ਜਲੰਧਰ ਦੌਰੇ 'ਤੇ  CM ਭਗਵੰਤ ਮਾਨ, ਵੇਰਕਾ ਪਲਾਂਟ ਸਣੇ ਕਰੋੜਾਂ ਦੇ ਵਿਕਾਸ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ

03/27/2023 6:11:44 PM

ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਜਲੰਧਰ ਦੌਰੇ 'ਤੇ ਪਹੁੰਚੇ। ਇਸ ਦੌਰਾਨ ਭਗਵੰਤ ਮਾਨ ਵੱਲੋਂ ਕਰੋੜਾਂ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਗਿਆ। ਭਗਵੰਤ ਮਾਨ ਵੱਲੋਂ ਵੇਰਕਾ ਮਿਲਕ ਪਲਾਂਟ ਵਿਖੇ ਸਵੈ-ਚਾਲਿਤ ਫਾਰਮੈਂਟਿਡ ਡੇਅਰੀ ਦਾ ਉਦਘਾਟਨ ਕੀਤਾ ਗਿਆ। ਇਸ ਕਾਰਨ ਪਲਾਂਟ ਦੀ ਦੁੱਧ ਸੰਭਾਲਣ ਦੀ ਸਮਰੱਥਾ 1.25 ਲੱਖ ਲੀਟਰ ਤੋਂ ਵੱਧ ਕੇ 6 ਲੱਖ ਲੀਟਰ ਹੋ ਗਈ ਹੈ। ਪਲਾਂਟ ਦੀ ਲਾਗਤ 84 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਜਲੰਧਰ ਦੀ ਬਸਤੀ ਦਾਨਿਸ਼ਮੰਦਾਂ ਵਿੱਚ ਸੀਨੀਅਰ ਸੈਕੰਡਰੀ ਸਕੂਲ ਦੀ ਨਵੀਂ ਇਮਾਰਤ ਦਾ ਵੀ ਉਦਘਾਟਨ ਕੀਤਾ ਗਿਆ ਹੈ। ਇਸ ਦੇ ਇਲਾਵਾ ਲੈਦਰ ਕੰਪਲੈਕਸ ਦੀਆਂ ਸੜਕਾਂ ਅਤੇ ਲਾਈਟਾਂ ਦਾ 5 ਕਰੋੜ ਦੀ ਲਾਗਤ ਨਾਲ ਨਵੀਨੀਕਰਨ ਕੀਤਾ ਗਿਆ ਹੈ।

ਇਸ ਮੌਕੇ ਆਪਣੇ ਸੰਬੋਧਨ ਵਿਚ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਹੁਣ ਤਰੱਕੀ ਦੀ ਰਾਹ 'ਤੇ ਚੱਲ ਪਿਆ ਹੈ। ਉਨ੍ਹਾਂ ਕਿਹਾ ਕਿ ਜਲੰਧਰ ਸ਼ਹਿਰ ਨੂੰ ਸ਼ੀਸ਼ੇ ਵਾਂਗੂ ਚਮਕਾ ਦੇਵਾਂਗੇ। ਉਨ੍ਹਾਂ ਕਿਹਾ ਕਿ ਮੈਂ ਹਰ ਰੋਜ਼ 4-5 ਤਰੱਕੀ ਦੇ ਬਟਨ ਦੱਬਦਾ ਹਾਂ। ਮੀਂਹ ਅਤੇ ਗੜ੍ਹੇਮਾਰੀ ਕਾਰਨ ਖ਼ਰਾਬ ਹੋਈ ਕਿਸਾਨਾਂ ਦੀ ਫ਼ਸਲ ਦੇ ਮੁਆਵਜ਼ੇ ਬਾਰੇ ਜ਼ਿਕਰ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਜਲਦੀ ਹੀ ਕਿਸਾਨਾਂ ਨੂੰ ਖ਼ਰਾਬ ਹੋਈ ਫ਼ਸਲ ਦਾ ਮੁਆਵਜ਼ਾ ਦਿੱਤਾ ਜਾਵੇਗਾ। ਖ਼ਰਾਬ ਫ਼ਸਲ ਦੀ ਵਿਸਾਖੀ ਤੋਂ ਪਹਿਲਾਂ ਗਿਰਦਾਵਰੀ ਕਰਵਾ ਕੇ 15000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ। ਗਿਰਦਾਵਰੀ ਕਰਨ ਦੇ ਤਰੀਕੇ 'ਚ ਬਦਲਾਅ ਕੀਤਾ ਗਿਆ ਹੈ, ਗਿਰਦਾਵਰੀ ਤੋਂ 1 ਦਿਨ ਪਹਿਲਾਂ ਪਿੰਡ ਵਾਸੀਆਂ ਨੂੰ ਰੇਡੀਓ 'ਤੇ ਸੂਚਿਤ ਕੀਤਾ ਜਾਵੇਗਾ ਅਤੇ ਅਧਿਕਾਰੀ ਸਾਂਝੀ ਜਗ੍ਹਾ 'ਤੇ ਬੈਠ ਕੇ ਗਿਰਦਾਵਰੀ ਕਰਨਗੇ ਅਤੇ ਵੀਡੀਓਗ੍ਰਾਫ਼ੀ ਵੀ ਕੀਤੀ ਜਾਵੇਗੀ। ਗਿਰਦਾਵਰੀ ਕਿਸੇ ਪ੍ਰਭਾਵਸ਼ਾਲੀ ਵਿਅਕਤੀ ਦੇ ਘਰ ਬੈਠ ਕੇ ਨਹੀਂ ਹੋਵੇਗੀ।

