CM ਮਾਨ ਨੇ ਸਟੇਜ ਤੋਂ ਦੱਸੀ ਵਿਧਾਨ ਸਭਾ ਅੰਦਰਲੇ ''ਜਿੰਦਰੇ'' ਦੀ ਗੱਲ, ਵਿਰੋਧੀਆਂ ''ਤੇ ਵਿੰਨ੍ਹੇ ਤਿੱਖੇ ਨਿਸ਼ਾਨੇ (ਵੀਡੀਓ)

03/09/2024 2:49:27 PM

ਸੰਗਰੂਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਸੰਗਰੂਰ ਵਾਸੀਆਂ ਨੂੰ ਵੱਡੇ ਤੋਹਫ਼ੇ ਦਿੱਤੇ ਗਏ। ਉਨ੍ਹਾਂ ਵੱਲੋਂ 869 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਗਿਆ। ਇਨ੍ਹਾਂ ਪ੍ਰਾਜੈਕਟਾਂ ਵਿਚ ਧੂਰੀ ਵਿਖੇ 80 ਬਿਸਤਰਿਆਂ ਵਾਲਾ ਜਣੇਪਾ ਹਸਪਤਾਲ, ਕੌਹਰੀਆਂ ਵਿਖੇ 30 ਬਿਸਤਰਿਆਂ ਵਾਲਾ ਕਮਿਊਨਿਟੀ ਹੈਲਥ ਸੈਂਟਰ ਅਤੇ ਚੀਮਾ ਵਿਖੇ 30 ਬਿਸਤਰਿਆਂ ਵਾਲਾ ਪੇਂਡੂ ਹਸਪਤਾਲ ਸ਼ਾਮਲ ਹਨ। ਇਸ ਮਗਰੋਂ ਉਨ੍ਹਾਂ ਵੱਲੋਂ 'ਵਿਕਾਸ ਕ੍ਰਾਂਤੀ ਰੈਲੀ' ਨੂੰ ਸੰਬੋਧਨ ਕੀਤਾ ਗਿਆ। ਇਸ ਦੌਰਾਨ ਮੁੱਖ ਮੰਤਰੀ ਨੇ ਵਿਰੋਧੀਆਂ 'ਤੇ ਤਿੱਖੇ ਨਿਸ਼ਾਨੇ ਵਿੰਨ੍ਹੇ।

ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਖੇਤਰ ਵਿਚ ਕੰਮ ਕਰ ਰਹੀ ਹੈ। ਅਸੀਂ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ, ਬਿਜਲੀ ਦਿੱਤੀ ਤੇ ਹਰ ਤਰ੍ਹਾਂ ਲੋਕ ਭਲਾਈ ਕੰਮ ਕਰਨ ਵਿਚ ਲੱਗੇ ਹੋਏ ਹਾਂ। ਉਨ੍ਹਾਂ ਕਿਹਾ ਕਿ ਹੁਣ ਸੂਬੇ ਵਿਚ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋ ਗਈ ਹੈ। ਜਦੋਂ ਮੈਂ ਪਹਿਲਾਂ ਕਿਹਾ ਸੀ ਕਿ ਵਿਦੇਸ਼ ਤੋਂ ਲੋਕ ਵਾਪਸ ਆ ਕੇ ਇੱਥੇ ਕੰਮ ਕਰਨਗੇ ਤਾਂ ਮਜੀਠੀਏ ਹੁਣੀ ਮੇਰਾ ਮਜ਼ਾਕ ਉਡਾਉਂਦੇ ਸੀ, ਪਰ ਹੁਣ ਲੋਕ ਵਾਪਸ ਆ ਕੇ ਇੱਥੇ ਕੰਮ ਕਰ ਰਹੇ ਨੇ। ਕਈ ਨੌਜਵਾਨਾਂ ਨੇ ਬਾਹਰ ਜਾਣ ਦੀ ਤਿਆਰੀ ਕੀਤੀ ਹੋਈ ਸੀ, ਪਰ ਨੌਕਰੀ ਮਿਲਣ ਕਰ ਕੇ ਉਨ੍ਹਾਂ ਨੇ ਇੱਥੇ ਰਹਿ ਕੇ ਕੰਮ ਕਰਨ ਦਾ ਫ਼ੈਸਲਾ ਲੈ ਲਿਆ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਕੈਬਨਿਟ ਦਾ ਵੱਡਾ ਫ਼ੈਸਲਾ, ਨਵੀਂ ਐਕਸਾਈਜ਼ ਪਾਲਿਸੀ ਨੂੰ ਦਿੱਤੀ ਮਨਜ਼ੂਰੀ

