CM ਚੰਨੀ ਦੇ ਨਵੇਂ ਫ਼ੈਸਲਿਆਂ ਤੋਂ ਨਵਜੋਤ ਸਿੱਧੂ ਹੀ ਨਹੀਂ ਸਗੋਂ ਮਾਝਾ ਬ੍ਰਿਗੇਡ ਵੀ ਖੁਸ਼ ਨਹੀਂ, ਜਾਣੋ ਕੀ ਹੈ ਕਾਰਨ

10/01/2021 8:41:38 AM

ਪਟਿਆਲਾ (ਰਾਜੇਸ਼ ਪੰਜੌਲਾ) - ਕੈ. ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਤੋਂ ਬਾਅਦ ਨਵੇਂ ਫ਼ੈਸਲਿਆਂ ਤੋਂ ਸਿਰਫ ਨਵਜੋਤ ਸਿੰਘ ਸਿੱਧੂ ਹੀ ਦੁਖੀ ਨਹੀਂ ਸਗੋਂ ਇਸ ਮਾਝਾ ਬ੍ਰਿਗੇਡ ਨੇ ਕੈਪਟਨ ਖ਼ਿਲਾਫ਼ ਡਟ ਕੇ ਲੜਾਈ ਲੜੀ। ਉਹ ਵੀ ਨਵੇਂ ਸਿਸਟਮ ਤੋਂ ਖੁਸ਼ ਦਿਖਾਈ ਨਹੀਂ ਦੇ ਰਹੇ। ਸੂਤਰਾਂ ਅਨੁਸਾਰ ਵਿਭਾਗਾਂ ਦੀ ਵੰਡ ’ਚ ਮਾਝੇ ਨੂੰ ਉਹ ਅਹਿਮੀਅਤ ਨਹੀਂ ਮਿਲੀ ਜੋ ਕਿ ਕੈਪਟਨ ਸਰਕਾਰ ਦੇ ਸਮੇਂ ਉਨ੍ਹਾਂ ਨੂੰ ਮਿਲੀ ਹੋਈ ਸੀ। ਬੇਸ਼ੱਕ ਉਪ ਮੁੱਖ ਮੰਤਰੀ ਬਣੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਉਨ੍ਹਾਂ ਦੇ ਪੁਰਾਣੇ ਸਹਿਕਾਰਤਾ ਅਤੇ ਜੇਲ ਵਿਭਾਗ ਦੇ ਨਾਲ-ਨਾਲ ਗ੍ਰਹਿ ਵਿਭਾਗ ਦਿੱਤਾ ਹੈ ਪਰ ਇਹ ਗ੍ਰਹਿ ਵਿਭਾਗ ਸੁਖਜਿੰਦਰ ਸਿੰਘ ਰੰਧਾਵਾ ਨੂੰ ‘ਲੰਗੜਾ’ ਮਿਲਿਆ ਹੈ। ਆਮ ਤੌਰ ’ਤੇ ਗ੍ਰਹਿ ਵਿਭਾਗ ਦੇ ਨਾਲ ਜਸਟਿਸ, ਲੀਗਲ ਐਂਡ ਲਾਜਿਸਲੇਟਿਵ ਅਫੇਅਰ ਅਤੇ ਵਿਜੀਲੈਂਸ ਹੁੰਦਾ ਹੈ ਪਰ ਰੰਧਾਵਾ ਨੂੰ ਸਿਰਫ ਗ੍ਰਹਿ ਵਿਭਾਗ ਦਿੱਤਾ ਹੈ। 

ਪੜ੍ਹੋ ਇਹ ਵੀ ਖ਼ਬਰ - ਕੈਪਟਨ ਦਾ ਨਵਜੋਤ ਸਿੱਧੂ ’ਤੇ ਵੱਡਾ ਹਮਲਾ, ਕਿਹਾ ‘ਕਦੇ ਵੀ ਜਿੱਤਣ ਨਹੀਂ ਦੇਵਾਂਗਾ’

ਇਸ ਤੋਂ ਇਲਾਵਾ ਲੀਗਲ ਐਂਡ ਲਾਜਿਸਲੇਟਿਵ ਅਫੇਅਰ ਅਤੇ ਵਿਜੀਲੈਂਸ ਵਿਭਾਗ ਮੁੱਖ ਮੰਤਰੀ ਚੰਨੀ ਨੇ ਆਪਣੇ ਕੋਲ ਰੱਖ ਲਿਆ ਹੈ। ਇਸ ਦਾ ਮਤਲਬ ਇਹ ਹੋਇਆ ਕਿ ਸੁਖਜਿੰਦਰ ਰੰਧਾਵਾ ਅਧੀਨ ਸਿਰਫ਼ ਪੁਲਸ ਰਹਿ ਗਈ ਹੈ। ਜੇਕਰ ਪੁਲਸ ਕਿਸੇ ਖ਼ਿਲਾਫ਼ ਪਰਚਾ ਦਰਜ ਕਰ ਵੀ ਦਿੰਦੀ ਹੈ ਤਾਂ ਉਸ ਦਾ ਚਲਾਨ ਮੁੱਖ ਮੰਤਰੀ ਚੰਨੀ ਵਾਲੇ ਵਿਭਾਗ ਜਸਟਿਸ, ਲੀਗਲ ਐਂਡ ਲਾਜਿਸਲੇਟਿਵ ਅਫੇਅਰਜ਼ ਨੇ ਅਦਾਲਤ ’ਚ ਪੇਸ਼ ਕਰਨਾ ਹੁੰਦਾ ਹੈ, ਜਿਸ ’ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਹਨ। ਜੇਕਰ ਪੁਲਸ ਨੂੰ ਕਮਜ਼ੋਰ ਕਰਨਾ ਹੋਵੇ ਤਾਂ ਜਸਟਿਸ ਵਿਭਾਗ ਚਲਾਨ ਰੋਕ ਸਕਦਾ ਹੈ ਜਾਂ ਉਸ ਨੂੰ ਪੈਂਡਿੰਗ ਕਰ ਸਕਦਾ ਹੈ। ਅਜਿਹੇ ’ਚ ਉਪ ਮੁੱਖ ਮੰਤਰੀ ਕੋਲ ਸਿਰਫ਼ ਪੁਲਸ ਦੀ ਕਮਾਂਡ ਹੈ, ਜਿਸ ਦਾ ਕੰਮ ਲਾਅ ਐਂਡ ਆਰਡਰ ਮੇਂਟੇਂਨ ਰੱਖਣਾ ਹੁੰਦਾ ਹੈ।

