''ਆਪ'' ਵਿਧਾਇਕਾਂ ਖ਼ਿਲਾਫ਼ ਸ਼ਿਕਾਇਤਾਂ ਮਿਲਣ ਮਗਰੋਂ ਮੀਟਿੰਗਾਂ ਸ਼ੁਰੂ, ਹਾਈਕਮਾਨ ਕੋਲ ਪੁੱਜੇਗੀ ''ਰਿਐਲਿਟੀ''

07/29/2023 6:32:02 PM

ਲੁਧਿਆਣਾ (ਵਿੱਕੀ) : ਆਪਣੇ ਹਲਕਿਆਂ ’ਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ ਬੇਸ਼ੱਕ ਆਮ ਆਦਮੀ ਪਾਰਟੀ ਦੇ ਵਿਧਾਇਕ ਹਾਈ ਕਮਾਨ ਨੂੰ ਰੋਜ਼ਾਨਾ ਕੋਈ ਵੀ ਰਿਪੋਰਟ ਭੇਜ ਰਹੇ ਹੋਣ ਪਰ ਜ਼ਮੀਨੀ ਪੱਧਰ ’ਤੇ ਵਿਧਾਇਕਾਂ ਦੀ ਕਾਰਗੁਜ਼ਾਰੀ ਅਤੇ ਜਥੇਬੰਦੀ ਦੇ ਅਹੁਦੇਦਾਰਾਂ ਨਾਲ ਉਨ੍ਹਾਂ ਦੇ ਤਾਲਮੇਲ ਦੀ ਸਮੀਖਿਆ ਕਰਨ ਲਈ ‘ਆਪ’ ਦੀ 3 ਮੈਂਬਰੀ ਕੇਂਦਰੀ ਟੀਮ ਵੱਖ-ਵੱਖ ਜ਼ਿਲ੍ਹਿਆਂ ਦੀ ਫੀਡਬੈਕ ਲੈਣ ਪੁੱਜ ਚੁੱਕੀ ਹੈ।

ਇਹ ਵੀ ਪੜ੍ਹੋ :  ਪੰਜਾਬ ਦੇ ਇਸ ਜ਼ਿਲ੍ਹੇ ਵਿੱਚ 31 ਜੁਲਾਈ ਨੂੰ ਸਰਕਾਰੀ ਛੁੱਟੀ ਦਾ ਐਲਾਨ

ਹਰਿਆਣਾ ਤੋਂ ‘ਆਪ’ ਦੇ ਇਕ ਸੀਨੀਅਰ ਨੇਤਾ, ਲੋਕ ਸਭਾ ਹਲਕਾ ਦੇ ਆਬਜ਼ਰਵਰ ਅਤੇ ਇਕ ਹੋਰ ਨੇਤਾ ਦੀ ਅਗਵਾਈ ਵਾਲੀ ਇਸ ਕੇਂਦਰੀ ਟੀਮ ਨੇ ਪਹਿਲੇ ਹੀ ਦਿਨ ਲੁਧਿਆਣਾ ਲੋਕ ਸਭਾ ਦੇ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ ਦੇ 36 ਬਲਾਕ ਪ੍ਰਧਾਨਾਂ ਅਤੇ ਵਾਲੰਟੀਅਰਾਂ ਤੋਂ ਸਾਰੇ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਦੀ ਕਾਰਗੁਜ਼ਾਰੀ ਬਾਰੇ ਫੀਡਬੈਕ ਲਈ। ਇਨ੍ਹਾਂ ’ਚ ਸ਼ਹਿਰੀ ਤੋਂ 24 ਅਤੇ ਦਿਹਾਤੀ ਵਿਧਾਨ ਸਭਾ ਹਲਕਿਆਂ ਤੋਂ 12 ਬਲਾਕ ਪ੍ਰਧਾਨਾਂ, ਜਿਨ੍ਹਾਂ ’ਚ ਸ਼ਹਿਰੀ ’ਚ ਦੱਖਣੀ, ਆਤਮ ਨਗਰ, ਪੂਰਬੀ, ਉੱਤਰੀ, ਸੈਂਟਰਲ ਅਤੇ ਵੈਸਟ ਦੇ ਨਾਲ ਦਿਹਾਤੀ ’ਚ ਗਿੱਲ, ਮੁੱਲਾਂਪੁਰ ਅਤੇ ਜਗਰਾਓਂ ਤੋਂ ਸ਼ਾਮਲ ਰਹੇ। ਦੱਸਿਆ ਜਾ ਰਿਹਾ ਹੈ ਕਿ ਵੀਰਵਾਰ ਸਵੇਰੇ 8 ਵਜੇ ਤੋਂ ਸਰਕਟ ਹਾਊਸ ’ਚ ਸ਼ੁਰੂ ਹੋਈ। ਇਸ ਫੀਡਬੈਕ ਮੀਟਿੰਗ ’ਚ ਸ਼ੁੱਕਰਵਾਰ ਤੜਕੇ 4 ਵਜੇ ਤੱਕ ਹਰ ਬਲਾਕ ਪ੍ਰਧਾਨ ਨੇ ਆਪਣੇ ਹਲਕੇ ਦੇ ਵਿਧਾਇਕ ਦੀ ਕਾਰਜਸ਼ੈਲੀ ਦੀ ਰਿਪੋਰਟ ਦਿੱਤੀ। ਟੀਮ ਨੇ ਬਲਾਕ ਪ੍ਰਧਾਨ ਅਤੇ ਕਈ ਵਾਲੰਟੀਅਰਾਂ ਨਾਲ ਅੱਧੇ ਤੋਂ 1 ਘੰਟੇ ਤੱਕ ਗੱਲਬਾਤ ਕੀਤੀ ਤਾਂ ਕਿ ਹਾਈਕਮਾਨ ਤੱਕ ਗਰਾਊਂਡ ਰਿਆਲਿਟੀ ਪਹੁੰਚਾਈ ਜਾ ਸਕੇ।

