ਰਾਜਪੁਰਾ ਦੇ ਸੱਟਾ ਬਾਜ਼ਾਰ ਦੇ ਸਰਗਣੇ ਬਾਰੇ ਲੋਕਾਂ ਨੂੰ ਦੱਸਣ ਮੁੱਖ ਮੰਤਰੀ : ਬੀਰ ਦਵਿੰਦਰ

04/25/2020 11:11:30 PM

ਪਟਿਆਲਾ/ਰਾਜਪੁਰਾ,(ਜ. ਬ.)- ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਮੀਤ ਪ੍ਰਧਾਨ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਰਾਜਪੁਰਾ ਸ਼ਹਿਰ ਹੁਣ 'ਕੋਰੋਨਾ' ਦਾ ਹੱੱਬ ਬਣ ਗਿਆ ਹੈ, ਉਸ ਕਾਰਣ ਮੁੱਖ ਮੰਤਰੀ ਦਾ ਪੂਰਾ ਜ਼ਿਲਾ ਸੰਕਟ ਵਿਚ ਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਜ਼ਿਲੇ ਵਿਚ ਮਰੀਜ਼ਾਂ ਦੀ ਗਿਣਤੀ 61 ਹੋ ਗਈ । ਅਚਾਨਕ ਕੇਸਾਂ ਦੇ ਵਧ ਜਾਣ ਅਤੇ ਰਾਜਪੁਰਾ ਦੀ ਬਦਨਾਮੀ ਵਿਚ ਹੁੱਕਾ-ਪਾਰਟੀ, ਸੱਟਾ ਬਾਜ਼ਾਰ ਅਤੇ ਜੂਏ ਦੇ ਕਾਰੋਬਾਰੀਆਂ ਦਾ ਵੱਡਾ ਹੱਥ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਵੇਲੇ ਇਕੱਲੇ ਰਾਜਪੁਰਾ 'ਚੋਂ ਹੀ 42 ਮਰੀਜ਼ 'ਕੋਰੋਨਾ' ਤੋਂ ਪੀੜਤ ਹਨ। ਮਹਾਮਾਰੀ ਦੇ ਕੇਸ ਵੱਧਣ ਦਾ ਕਾਰਣ ਰਾਜਪੁਰਾ ਵਿਚ ਬੇਖੌਫ਼ ਚੱਲ ਰਿਹਾ ਸੱਟਾ ਬਾਜ਼ਾਰ ਅਤੇ ਜੂਏ ਦਾ ਨਜਾਇਜ਼ ਕਾਰੋਬਾਰ ਅਤੇ ਉਸ ਧੰਦੇ ਦੇ ਅੱਡਿਆਂ 'ਤੇ ਚੱਲ ਰਹੀਆਂ ਹੁੱਕਾ-ਪਾਰਟੀਆਂ ਨੂੰ ਦੱਸਿਆ ਜਾ ਰਿਹਾ ਹੈ। ਦੁੱਖ ਦੀ ਗੱਲ ਤਾਂ ਇਹ ਹੈ ਕਿ ਲਗਾਤਾਰ ਇਕ ਮਹੀਨੇ ਤੋਂ ਜੋ ਸਖਤ ਮਿਹਨਤ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਕੀਤੀ ਜਾ ਰਹੀ ਸੀ, ਨੂੰ ਵੀ ਇਨ੍ਹਾਂ ਸੱਟੇਬਾਜ਼ਾਂ ਅਤੇ ਜੂਏਬਾਜ਼ਾਂ ਦੀਆਂ ਹੁੱਕਾ ਪਾਰਟੀਆਂ ਨੇ ਮਿੱਟੀ ਵਿਚ ਮਿਲਾ ਦਿੱਤਾ ਹੈ। ਇਸ ਬਦਨਾਮੀ ਦਾ ਠੀਕਰਾ ਤਾਂ ਹੁਣ ਮੁੱਖ ਮੰਤਰੀ ਦੇ ਸਿਰ ਹੀ ਫੁੱਟ ਰਿਹਾ ਹੈ।
