰਾਣਾ ਲਾਇਸੈਂਸ ਵਧਾਉਣਾ ਪੈਂਦਾ ਸੀ ਪਰ ਹੁਣ 7500 ਕਿਲੋ ਤੱਕ ਦੇ ਵਾਹਨਾਂ, ਚਾਹੇ ਨਿੱਜੀ ਹੋਵੇ ਜਾਂ ਵਪਾਰਕ, ਨੂੰ ਚਲਾਉਣ ਲਈ ਐੱਲ. ਐੱਮ. ਵੀ. ਲਾਇਸੈਂਸ ਮੰਨਣਯੋਗ ਹੋਵੇਗਾ। ਇਨ੍ਹਾਂ ਵਿਚ ਸਵਾਰੀ ਅਤੇ ਭਾਰ ਢੋਹਣ ਵਾਲੇ ਵਾਹਨ ਸ਼ਾਮਲ ਹਨ। ਇਨ੍ਹਾਂ ਹੁਕਮਾਂ ਤੋਂ ਬਾਅਦ ਸਿਰਫ ਮੀਡੀਅਮ ਅਤੇ ਹੈਵੀ ਵਾਹਨ ਚਲਾਉਣ ਲਈ ਪੁਰਾਣੇ ਲਾਇਸੈਂਸ ਵਿਚ ਕੈਟਾਗਰੀ ਦਾ ਵਾਧਾ ਕਰਵਾਉਣਾ ਪਵੇਗਾ। ਨਵੀਂ ਵਿਵਸਥਾ ਤਹਿਤ ਸਾਰਥੀ ਸਾਫਟਵੇਅਰ ਵਿਚ ਜ਼ਰੂਰੀ ਬਦਲਾਅ ਕਰਨ ਸਬੰਧੀ ਐੱਨ. ਆਈ. ਸੀ. ਦੇ ਡਾਇਰੈਕਟਰ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਪੂਰੇ ਦੇਸ਼ ਵਿਚ ਹੁਣ ਸਾਰਥੀ ਸਾਫਟਵੇਅਰ ਰਾਹੀਂ ਹੀ ਡਰਾਈਵਿੰਗ ਲਾਇਸੈਂਸ ਬਣਾਏ ਜਾਂਦੇ ਹਨ।