ਇਹ ਵੀ ਪੜ੍ਹੋ :  ਲੋਕ ਸਭਾ ਚੋਣਾਂ ਸਬੰਧੀ ਚਰਚਾ ਸ਼ੁਰੂ, ਸਫ਼ਲ ਤਜਰਬੇ ਮਗਰੋਂ ਵਿਰੋਧੀ ਪਾਰਟੀਆਂ 'ਤੇ CM ਮਾਨ ਦੀਆਂ ਨਜ਼ਰਾਂ

ਕਰੀਬ 20 ਘੰਟਿਆਂ ਤੱਕ ਚੱਲੀ ਇਸ ਮੀਟਿੰਗ ’ਚ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਕੀ ਸਰਕਾਰ ਬਣਨ ਤੋਂ ਬਾਅਦ ਵਿਧਾਇਕਾਂ ਦਾ ਪਾਰਟੀ ਦੇ ਬਲਾਕ ਪ੍ਰਧਾਨਾਂ ਅਤੇ ਵਾਲੰਟੀਅਰਾਂ ਨਾਲ ਕਿਸ ਤਰ੍ਹਾਂ ਦਾ ਤਾਲਮੇਲ ਹੈ। ਕੀ ਕਿਸੇ ਸਰਕਾਰੀ ਮੀਟਿੰਗ ਜਾਂ ਉਦਘਾਟਨ ਸਮਾਗਮ ’ਚ ਜਥੇਬੰਦੀ ਨਾਲ ਜੁੜੇ ਵਾਲੰਟੀਅਰਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ ਜਾਂ ਨਹੀਂ। ਜਨਤਾ ਦੇ ਰੁਕੇ ਹੋਏ ਕੰਮਾਂ ਲਈ ਵਿਧਾਇਕਾਂ ਦੇ ਦਫ਼ਤਰਾਂ ’ਚ ਜਾਣ ’ਤੇ ਵਾਲੰਟੀਅਰਾਂ ਦੀ ਕਿੰਨੀ ਸੁਣਵਾਈ ਹੋ ਰਹੀ ਹੈ। ਇਸ ਦੇ ਨਾਲ ਕੁਝ ਹੋਰ ਸਵਾਲ ਵੀ ਪੁੱਛੇ ਗਏ ਹਨ।

ਇਹ ਵੀ ਪੜ੍ਹੋ :   48 ਪਟਵਾਰੀਆਂ ਸਣੇ 138 ਮੁਲਾਜ਼ਮਾਂ 'ਤੇ ਸ਼ਿਕੰਜਾ ਕੱਸੇਗੀ ਮਾਨ ਸਰਕਾਰ, ਪੁੱਜੀ ਸਜ਼ਾਵਾਂ ਦੇਣ ਦੀ ਸਿਫਾਰਸ਼

