ਸੀਤ ਲਹਿਰ ਆਪਣੇ ਰੰਗ ’ਚ, ਮਹਾਨਗਰ ਲਿਪਟਿਆ ਰਿਹਾ ਕੋਹਰੇ ਦੀ ਚਾਦਰ ’ਚ

12/17/2020 4:49:17 PM

ਲੁਧਿਆਣਾ (ਸਲੂਜਾ) : ਸਵੇਰ ਤੋਂ ਲੈ ਕੇ ਸ਼ਾਮ ਢਲਣ ਤੱਕ ਲੁਧਿਆਣਾ ਕੋਹਰੇ ਦੀ ਚਾਦਰ ’ਚ ਲਿਪਟਿਆ ਰਿਹਾ। ਸੀਤ ਲਹਿਰ ਆਪਣੇ ਰੰਗ ’ਚ ਰਹਿਣ ਨਾਲ ਮੌਸਮ ਦਾ ਮਿਜਾਜ਼ ਅਜਿਹਾ ਬਣ ਗਿਆ, ਜਿਸ ਤਰ੍ਹਾਂ ਅਾਸਮਾਨ ਤੋਂ ਬਰਫ ਰੂਪੀ ਠੰਡ ਪੈ ਰਹੀ ਹੋਵੇ। ਬੰਦ ਕਮਰਿਆਂ ’ਚ ਵੀ ਹਰ ਕੋਈ ਠਰੂੰ-ਠਰੂੰ ਕਰਦਾ ਹੀ ਨਜ਼ਰ ਆਇਆ। ਸਵੇਰ ਦੇ ਸਮੇਂ ਤਾਂ ਕੋਹਰਾ ਇੰਨਾ ਸੰਘਣਾ ਸੀ ਕਿ ਵਿਜ਼ੀਬਿਲਟੀ ਨਾ ਦੇ ਬਰਾਬਰ ਰਹੀ। ਕੁਝ ਦੂਰ ਜਾ ਰਿਹਾ ਵਾਹਨ ਨਜ਼ਰ ਨਹੀਂ ਆ ਰਿਹਾ ਸੀ। ਸਵੇਰ ਦੇ ਸਮੇਂ ਜਦੋਂ ਸੰਘਣਾ ਕੋਹਰਾ ਪਿਆ ਤਾਂ ਬਹੁਤ ਸਾਰੇ ਇਲਾਕਿਆਂ ਦੀ ਪਾਵਰ ਸਪਲਾਈ ਠੱਪ ਹੋ ਕੇ ਰਹਿ ਗਈ, ਜਿਸ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ : ਸਹੌਲੀ ਦੇ ਮ੍ਰਿਤਕ ਕਿਸਾਨ ਦੇ ਪਰਿਵਾਰ ਨਾਲ ਪਰਨੀਤ ਕੌਰ ਨੇ ਦੁੱਖ ਕੀਤਾ ਸਾਂਝਾ, ਮਾਲੀ ਮਦਦ ਦੇਣ ਦਾ ਦਿੱਤਾ ਭਰੋਸਾ

ਕੀ ਰਿਹਾ ਤਾਪਮਾਨ
ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ
ਵੱਧ ਤੋਂ ਵੱਧ ਤਾਪਮਾਨ 9.6 ਡਿਗਰੀ ਸੈਲਸੀਅਸ
ਸਵੇਰ ਦੇ ਸਮੇਂ ਹਵਾ ’ਚ ਨਮੀ ਦੀ ਮਾਤਰਾ 91 ਫੀਸਦੀ
ਸ਼ਾਮ ਨੂੰ ਨਮੀ ਦੀ ਮਾਤਰਾ 87 ਫੀਸਦੀ

ਇਹ ਵੀ ਪੜ੍ਹੋ : ਬੁਲੰਦ ਹੌਂਸਲਿਆਂ ਨੂੰ ਸਲਾਮ, ਹੱਥ ਨਾ ਹੋਣ ਦੇ ਬਾਵਜੂਦ ਕਿਸਾਨੀ ਸੰਘਰਸ਼ ’ਚ ਡਟਿਆ ਇਹ ਨੌਜਵਾਨ

ਮੌਸਮ ਮਹਿਕਮੇ ਨੇ ਜਾਰੀ ਕੀਤਾ ਵਿਸ਼ੇਸ਼ ਬੁਲੇਟਿਨ
ਮੌਸਮ ਮਹਿਕਮੇ ਵੱਲੋਂ ਮੌਸਮ ਦੇ ਮਿਜਾਜ਼ ਨੂੰ ਲੈ ਕੇ ਜਾਰੀ ਕੀਤੇ ਗਏ ਵਿਸ਼ੇਸ਼ ਬੁਲੇਟਿਨ ਵਿਚ ਇਹ ਦੱਸਿਆ ਗਿਆ ਹੈ ਕਿ ਆਉਣ ਵਾਲੇ 5 ਦਿਨਾਂ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਸ਼ੀਤ ਲਹਿਰ ਦਾ ਕਹਿਰ ਵਧੇਗਾ। ਇਨ੍ਹਾਂ ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ ’ਚ 7 ਡਿਗਰੀ ਸੈਲਸੀਅਸ ਅਤੇ ਨਿਊਨਤਮ ਵਿਚ 4 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਹੋ ਸਕਦੀ ਹੈ। ਸਵੇਰ ਅਤੇ ਰਾਤ ਦੇ ਸਮੇਂ ਸੰਘਣੇ ਕੋਹਰੇ ਦਾ ਲੁਧਿਆਣਾ ਸਮੇਤ ਪੰਜਾਬ ਵਾਸੀਆਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ।

ਸੰਘਣਾ ਕੋਹਰਾ ਪਾਵਰਕਾਮ ’ਤੇ ਪੈ ਸਕਦੈ ਭਾਰੀ
ਜੇਕਰ ਆਉਣ ਵਾਲੇ ਦਿਨਾਂ ’ਚ ਪੰਜਾਬ ’ਚ ਸੰਘਣਾ ਕੋਹਰਾ ਪੈਂਦਾ ਹੈ ਤਾਂ ਇਹ ਪਾਵਰਕਾਮ ’ਤੇ ਭਾਰੀ ਪੈ ਸਕਦਾ ਹੈ। ਇਸ ਦੇ ਲਈ ਪੰਜਾਬ ਭਰ ਦੇ ਲੋਕਾਂ ਨੂੰ ਤਿਆਰ ਰਹਿਣਾ ਹੋਵੇਗਾ, ਜਦੋਂਕਿ ਪਾਵਰਕਾਮ ਤਾਂ ਪਹਿਲਾਂ ਹੀ ਕੁਦਰਤੀ ਆਫਤ ਦੇ ਸਮੇਂ ਹੱਥ ਖੜ੍ਹੇ ਕਰਦਾ ਆਇਆ ਹੈ। ਪਾਵਰਕਾਮ ਅਧਿਕਾਰੀਆਂ ਦਾ ਇਹ ਕਹਿਣਾ ਹੈ ਕਿ ਖਰਾਬ ਮੌਸਮ ’ਚ ਪਾਵਰ ਦੀ ਸਪਲਾਈ ਨੂੰ ਰੈਗੂਲਰ ਰੱਖ ਸਕਣਾ ਉਨ੍ਹਾਂ ਦੇ ਵੱਸ ਵਿਚ ਨਹੀਂ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।

Anuradha

This news is Content Editor Anuradha