ਹੁਣ ਸਵਾਲ ਉੱਠਦਾ ਹੈ ਕਿ ਕਰਫਿਊ ਅਤੇ ਨੈਸ਼ਨਲ ਲਾਕਡਾਊਨ ਵਰਗੀਆਂ ਸਖਤ ਪਾਬੰਦੀਆਂ ਦੇ ਬਾਵਜੂਦ ਇਹ ਸੱਟੇ ਦਾ ਕਾਰੋਬਾਰ ਅਤੇ ਹੁੱਕਾ ਪਾਰਟੀਆਂ, ਹਾਕਮ ਧਿਰ ਦੇ ਕਿਸ ਲੀਡਰ ਦੀ ਸ਼ਹਿ ਨਾਲ ਚੱਲ ਰਹੀਆਂ ਸਨ? ਕੀ ਇਨ੍ਹਾਂ ਨਜਾਇਜ਼ ਕਾਰੋਬਾਰਾਂ ਨੂੰ ਕੋਈ ਸ਼ਾਹੀ ਪਰਿਵਾਰ ਦੇ ਚਹੇਤਿਆਂ ਦਾ ਸਮਰਥਨ ਤਾਂ ਨਹੀਂ ? ਇਹ ਵੀ ਸਵਾਲ ਉੱਠਦਾ ਹੈ ਕਿ ਕੀ ਇਹ ਧੰਦਾ, ਇੰਨੇ ਵੱਡੇ ਪੱਧਰ 'ਤੇ, ਹਾਕਮ ਪਾਰਟੀ ਦੀ ਸੁਰੱਖਿਆਂ ਛੱਤਰੀ ਹੇਠ ਤਾਂ ਨਹੀਂ ਸੀ ਚਲਾਇਆ ਜਾ ਰਿਹਾ ?
ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਦੀ ਹੈਸੀਅਤ ਵਿਚ ਇਸ ਵੇਲੇ ਸਮੁੱਚੀ ਅਮਨ-ਕਾਨੂੰਨ ਦੀ ਵਿਵਸਥਾ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ। ਪੰਜਾਬ ਦੀ ਜਨਤਾ ਉਨ੍ਹਾਂ ਹੀ ਸਿੱਧਾ ਜਵਾਬ-ਤਲਬ ਕਰਦੀ ਹੈ ਕਿ ਰਾਜਪੁਰਾ ਦੇ ਸੱਟਾ ਬਾਜ਼ਾਰ ਦਾ ਸਰਗਣਾ ਕੌਣ ਹੈ, ਹਾਕਮ ਧਿਰ ਦੇ ਕਿਹੜੇ ਸਿਆਸੀ ਲੀਡਰ ਦੀ ਸ਼ਹਿ 'ਤੇ ਇਹ ਧੰਦਾ ਚੱਲ ਰਿਹਾ ਹੈ। ਰਾਜਪੁਰਾ ਸਬ-ਡਵੀਜ਼ਨ ਵਿਚਲੇ ਦੋਵੇਂ ਵਿਧਾਨ ਸਭਾ ਹਲਕਿਆਂ ਵਿਚ ਕਾਂਗਰਸ ਪਾਰਟੀ ਦੇ ਵਿਧਾਇਕ ਹਨ, ਜੋ ਪਟਿਆਲਾ ਲੋਕ ਸਭਾ ਹਲਕੇ ਤੋਂ ਐੱਮ. ਪੀ. ਮਹਾਰਾਣੀ ਪਰਨੀਤ ਕੌਰ ਦੇ 'ਵਿਸ਼ੇਸ਼ ਲਿਹਾਜ਼' ਵਾਲੇ ਵਿਅਕਤੀ ਹਨ। ਜਨਤਾ ਦੀਆਂ ਨਜ਼ਰਾਂ ਵਿਚ ਸ਼ੱਕ ਦੀ ਸੂਈ ਕਿਤੇ ਨਾਂ ਕਿਤੇ ਸ਼ਾਹੀ ਪਰਿਵਾਰ ਵੱਲ ਵੀ ਘੁੰਮਦੀ ਦਿਖਾਈ ਦਿੰਦੀ ਹੈ।
ਮੇਰੀ ਮੰਗ ਹੈ ਕਿ ਪੰਜਾਬ ਦੇ ਕਿਸੇ ਸਾਫ਼-ਸੁਥਰੇ ਡੀ. ਜੀ. ਪੀ. ਜਾਂ ਏ. ਡੀ. ਜੀ. ਪੀ. ਦੀ ਅਗਵਾਈ ਹੇਠ ਇਕ ਪੜਤਾਲੀਆ ਦਲ ਕਾਇਮ ਕੀਤਾ ਜਾਵੇ, ਜੋ ਸੱਟਾ ਬਜ਼ਾਰ ਅਤੇ ਜੂਏਬਾਜ਼ੀ ਦੇ ਅੱਡਿਆਂ ਨੂੰ ਫਨਾਹ ਕਰੇ ਅਤੇ ਹਾਕਮ ਧਿਰ ਨਾਲ ਜੁੜੇ ਸਿਆਸੀ ਪੁਸ਼ਤ-ਪਨਾਹਾਂ ਨੂੰ ਬੇਨਕਾਬ ਕਰੇ।

Bharat Thapa

This news is Content Editor Bharat Thapa