ਸੂਤਰਾਂ ਮੁਤਾਬਕ ਲੁਧਿਆਣਾ ਸ਼ਹਿਰੀ ਹਲਕਿਆਂ ’ਚ ਸਿਰਫ਼ 2 ਤੋਂ 3 ਵਿਧਾਇਕਾਂ ਦੀ ਕਾਰਗੁਜ਼ਾਰੀ ਅਤੇ ਤਾਲਮੇਲ ’ਤੇ ਹੀ ਉਨ੍ਹਾਂ ਦੇ ਹਲਕੇ ਦੇ ਬਲਾਕ ਪ੍ਰਧਾਨਾਂ ਅਤੇ ਵਾਲੰਟੀਅਰਾਂ ਨੇ ਸੰਤੁਸ਼ਟੀ ਪ੍ਰਗਟ ਕੀਤੀ ਹੈ, ਜਦੋਂਕਿ ਜ਼ਿਆਦਾਤਰ ਬਾਰੇ ਕਈਆਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਨਾ ਤਾਂ ਉਨ੍ਹਾਂ ਨੂੰ ਵਿਧਾਇਕਾਂ ਵਲੋਂ ਕੋਈ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਕਿਸੇ ਉਦਘਾਟਨ ਜਾਂ ਸਰਕਾਰੀ ਮੀਟਿੰਗ ’ਚ ਸੱਦਿਆ ਜਾਂਦਾ ਹੈ। ਕਈਆਂ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਹੈ ਕਿ ਉਹ ਅੰਨਾ ਅੰਦੋਲਨ ਦੇ ਸਮੇਂ ਤੋਂ ਪਾਰਟੀ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਹਨ ਪਰ ਹੁਣ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਨੂੰ ਵਿਧਾਇਕਾਂ ਵਲੋਂ ਬਣਦਾ ਸਨਮਾਨ ਨਹੀਂ ਦਿੱਤਾ ਜਾ ਰਿਹਾ।

ਇਹ ਵੀ ਪੜ੍ਹੋ :   ਮਨਪ੍ਰੀਤ ਬਾਦਲ ਹੋਏ ਜਜ਼ਬਾਤੀ, ਕਿਹਾ ਮੈਨੂੰ ‘ਚੌਰਾਹੇ ’ਚ ਗੋਲ਼ੀ ਮਾਰ ਦਿਓ’

ਹਾਈਕਮਾਨ ਕੋਲ ਪੁੱਜੀਆਂ ਸਨ ਵਿਧਾਇਕਾਂ ਵਲੋਂ ਅਣਦੇਖੀ ਕਰਨ ਦੀਆਂ ਸ਼ਿਕਾਇਤਾਂ

ਪਾਰਟੀ ਦੇ ਇਕ ਅਹੁਦੇਦਾਰ ਨੇ ਦੱਸਿਆ ਕਿ ਆਉਣ ਵਾਲੇ ਸਮੇਂ ’ਚ ਲੋਕ ਸਭਾ, ਨਿਗਮ, ਪੰਚਾਇਤ ਅਤੇ ਬਲਾਕ ਸੰਮਤੀ ਚੋਣਾਂ ’ਚ ਵੀ ਆਮ ਆਦਮੀ ਪਾਰਟੀ ਆਪਣਾ ਜੇਤੂ ਰੱਥ ਇੰਝ ਹੀ ਅੱਗੇ ਵਧਾਉਣੀ ਚਾਹੁੰਦੀ ਹੈ ਪਰ ਪੰਜਾਬ ’ਚ ਸਰਕਾਰ ਬਣਾਉਣ ’ਚ ਆਪਣੀ ਭੂਮਿਕਾ ਨਿਭਾਉਣ ਵਾਲੇ ਵਾਲੰਟੀਅਰਾਂ ਦੀ ਵਿਧਾਇਕਾਂ ਵਲੋਂ ਕੀਤੀ ਜਾ ਰਹੀ ਅਣਦੇਖੀ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਹੀ ਇਸ ਕੇਂਦਰੀ ਟੀਮ ਨੂੰ ਵਿਧਾਨ ਸਭਾ ਪੱਧਰ ’ਤੇ ਰਿਪੋਰਟ ਇਕੱਠੀ ਕਰਨ ਲਈ ਭੇਜਿਆ ਗਿਆ ਹੈ।

ਮੀਟਿੰਗ ’ਚ ਆਪਣੀ ਰਿਪੋਰਟ ਦੇਣ ਲਈ ਪਾਰਟੀ ਦੇ ਪੁਰਾਣੇ ਵਾਲੰਟੀਅਰ ਦੇਰ ਰਾਤ ਤੱਕ ਖੜ੍ਹੇ ਰਹੇ ਅਤੇ ਬਲਾਕ ਪ੍ਰਧਾਨਾਂ ਦੇ ਜ਼ਰੀਏ ਆਪਣੀ ਫੀਡਬੈਕ ਦਿੱਤੀ। ਪਤਾ ਲੱਗਾ ਹੈ ਕਿ ਟੀਮ ਨੇ ਫੀਡਬੈਕ ਦੇਣ ਵਾਲੇ ਬਲਾਕ ਪ੍ਰਧਾਨਾਂ ਅਤੇ ਵਾਲੰਟੀਅਰਾਂ ਤੋਂ ਵੀ ਪਾਰਟੀ ਲਈ ਉਨ੍ਹਾਂ ਦੀ ਆਪਣੀ ਵਰਕਿੰਗ ਬਾਰੇ ਪੁੱਛਿਆ, ਜਿਸ ਦਾ ਸਾਰਾ ਰਿਕਾਰਡ ਲਿਆ ਗਿਆ ਹੈ।

