''ਆਉਂਦੀ ਠੰਡ ਨੇ ਕੀਤਾ ਤੰਗ''

11/14/2017 6:48:44 AM

ਸੁਲਤਾਨਪੁਰ ਲੋਧੀ, (ਧੀਰ)- ਪਵਿੱਤਰ ਨਗਰੀ ਸੁਲਤਾਨਪੁਰ ਲੋਧੀ 'ਚ ਚੜ੍ਹਦੀ ਠੰਡ ਕਾਰਨ ਬਣੇ ਸਰਦ ਮੌਸਮ ਕਰਕੇ ਆਮ ਲੋਕ ਤੰਗ ਹੋ ਗਏ ਹਨ। ਬੀਤੇ 1 ਹਫਤੇ ਤੋਂ ਵੀ ਜ਼ਿਆਦਾ ਸਮੇਂ ਤੋਂ ਪੈ ਰਹੇ ਸੰਘਣੇ ਸਮੋਗ ਤੇ ਸੂਰਜ ਦੇ ਕੁਝ ਹੀ ਦੇਰ ਬਾਅਦ ਢਲ ਜਾਣ ਤੋਂ ਬਾਅਦ ਬੱਦਲਵਾਈ ਵਰਗੇ ਮਾਹੌਲ ਨੇ ਸਰਦ ਰੁੱਤ ਦਾ ਇਕ ਕਿਸਮ ਦਾ ਆਗਾਜ਼ ਕਰ ਦਿੱਤਾ ਹੈ। ਰਾਤ ਦਾ ਤਾਪਮਾਨ ਹੋਰ ਵੀ ਘੱਟ ਗਿਆ ਹੈ ਤੇ ਅੱਜ ਪਵਿੱਤਰ ਨਗਰੀ 'ਚ ਘੱਟ ਤੋਂ ਘੱਟ ਤਾਪਮਾਨ ਸਵੇਰੇ 12 ਵਜੇ ਤਕ 14 ਡਿਗਰੀ ਸੈਲਸੀਅਸ ਰਿਹਾ, ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਅਨੁਸਾਰ ਆਉਂਦੇ ਦਿਨਾਂ 'ਚ ਤਾਪਮਾਨ ਹੋਰ ਘਟਣ ਦੀ ਉਮੀਦ ਕੀਤੀ ਜਾ ਰਹੀ ਹੈ। ਪਰਾਲੀ ਸਾੜਨ ਦਾ ਮਲ ਸ਼ੁਰੂ ਹੋਣ ਤੋਂ ਬਾਅਦ ਅੱਜ ਵਾਤਾਵਰਣ 'ਚ ਨਮੀ ਦੀ ਮਾਤਰਾ ਘੱਟ ਕੇ 64 ਪ੍ਰਤੀਸ਼ਤ ਰਹੀ, ਜਦੋਂ ਕਿ ਸ਼ਨੀਵਾਰ ਨੂੰ ਇਹ ਮਾਤਰਾ 72 ਫੀਸਦੀ ਰਹੀ। ਠੰਡ ਤੋਂ ਬਚਾਓ ਲਈ ਅੱਜ ਸਵੇਰੇ ਕਈ ਥਾਵਾਂ 'ਤੇ ਲੋਕ ਲੱਕੜਾਂ ਬਾਲ ਕੇ ਅੱਗ ਸੇਕਦੇ ਵਿਖਾਈ ਦਿੱਤੇ।
ਆਵਾਜਾਈ ਵੀ ਰਹੀ ਪ੍ਰਭਾਵਿਤ- ਕਰੀਬ 10 ਦਿਨਾਂ ਤੋਂ ਰੋਜ਼ਾਨਾ ਪੈ ਰਹੀ ਸੰਘਣੀ ਸਮੋਗ ਕਾਰਨ ਜਿੱਥੇ ਆਮ ਜਨਜੀਵਨ ਲਗਾਤਾਰ ਪ੍ਰਭਾਵਿਤ ਹੋ ਰਿਹਾ ਹੈ, ਉੱਥੇ ਰੇਲ ਆਵਾਜਾਈ 'ਚ ਟਰੇਨਾਂ ਦੇ ਕਈ-ਕਈ ਘੰਟੇ ਦੇਰੀ ਨਾਲ ਚੱਲਣ ਕਾਰਨ ਵਿਅਕਤੀ ਦੇ ਸਾਰੇ ਦਿਨ ਦਾ ਸ਼ਡਿਊਲ ਹੀ ਪਟੜੀ ਤੋਂ ਉਤਰ ਗਿਆ ਹੈ। ਪੈਸੰਜਰ ਤੇ ਮੇਲ ਐਕਸਪ੍ਰੈੱਸ ਟਰੇਨਾਂ ਦੇ 4-4 ਘੰਟੇ ਦੇਰੀ ਨਾਲ ਚੱਲਣ ਕਾਰਨ ਯਾਤਰੀਆਂ ਨੂੰ ਸੰਘਣੀ ਸਮੋਗ ਦੀ ਸਫੇਦ ਚਾਦਰ 'ਚ ਰੇਲਵੇ ਸਟੇਸ਼ਨ 'ਤੇ ਬੈਠ ਕੇ ਹੀ ਇੰਤਜ਼ਾਰ ਕਰਨ ਨੂੰ ਮਜਬੂਰ ਹੋਣਾ ਪੈ ਰਿਹਾ ਹੈ। ਰੇਲ ਵਿਭਾਗ ਅਨੁਸਾਰ ਜਿਸ ਤਰ੍ਹਾਂ ਸੰਘਣੀ ਸਮੋਗ ਦੀ ਚਾਦਰ ਛਾਈ ਹੋਈ ਹੈ, ਉਸ ਨੂੰ ਦੇਖਦਿਆਂ ਫਿਲਹਾਲ ਰੇਲ ਸੇਵਾ 'ਚ ਸੁਧਾਰ ਦੀ ਗੁੰਜਾਇਸ਼ ਘੱਟ ਹੀ ਹੈ।