ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਨੂੰ ਲਿੱਖੀ ਚਿੱਠੀ, ਸਮੋਗ 'ਤੇ ਜਤਾਈ ਚਿੰਤਾ ਤੇ ਮੰਗੀ ਮਦਦ

11/21/2017 6:22:12 PM

ਇਸਲਾਮਾਬਾਦ/ਜਲੰਧਰ— ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਮੁਹੰਮਦ ਸ਼ਹਿਬਾਜ਼ ਸ਼ਰੀਫ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿੱਖ ਕੇ ਸਮੋਗ ਨਾਲ ਪੈਦਾ ਹੋ ਰਹੀਆਂ ਪਰੇਸ਼ਾਨੀਆਂ 'ਤੇ ਚਿੰਤਾ ਜਤਾਈ ਹੈ।


ਇਸ ਚਿੱਠੀ 'ਚ ਪਾਕਿਸਤਾਨ 'ਚ ਪੰਜਾਬ ਦੇ ਮੁੱਖ ਮੰਤਰੀ ਨੇ ਲਿਖਿਆ ਹੈ ਕਿ ਬੀਤੇ ਸਾਲ ਤੋਂ ਭਾਰਤ ਤੇ ਪਾਕਿਸਤਾਨ 'ਚ ਸਮੋਗ ਕਾਰਨ ਕਈ ਪਰੇਸ਼ਾਨੀਆਂ ਸਾਹਮਣੇ ਆਈਆਂ ਹਨ। ਖਾਸ ਕਰਕੇ ਅਕਤੂਬਰ ਤੇ ਨਵੰਬਰ ਮਹੀਨੇ ਸਿਹਤ ਸਬੰਧੀ ਪਰੇਸ਼ਾਨੀਆਂ ਹੋਰ ਵਧ ਗਈਆਂ ਹਨ। ਉਨ੍ਹਾਂ ਕਿਹਾ ਕਿ ਸਮੋਗ ਕਾਰਨ ਆਮ ਜਨਤਾ ਦੀ ਸਿਹਤ, ਖਾਸ ਕਰਕੇ ਬੱਚਿਆਂ ਤੇ ਬਜ਼ੁਰਗਾਂ 'ਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ। ਇਸ ਦਾ ਅਸਰ ਫਸਲਾਂ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਤੇ ਸਮੋਗ ਕਾਰਨ ਹਾਦਸਿਆਂ 'ਚ ਵੀ ਵਾਧਾ ਹੋਇਆ ਹੈ। ਉਨ੍ਹਾਂ ਨੇ ਇਸ ਦਾ ਕਾਰਨ ਫਸਲਾਂ ਦੀ ਰਹਿੰਦ-ਖੂਹੰਦ ਸਾੜਨਾ ਤੇ ਫੈਕਟਰੀਆਂ ਤੋਂ ਨਿਕਲਦੇ ਧੂੰਏ ਨੂੰ ਦੱਸਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਉਨ੍ਹਾਂ ਦੀ ਅਪੀਲ 'ਤੇ ਦੋਵਾਂ ਸੂਬਿਆਂ ਦੇ ਲੋਕ ਸਮੋਗ ਨੂੰ ਘਟਾਉਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਦੋਵੇਂ ਸੂਬੇ ਮਿਲ ਕੇ ਇਸ ਪ੍ਰਦੂਸ਼ਣ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰੀਏ ਤਾਂ ਕਿ ਦੋਵਾਂ ਸੂਬਿਆਂ ਦਾ ਭਵਿੱਖ ਸੁਰੱਖਿਅਤ ਹੋ ਸਕੇ।
ਜ਼ਿਕਰਯੋਗ ਹੈ ਕਿ ਬੀਤੇ ਕਈ ਹਫਤਿਆਂ ਤੋਂ ਪਾਕਿਸਤਾਨ ਦੇ ਕਈ ਇਲਾਕਿਆਂ 'ਚ ਫੈਲੀ ਜ਼ਹਿਰੀਲੀ ਸਮੋਗ ਨੇ ਹਜ਼ਾਰਾਂ ਲੋਕਾਂ ਦੀ ਜਾਨ ਲੈ ਲਈ ਹੈ। ਹਾਲ ਹੀ ਦੇ ਦਿਨਾਂ 'ਚ ਇਸਲਾਮਾਬਾਦ 'ਚ ਫੈਲੀ ਪ੍ਰਦੂਸ਼ਿਤ ਹਵਾ ਇਸ ਹਫਤੇ ਪਏ ਮੀਂਹ ਨਾਲ ਥੋੜੀ ਸਾਫ ਹੋਈ ਹੈ ਪਰ ਸਥਿਤੀ ਅਜੇ ਵੀ ਚਿੰਤਾਜਨਕ ਬਣੀ ਹੋਈ ਹੈ। ਲਾਹੌਰ 'ਚ ਸਥਿਤੀ ਸਭ ਤੋਂ ਗੰਭੀਰ ਹੈ। ਪਾਕਿਸਤਾਨ ਏਅਰ ਕੁਅਲਿਟੀ ਦੇ ਮੁਤਾਬਕ ਇਥੇ ਪੀ.ਐੱਮ. 2.5 ਦਾ ਪੱਧਰ ਬੁੱਧਵਾਰ ਨੂੰ ਘੱਟ ਹੋ ਕੇ 1000 ਤੋਂ 159 'ਤੇ ਪਹੁੰਚਿਆ ਹੈ। ਪਰ 159 ਵੀ ਗਲੋਬਲ ਸਿਹਤ ਸੰਗਠਨ ਵਲੋਂ ਤੈਅ ਕੀਤੀ ਸੁਰੱਖਿਆ ਸੀਮਾਂ ਤੋਂ 6 ਗੁਣਾ ਜ਼ਿਆਦਾ ਹੈ। ਚੀਨ ਤੇ ਭਾਰਤ ਤੋਂ ਬਾਅਦ ਪਾਕਿਸਤਾਨ ਪ੍ਰਦੂਸ਼ਣ ਕਾਰਨ ਮਰਨ ਵਾਲੇ ਲੋਕਾਂ ਦੇ ਮਾਮਲੇ 'ਚ ਤੀਜੇ ਨੰਬਰ 'ਤੇ ਹੈ। ਜੇਕਰ ਅੰਕੜਿਆਂ ਦੀ ਮੰਨੀਏ ਤਾਂ ਪਾਕਿਸਤਾਨ 'ਚ ਹਰ ਸਾਲ 1 ਲੱਖ 25 ਹਜ਼ਾਰ ਲੋਕ ਪ੍ਰਦੂਸ਼ਣ ਕਾਰਨ ਆਪਣੀ ਜਾਨ ਗੁਆ ਰਹੇ ਹਨ। ਦੱਸਣਯੋਗ ਹੈ ਕਿ ਅੱਤਵਾਦੀ ਗਤੀਵਿਧੀਆਂ ਕਾਰਨ ਲਗਭਗ 60 ਹਜ਼ਾਰ ਲੋਕਾਂ ਦੀ ਮੌਤ ਹੋਈ ਹੈ।