ਇਹ ਵੀ ਪੜ੍ਹੋ :   ਲੁਧਿਆਣਾ ਬੱਸ ਅੱਡੇ ਨੇੜੇ ਹੁੰਦੈ ਜਿਸਮ ਦਾ ਸੌਦਾ! ਦੇਹ ਵਪਾਰ ਕਰਨ ਵਾਲੀਆਂ 3 ਕੁੜੀਆਂ ਕਾਬੂ

31 ਜੁਲਾਈ ਤੱਕ ਚੱਲੇਗਾ ਫੀਡਬੈਕ ਮੀਟਿੰਗਾਂ ਦਾ ਦੌਰ

ਕੇਂਦਰੀ ਟੀਮ ਨੇ ਵਿਧਾਇਕਾਂ ਤੋਂ ਇਲਾਵਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ, ਉਪ ਪ੍ਰਧਾਨਾਂ, ਸਕੱਤਰਾਂ ਦੀ ਕਾਰਗੁਜ਼ਾਰੀ ਬਾਰੇ ਵੀ ਰਿਪੋਰਟ ਲਈ। ਸ਼ੁੱਕਰਵਾਰ ਨੂੰ ਖੰਨਾ, ਪਾਇਲ, ਸਮਰਾਲਾ, ਸਾਹਨੇਵਾਲ, ਰਾਏਕੋਟ, ਵਿਧਾਨ ਸਭਾ ਹਲਕਿਆਂ ਦੇ ਬਲਾਕ ਪ੍ਰਧਾਨਾਂ ਅਤੇ ਵਾਲੰਟੀਅਰ ਦੀ ਮੀਟਿੰਗ ਰੱਖੀ ਗਈ, ਜਿਸ ਤੋਂ ਬਾਅਦ ਸੰਗਰੂਰ, ਮੋਗਾ ਅਤੇ ਹੋਰਨਾਂ ਜ਼ਿਲ੍ਹਿਆਂ ਨਾਲ ਵੀ ਮੀਟਿੰਗਾਂ ਹੋਣਗੀਆਂ। ਫੀਡਬੈਕ ਲੈਣ ਲਈ ਮੀਟਿੰਗਾਂ ਦਾ ਇਹ ਦੌਰ 31 ਜੁਲਾਈ ਤੱਕ ਸਾਰੇ 13 ਲੋਕ ਸਭਾ ਹਲਕਿਆਂ ’ਚ ਚੱਲੇਗਾ।

ਰਿਪੋਰਟ ਦੇ ਆਧਾਰ ’ਤੇ ਡਾ. ਸੰਦੀਪ ਪਾਠਕ ਕਰਨਗੇ ਵਿਧਾਇਕਾਂ ਨਾਲ ਮੀਟਿੰਗਾਂ

ਪੰਜਾਬ ’ਚ ਚੱਲ ਰਹੀਆਂ ਇਨ੍ਹਾਂ ਮੀਟਿੰਗਾਂ ਦੀ ਰਿਪੋਰਟ ‘ਆਪ’ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਡਾ. ਸੰਦੀਪ ਪਾਠਕ ਕੋਲ ਜਵੇਗੀ। ਦੱਸਿਆ ਗਿਆ ਹੈ ਕਿ ਆਉਣ ਵਾਲੇ ਦਿਨਾਂ ’ਚ ਬਲਾਕ ਪ੍ਰਧਾਨਾਂ ਤੋਂ ਮਿਲੀ ਫੀਡਬੈਕ ਦੇ ਆਧਾਰ ’ਤੇ ਡਾ. ਸੰਦੀਪ ਪਾਠਕ ਹਰ ਵਿਧਾਇਕ ਨਾਲ ਮੀਟਿੰਗਾਂ ਕਰਨਗੇ ਤਾਂ ਕਿ ਪਾਰਟੀ ਪੱਧਰ ’ਤੇ ਵਾਲੰਟੀਅਰ ਅਤੇ ਵਿਧਾਇਕਾਂ ’ਚ ਤਾਲਮੇਲ ਮਜ਼ਬੂਤ ਕੀਤਾ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Harnek Seechewal

This news is Content Editor Harnek Seechewal