ਪੜ੍ਹੋ ਇਹ ਵੀ ਖ਼ਬਰ - ਨਸ਼ੇ ਦੀ ਓਵਰਡੋਜ਼ ਨੇ ਨਿਗਲਿਆ ਮਾਂ ਦਾ 26 ਸਾਲਾ ਪੁੱਤ, ਉਜੜਿਆ ਹੱਸਦਾ-ਵਸਦਾ ਪਰਿਵਾਰ

ਇਸੇ ਤਰ੍ਹਾਂ ਮਾਝੇ ਦੇ ਦੂਜੇ ਵੱਡੇ ਆਗੂ ਸੁਖਵਿੰਦਰ ਸਿੰਘ ਸਰਕਾਰੀਆ ਕੋਲ ਪਹਿਲਾਂ ਹਾਊਸਿੰਗ ਐਂਡ ਅਰਬਨ ਡਿਵੈੱਲਪਮੈਂਟ, ਮਾਈਨਿੰਗ, ਵਾਟਰ ਰਿਸੋਰਸਿਜ਼ ਵਿਭਾਗ ਸੀ ਜਦੋਂਕਿ ਹੁਣ ਪੰਜਾਬ ਦਾ ਸਭ ਤੋਂ ਅਹਿਮ ਵਿਭਾਗ ਮਾਈਨਿੰਗ ਉਨ੍ਹਾਂ ਤੋਂ ਖੋਹ ਲਿਆ ਗਿਆ ਹੈ। ਇਹ ਵਿਭਾਗ ਮੁੱਖ ਮੰਤਰੀ ਚੰਨੀ ਨੇ ਆਪਣੇ ਕੋਲ ਰੱਖ ਲਿਆ ਹੈ। ਮਾਝੇ ਦੇ ਤੀਜੇ ਵੱਡੇ ਲੀਡਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੋਂ ਹਾਇਰ ਐਜੂਕੇਸ਼ਨ ਵਿਭਾਗ ਲੈ ਲਿਆ ਗਿਆ ਹੈ। ਇਹ ਵਿਭਾਗ ਪੰਜਾਬ ਦਾ ਕਾਫੀ ਅਹਿਮ ਵਿਭਾਗ ਹੈ, ਜਿਸ ਦੇ ਅਧੀਨ ਪੰਜਾਬ ਦੀਆਂ ਸਮੁੱਚੀਆਂ ਯੂਨੀਵਰਸਿਟੀਆਂ ਅਤੇ ਸਮੁੱਚੇ ਕਾਲਜ ਆਉਂਦੇ ਹਨ। ਇਹ ਵਿਭਾਗ ਤ੍ਰਿਪਤ ਬਾਜਵਾ ਤੋਂ ਵਾਪਸ ਲੈ ਲਿਆ ਗਿਆ ਹੈ। 

ਪੜ੍ਹੋ ਇਹ ਵੀ ਖ਼ਬਰ - ਸਾਊਦੀ ਅਰਬ ਗਏ ਗੁਰਦਾਸਪੁਰ ਦੇ 24 ਸਾਲਾ ਨੌਜਵਾਨ ਨੇ ਲਿਆ ਫਾਹਾ, ਪਰਿਵਾਰ ਨੇ ਦੱਸੀ ਖ਼ੁਦਕੁਸ਼ੀ ਦੀ ਅਸਲ ਵਜ੍ਹਾ

ਸੂਤਰਾਂ ਅਨੁਸਾਰ ਮਾਝਾ ਬ੍ਰਿਗੇਡ ਫਿਲਹਾਲ ਚੁੱਪ ਹੈ ਪਰ ਅੰਦਰੋਂ ਇਹ ਵੱਡੇ ਆਗੂ ਵਿਭਾਗਾਂ ਦੀ ਛੇਡ਼ਛਾਡ਼ ਕਰਨ ਤੋਂ ਦੁਖੀ ਹਨ। ਕੈ. ਅਮਰਿੰਦਰ ਸਿੰਘ ਨੂੰ ਹਟਾਉਣ ’ਚ ਸਭ ਤੋਂ ਵੱਡਾ ਯੋਗਦਾਨ ਮਾਝੇ ਦੇ ਇਨ੍ਹਾਂ ਵੱਡੇ ਲੀਡਰਾਂ ਦਾ ਹੀ ਰਿਹਾ ਹੈ ਪਰ ਮੁੱਖ ਮੰਤਰੀ ਬਦਲਣ ਦਾ ਮਾਝਾ ਬ੍ਰਿਗੇਡ ਨੂੰ ਲਾਭ ਹੋਣ ਦੀ ਬਜਾਏ ਨੁਕਸਾਨ ਹੀ ਹੋਇਆ ਹੈ।

rajwinder kaur

This news is Content Editor rajwinder kaur