ਇਸ ਦੌਰਾਨ CM ਮਾਨ ਨੇ ਕਿਹਾ ਕਿ ਮੈਂ ਪਹਿਲਾਂ ਲੋਕਾਂ ਦੇ ਕੰਮ ਕਰਨ ਦੀ ਗੱਲ ਕਹਿੰਦਾ ਸੀ ਤਾਂ ਵਿਰੋਧੀ ਪੁੱਛਦੇ ਸਨ ਕਿ ਪੈਸੇ ਕਿੱਥੋਂ ਆਉਣਗੇ। ਮੈਂ ਉਦੋਂ ਵੀ ਕਹਿੰਦਾ ਸੀ ਕਿ ਪਹਾੜਾਂ ਵਿਚ ਸਾਡਾ ਬਹੁਤ ਪੈਸਾ ਹੈ, ਪਹਾੜਾਂ 'ਚੋਂ ਪੈਸੇ ਕੱਢਾਂਗੇ। ਹੁਣ ਅਸੀਂ ਪਹਾੜਾਂ 'ਚੋਂ ਪੈਸਾ ਕੱਢਣਾ ਸ਼ੁਰੂ ਕਰ ਦਿੱਤਾ ਹੈ। ਵੱਡੇ-ਵੱਡੇ ਮਹਿਲਾਂ ਦੀਆਂ ਨੀਹਾਂ 'ਚੋਂ ਪੈਸੇ ਕੱਢ ਕੇ ਤੁਹਾਡੇ 'ਤੇ ਲਾਵਾਂਗੇ। ਉਨ੍ਹਾਂ ਕਿਹਾ ਕਿ ਪਹਿਲਾਂ ਵਾਲਿਆਂ ਦੀ ਨਾ ਨੀਤੀ ਸਾਫ਼ ਸੀ ਨਾ ਨਿਯਤ ਸਾਫ਼ ਸੀ। ਪਹਿਲੇ ਵਾਲੇ ਆਪਣੇ ਪਰਿਵਾਰ ਪਾਲਣ 'ਚ ਲੱਗੇ ਰਹੇ, ਮੈਂ ਪੰਜਾਬ ਪਾਲ ਰਿਹਾਂ। 

ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਵਿਧਾਨ ਸਭਾ ਨੂੰ ਅੰਦਰੋਂ ਜਿੰਦਾ ਲਾਉਣ ਵਾਲੀ ਗੱਲ ਵੀ ਸੁਣਾਈ। ਉਨ੍ਹਾਂ ਕਿਹਾ ਕਿ ਇਹ ਲੋਕ ਆਪ ਬੋਲ ਕੇ ਵਿਧਾਨ ਸਭਾ ਚੋਂ ਬਾਹਰ ਭੱਜ ਜਾਂਦੇ ਸੀ, ਇਸ ਲਈ ਮੈਂ ਆਪਣੇ ਨਾਲ ਜਿੰਦਰਾ ਲੈ ਗਿਆ ਕਿ ਵਿਧਾਨ ਸਭਾ ਨੂੰ ਅੰਦਰੋ ਬੰਦ ਕਰ ਲਵੋ ਤੇ ਇਨ੍ਹਾਂ ਨੂੰ ਬਿਠਾ ਕੇ ਰੱਖੋ, ਇਸ ਗੱਲ ਤੋਂ ਵੀ ਉਹ ਤੜਫ ਉੱਠੇ। ਉਨ੍ਹਾਂ ਕਿਹਾ ਕਿ ਜਿੰਦੇ ਇਨ੍ਹਾਂ ਨੂੰ ਹੋਰ ਕੋਈ ਮਤਲਬ ਨਹੀਂ, ਬੱਸ ਭਗਵੰਤ ਮਾਨ ਨੂੰ ਗਾਹਲਾਂ ਕੱਢਣ 'ਤੇ ਹੀ ਰਹਿੰਦੇ ਹਨ। ਜਿੰਨਾ ਚਿਰ ਲੋਕ ਮੇਰੇ ਨਾਲ ਹਨ, ਮੈਨੂੰ ਬੋਲਣ ਦੀ ਲੋੜ ਹੀ ਨਹੀਂ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਪੋਕਸੋ ਮਾਮਲਿਆਂ ਲਈ ਬਣਨਗੀਆਂ ਫਾਸਟ ਟ੍ਰੈਕ ਅਦਾਲਤਾਂ, ਕੈਬਨਿਟ ਨੇ ਦਿੱਤੀ ਮਨਜ਼ੂਰੀ

