ਮੰਡੀ ਗੋਬਿੰਦਗੜ੍ਹ 'ਚ ਖੁਲ੍ਹਿਆ ਪਹਿਲਾ ਸੀ. ਐੱਨ. ਜੀ. ਮਦਰ ਸਟੇਸ਼ਨ (ਵੀਡੀਓ)

05/26/2018 12:27:09 PM

ਮੰਡੀ ਗੋਬਿੰਦਗੜ੍ਹ (ਸੁਰੇਸ਼) — ਆਈ. ਆਰ. ਐੱਮ. ਪ੍ਰਾਈਵੇਟ ਲਿਮੀਟੇਡ (ਕੈਡਿਲਾ ਫਾਰਮਾਸਯੂਟਿਕਲ ਕੰਪਨੀ) ਫੋਕਲ ਪੁਆਇੰਟ ਮੰਡੀ ਗੋਬਿੰਦਗੜ੍ਹ 'ਚ ਪੰਜਾਬ ਦਾ ਪਹਿਲਾ ਸੀ. ਐੱਨ. ਜੀ. ਮਦਰ ਸਟੇਸ਼ਨ ਸ਼ੁਰੂ ਕਰਨ ਜਾ ਰਹੀ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪਨੂੰ ਨੇ ਡਿਪਟੀ ਕਮਿਸ਼ਨਰ ਕੰਵਲਪ੍ਰੀਤ ਬਰਾੜ ਦੇ ਨਾਲ ਮਿਲ ਕੇ ਅੱਜ ਇਸ ਸਟੇਸ਼ਨ ਦਾ ਉਦਘਾਟਨ ਕੀਤਾ।
ਇਸ ਮਦਰ ਸਟੇਸ਼ਨ ਦੇ ਚਾਲੂ ਹੋਣ ਨਾਲ ਕਾਰਾਂ, ਆਟੋ ਰਿਕਸ਼ਾ, ਸਕੂਲਾਂ ਤੇ ਕਾਲਜਾਂ ਦੀ ਬੱਸਾਂ ਤੇ ਛੋਟੇ ਕਮਰਸ਼ੀਅਲ ਵਾਹਨਾਂ ਦੇ ਲਈ ਆਸਾਨੀ ਤੋਂ ਸੀ. ਐੱਨ. ਜੀ. ਉਪਲਬੱਧ ਹੋ ਸਕੇਗੀ। ਇਹ ਜਾਣਕਾਰੀ ਦਿੰਦੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਾਤਾਵਰਣ ਇੰਜੀਨੀਅਰ ਆਰ. ਕੇ. ਨਈਅਰ ਨੇ ਦੱਸਿਆ ਕਿ ਸੀ. ਐੱਨ. ਜੀ. ਸਸਤੀ, ਸੁਰੱਖਿਤ ਤੇ ਪ੍ਰਦੂਸ਼ਣ ਮੁਕਤ, ਵਾਤਾਵਰਣ ਦੇ ਅਨੁਕੂਲ ਇੰਧਨ ਹੈ। ਇਸ ਸੀ. ਐੱਨ. ਜੀ. ਮਦਰ ਸਟੇਸ਼ਨ ਦਾ ਲਾਭ ਫਤਿਹਗੜ੍ਹ ਸਾਹਿਬ, ਸਰਹਿੰਦ, ਮੰਡੀ ਗੋਬਿੰਦ ਗੜ੍ਹ ਤੇ ਅਮਲੋਹ ਦੇ ਲੋਕ ਬਹੁਤ ਆਸਾਨੀ ਨਾਲ ਉਠਾ ਸਕਦੇ ਹਨ ਤੇ ਕੰਪਨੀ ਵਲੋਂ ਜਲਦੀ ਹੀ ਜ਼ਿਲੇ 'ਚ ਚੁੰਨੀਕਲੰ, ਖਮਾਣੋ, ਸਰਹਿੰਦ ਤੇ ਪਤਾਰਸੀ 'ਚ ਸੀ. ਐੱਨ. ਜੀ. ਸਟੇਸ਼ਨਾਂ ਦੀ ਸਥਾਪਨਾ ਕੀਤੀ ਜਾਵੇਗੀ। ਨਈਅਰ ਨੇ ਦੱਸਿਆ ਕਿ ਸੀ. ਐੱਨ. ਜੀ. ਦਾ ਇਹ ਮਦਰ ਸਟੇਸ਼ਨ ਜਿਥੇ ਨਾਲ ਲਗਦੇ ਸ਼ਹਿਰਾਂ ਲਈ ਸੀ. ਐੱਨ. ਜੀ. ਦਾ ਮੁੱਖ ਸਰੋਤ ਹੋਵੇਗਾ, ਉਥੇ ਹੀ ਇਸ ਮਦਰ ਸਟੇਸ਼ਨ ਤੋਂ ਸੀ. ਐੱਨ. ਜੀ. ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਤੇ ਰੂਪਨਗਰ ਨੂੰ ਵੀ ਸਪਲਾਈ ਕੀਤੀ ਜਾਵੇਗੀ। ਆਈ. ਆਰ. ਐੱਮ. ਐਨਰਜੀ ਪ੍ਰਾਈਵੇਟ ਲਿਮੀਟੇਡ ਦੇ ਸਹਾਇਕ ਉਪ ਪ੍ਰਧਾਨ ਰਘੂਵਿਰਸਿਨ ਸੋਲੰਕੀ ਨੇ ਦੱਸਿਆ ਕਿ ਸੀ. ਐੱਨ. ਜੀ. ਕੁਦਰਤੀ ਗੈਸ ਬਾਕੀ ਦੇ ਰਵਾਇਤੀ ਪੈਟਰੋਲੀਅਮ ਉਤਪਾਦਕਾਂ ਦੀ ਤੁਲਨਾ ਤੋਂ ਵੱਧ ਲਾਭਦਾਇਕ ਹਨ।
ਸੀ.ਐੱਨ. ਜੀ. ਇਕ ਚੁਸਤ ਤੇ ਕਿਫਾਇਤੀ ਇੰਧਨ ਹੋਣ ਕਾਰਨ ਬੱਸਾਂ, ਡਿਲੀਵਰੀ ਵਾਹਨਾਂ, ਆਟੋ, ਸਕੂਲ ਬਸਾਂ ਤੇ ਯਾਤਾਯਾਤ ਦੇ ਵਾਹਨਾਂ 'ਚ ਇਸ ਦਾ ਇਸਤੇਮਾਲ ਆਸਾਨੀ ਨਾਲ ਕੀਤਾ ਜਾ ਸਕੇਗਾ। ਸੀ. ਐੱਨ. ਜੀ. ਦੇ ਇਸਤੇਮਾਲ ਨਾਲ ਪੰਜਾਬ ਦੇ ਲੋਕਾਂ ਦਾ ਤੇਲ 'ਤੇ ਲੱਗਣ ਵਾਲਾ ਪੈਸਾ ਬਚੇਗਾ ਤੇ ਪ੍ਰਦੂਸ਼ਣ ਦਾ ਪੱਧਰ ਘਟਣ ਦੇ ਨਾਲ-ਨਾਲ ਵਾਹਨਾਂ ਦੀ ਉਮਰ ਵੀ ਵਧੇਗੀ। ਸੀ. ਐੱਨ. ਜੀ. ਦਾ ਹੋਰ ਪੈਟਰੋਲੀਅਮ ਪਾਦਰਥਾਂ ਦੀ ਤੁਲਨਾ 'ਚ 55 ਫੀਸਦੀ ਘੱਟ ਖਰਚਾ ਆਉਂਦਾ ਹੈ। ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਸੀ. ਐੱਨ. ਜੀ. 'ਚ ਬਾਕੀ ਪੈਟਰੋਲੀਅਮ ਉਤਪਾਦਕਾਂ ਦੀ ਤੁਲਨਾ 'ਚ ਕਾਰਬਨ ਦੀ ਮਾਤਰਾ ਘੱਟ ਹੋਣ ਕਾਰਨ ਇਹ ਇਕ ਸਾਫ ਸੁਥਰਾ ਇੰਧਨ ਮੰਨਿਆ ਜਾਂਦਾ ਹੈ। ਸੀ. ਐੱਨ. ਜੀ. ਬਲਣ 'ਤੇ 20 ਤੋਂ ਲੈ ਕੇ 30 ਫੀਸਦੀ ਤਕ ਘੱਟ ਗ੍ਰੀਨ ਹਾਊਸ ਗੈਸ ਛੱਡਦੀ ਹੈ ਤੇ ਪੈਟਰੋਲੀਅਮ ਉਤਪਾਦਕਾਂ ਦੀ ਤੁਲਨਾ 'ਚ 95 ਫਸੀਦੀ ਘੱਟ ਪ੍ਰਦੂਸ਼ਣ ਕਰਦੀ ਹੈ। ਇਸ ਤੋਂ ਇਲਾਵਾ ਸੀ. ਐੱਨ. ਜੀ. ਇੰਧਨ ਵਿਵਸਥਾ ਪੂਰੀ ਤਰ੍ਹਾਂ ਸੀਲਡ ਹੁੰਦੀ ਹੈ। ਇਸ ਲਈ ਵਾਸ਼ਪੀਕਰਨ ਤੋਂ ਹੋਣ ਵਾਲਾ ਪ੍ਰਦੂਸ਼ਣ ਨਹੀਂ ਬਣਦਾ। ਸੀ. ਐੱਨ. ਜੀ. ਨੂੰ ਲਿਆਉਣ ਤੇ ਲੈ ਜਾਣ ਵਾਲੇ ਟੈਂਕ ਪੈਟਰੋਲ ਤੇ ਡੀਜ਼ਲ ਲਿਆਉਣ ਲੈ ਜਾਣ ਵਾਲੇ ਟੈਂਕਾਂ ਦੀ ਤੁਲਨਾ 'ਚ ਵੱਧ ਮਜ਼ਬੂਤ ਹੁੰਦੇ ਹਨ। ਇਸ ਲਈ ਕਿਸੇ ਵੀ ਦੁਰਘਟਨਾ 'ਚ ਸੀ. ਐੱਨ. ਜੀ. ਲੀਕ ਹੋਣ ਦਾ ਖਤਰਾ ਵੀ ਘੱਟ ਹੁੰਦਾ ਹੈ।