ਕਰੰਟ ਲੱਗਣ ਨਾਲ ਕੰਬਾਈਨ ਡਰਾਈਵਰ ਦੀ ਮੌਤ

09/24/2017 6:49:29 AM

ਭਕਨਾ ਕਲਾਂ,  (ਜਸਬੀਰ, ਨਰਿੰਦਰ)-  ਬੀਤੇ ਕੱਲ ਪਿੰਡ ਕਸੇਲ ਵਿਖੇ ਖੇਤਾਂ 'ਚ ਝੋਨਾ ਕੱਟਣ ਸਮੇਂ ਕੰਬਾਈਨ ਨਾਲ ਬਿਜਲੀ ਦੀਆਂ ਢਿੱਲੀਆਂ ਤਾਰਾਂ ਲੱਗਣ ਨਾਲ ਕੰਬਾਈਨ ਡਰਾਈਵਰ ਸਤਨਾਮ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਨੱਥੂਪੁਰਾ (ਭਕਨਾ ਕਲਾਂ) ਦੀ ਮੌਤ ਹੋ ਗਈ। ਇਸ ਤੋਂ ਬਾਅਦ ਕਿਸਾਨ ਸੰਘਰਸ਼ ਕਮੇਟੀ ਜ਼ੋਨ ਬਾਬਾ ਸੈਣ ਭਗਤ ਤੇ ਬਾਉਲੀ ਸਾਹਿਬ ਵੱਲੋਂ ਕਿਸਾਨ ਆਗੂ ਮੇਜਰ ਸਿੰਘ ਕਸੇਲ, ਜੋਗਾ ਸਿੰਘ ਖਾਰਾ, ਹਰਪ੍ਰੀਤ ਸਿੰਘ, ਗੁਰਿੰਦਰ ਸਿੰਘ ਭਰੋਵਾਲ, ਦਲਬੀਰ ਸਿੰਘ, ਮੰਗਲ ਸਿੰਘ ਤੇ ਕੰਬਾਈਨ ਯੂਨੀਅਨ ਦੇ ਪ੍ਰਧਾਨ ਪਰਮਜੀਤ ਸਿੰਘ ਦੁੱਗਲਵਾਲਾ ਦੀ ਅਗਵਾਈ 'ਚ ਲਾਸ਼ ਨੂੰ ਸਰਾਏ ਅਮਾਨਤ ਖਾਂ ਬਿਜਲੀ ਘਰ 'ਚ ਰੱਖ ਕੇ ਅਣਮਿਥੇ ਸਮੇਂ ਲਈ ਧਰਨਾ ਲਾਇਆ ਗਿਆ ਤੇ ਅਣਗਹਿਲੀ ਵਰਤਣ ਵਾਲੇ ਬਿਜਲੀ ਮੁਲਾਜ਼ਮਾਂ ਖਿਲਾਫ ਕੇਸ ਦਰਜ ਕਰਨ, ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਨਕਦ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਗਈ।
ਇਸ ਮੌਕੇ ਡੀ. ਐੱਸ. ਪੀ. ਪਿਆਰਾ ਸਿੰਘ, ਐੱਸ. ਡੀ. ਐੱਮ. ਪੱਟੀ ਸੁਰਿੰਦਰ ਸਿੰਘ, ਐਕਸੀਅਨ ਪਰਮਜੀਤ ਸਿੰਘ, ਨਾਇਬ ਤਹਿਸੀਲਦਾਰ ਜਗਮੋਹਨ ਸਿੰਘ ਤੇ ਥਾਣਾ ਮੁਖੀ ਸੁਖਵਿੰਦਰ ਸਿੰਘ ਪਹੁੰਚੇ, ਜਿਨ੍ਹਾਂ ਮਾਮਲੇ ਨੂੰ ਹੱਲ ਕਰਨ ਲਈ ਪਰਿਵਾਰਕ ਮੈਂਬਰਾਂ ਤੇ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਨਾਲ ਗੱਲ ਕੀਤੀ ਪਰ ਕਿਸਾਨ ਆਪਣੀ ਮੰਗ 'ਤੇ ਅੜੇ ਰਹੇ ਤੇ ਮ੍ਰਿਤਕ ਡਰਾਈਵਰ ਦੀ ਲਾਸ਼ ਨੂੰ ਰੱਖ ਕੇ ਧਰਨੇ 'ਤੇ ਬੈਠੇ ਰਹੇ ਅਤੇ ਮੰਗ ਕਰ ਰਹੇ ਹਨ ਕਿ ਬਿਜਲੀ ਦੀਆਂ ਢਿੱਲੀਆਂ ਤਾਰਾਂ ਜਿਨ੍ਹਾਂ ਕਰ ਕੇ ਹਾਦਸਾ ਹੋਇਆ, ਨੂੰ ਨਾ ਕੱਸਣ ਵਾਲੇ ਮੁਲਾਜ਼ਮਾਂ ਖਿਲਾਫ ਕੇਸ ਦਰਜ ਕੀਤਾ ਜਾਵੇ। ਖਬਰ ਲਿਖੇ ਜਾਣ ਤੱਕ ਕਿਸਾਨ ਆਪਣੀ ਮੰਗ 'ਤੇ ਅੜੇ ਧਰਨੇ 'ਤੇ ਬੈਠੇ ਨਾਅਰੇਬਾਜ਼ੀ ਕਰ ਰਹੇ ਸਨ।