ਕੇਂਦਰ 'ਤੇ ਵੀ ਵਿੰਨ੍ਹੇ ਤਿੱਖੇ ਨਿਸ਼ਾਨੇ

ਇਸ ਦੌਰਾਨ ਮੁੱਖ ਮੰਤਰੀ ਨੇ ਕੇਂਦਰ ਸਰਕਾਰ 'ਤੇ ਵੀ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਹੁਣ ਵੋਟਾਂ ਆਉਣ ਵਾਲੀਆਂ ਤਾਂ ਲੋਕਾਂ ਨੂੰ ਲੌਲੀਪੋਪ ਦੇਣ ਲੱਗ ਪਏ ਨੇ। ਕੱਲ੍ਹ ਕੇਂਦਰ ਸਰਕਾਰ ਨੇ 100 ਰੁਪਏ ਸਿਲੰਡਰ ਸਸਤਾ ਕਰ ਦਿੱਤਾ, ਭਲਾ ਸਿਲੰਡਰ ਪਹਿਲਾਂ ਮਹਿੰਗਾ ਕਿਸ ਨੇ ਕੀਤਾ ਸੀ? ਉਨ੍ਹਾਂ ਕਿਹਾ ਕਿ ਕੇਂਦਰ ਨੇ ਕੈਪਟਨ ਦੀਆਂ ਗਲਤੀਆਂ ਕਾਰਨ ਪੰਜਾਬ ਦਾ ਪੈਸਾ ਰੋਕਿਆ ਹੋਇਆ ਹੈ। ਹੁਣ ਕੈਪਟਨ ਆਪ ਉੱਧਰ ਚਲਾ ਗਿਆ ਤਾਂ ਸਾਡਾ ਪੈਸਾ ਕਲੀਅਰ ਕਰਵਾ ਦੇਵੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ, ਮਨਪ੍ਰੀਤ ਬਾਦਲ ਤੇ ਸੁਨੀਲ ਜਾਖੜ ਪੰਜਾਬ ਦੇ ਹੋ ਕੇ ਵੀ ਪੰਜਾਬ ਦੀ ਗੱਲ ਨਹੀਂ ਕਰ ਰਹੇ। ਉਨ੍ਹਾਂ ਲੋਕਾਂ ਤੋਂ ਲੋਕ ਸਭਾ ਚੋਣਾਂ ਲਈ ਵੋਟਾਂ ਮੰਗਦਿਆਂ ਕਿਹਾ ਕਿ ਮੈਨੂੰ 13 ਹੱਥ ਦੇ ਦਿਓ, ਭਾਰ ਵੰਡਿਆ ਜਾਵੇਗਾ। ਇਕ ਵਾਰ ਉਹ ਪੈਸੇ ਆ ਜਾਣ ਤਾਂ ਫ਼ਿਰ ਦੇਖਣਾ ਕਿਵੇਂ ਲਹਿਰਾਂ-ਬਹਿਰਾਂ ਹੁੰਦੀਆਂ ਨੇ। ਪੰਜਾਬ ਨੰਬਰ 1 ਬਣੂਗਾ ਤਾਂ ਹੀ ਦੇਸ਼ ਨੰਬਰ 1 ਬਣੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Anmol Tagra

This news is Content Editor Anmol Tagra