ਮੁੱਖ ਮੰਤਰੀ ਨੇ ਬਜਟ ਨੂੰ ਵਧੀਆ ਦੱਸਦਿਆਂ ਕਿਹਾ ਕਿ ਪੰਜਾਬ ਵਿਚ ਕਿਸੇ ਕਿਸਮ ਦਾ ਕੋਈ ਨਵਾਂ ਟੈਕਸ ਨਹੀਂ ਲਗਾਇਆ ਗਿਆ ਹੈ। ਬਿਜਲੀ ਮੁਫ਼ਤ ਦਿੱਤੀ ਜਾ ਰਹੀ ਹੈ ਅਤੇ ਵਧੀਆ ਸਹੂਲਤਾਂ ਨਾਲ ਲੈਸ ਸਿੱਖਿਆ ਅਤੇ ਸਕੂਲਾਂ ਦਾ ਵੀ ਧਿਆਨ ਰੱਖਿਆ ਗਿਆ ਹੈ। ਉਨ੍ਹਾਂ ਦਿੱਲੀ ਦੇ ਸਿੱਖਿਆ ਢਾਂਚੇ ਦਾ ਫਿਰ ਜ਼ਿਕਰ ਵੀ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਕ ਸਾਲ ਵਿਚ 26,797 ਨੌਜਵਾਨਾਂ ਨੂੰ ਨੌਕਰੀ ਦੇ ਨਿਯੁਕਤੀ ਪੱਤਰ ਦਿੱਤੇ ਜਾ ਚੁੱਕੇ ਹਨ ਅਤੇ ਕਰੀਬ 28 ਹਜ਼ਾਰ ਮੁਲਾਜ਼ਮਾਂ ਨੂੰ ਕੱਚੇ ਤੋਂ ਪੱਕੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚੋਂ 'ਕੱਚਾ ਲਫ਼ਜ਼' ਹੀ ਖ਼ਤਮ ਕੀਤਾ ਜਾਵੇਗਾ। 

ਇਹ ਵੀ ਪੜ੍ਹੋ :  ਸੜਕ ਹਾਦਸੇ ਨੇ ਤਬਾਹ ਕੀਤੀਆਂ ਘਰ ਦੀਆਂ ਖ਼ੁਸ਼ੀਆਂ, ਮਾਪਿਆਂ ਦੇ ਇਕਲੌਤੇ ਪੁੱਤ ਦੀ ਹੋਈ ਦਰਦਨਾਕ ਮੌਤ

ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਲਈ ਪੰਜਾਬ ਤੋਂ ਨੇਪਾਲ ਸਰਹੱਦ ਤਕ ਅਲਰਟ ਜਾਰੀ, ਜਾਣੋ ਹੁਣ ਤਕ ਕੀ ਕੁਝ ਹੋਇਆ

ਭਗਵੰਤ ਮਾਨ ਨੇ ਸਰਕਾਰ ਦੇ ਅੱਗੇ ਦੇ ਪਲਾਨ ਬਾਰੇ ਦੱਸਦੇ ਹੋਏ ਕਿਹਾ ਕਿ ਵੇਰਕਾ ਨੂੰ ਪੰਜਾਬ ਦਾ ਕਮਾਊ ਪੁੱਤ ਬਣਾ ਰਹੇ ਹਾਂ ਅਤੇ ਦਿੱਲੀ ਅਤੇ ਹਿਮਾਚਲ ਤੱਕ ਵੇਰਕਾ ਨੂੰ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਕਰਜ਼ੇ ਦਾ 36 ਹਜ਼ਾਰ ਉਤਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵਿਕਾਸ ਦੀ ਲੀਹ ਜਿਹੜੀ ਪਾਈ ਗਈ ਹੈ, ਉਸ ਨੂੰ ਹੋਰ ਮਜ਼ਬੂਤ ਬਣਾਉਣ ਲਈ ਲੋਕ ਆਪਣਾ ਸਹਿਯੋਗ ਦਿੰਦੇ ਰਹਿਣ। ਉਥੇ ਹੀ ਇਸ ਮੌਕੇ ਵੇਰਕਾ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਨਮਾਨਤ ਵੀ ਕੀਤਾ ਗਿਆ। 

ਪਤਾ ਲੱਗਾ ਹੈ ਕਿ ਸੀ. ਐੱਮ. ਮਾਨ ਲੋਕ ਸਭਾ ਜ਼ਿਮਨੀ ਚੋਣਾਂ ਸਬੰਧੀ ਪਾਰਟੀ ਵਿਧਾਇਕਾਂ ਅਤੇ ਵਰਕਰਾਂ ਨਾਲ ਮੀਟਿੰਗ ਵੀ ਕਰਨਗੇ। ਦੱਸ ਦੇਈਏ ਕਿ ਜਲੰਧਰ ਛਾਉਣੀ ਹਲਕੇ ਤੋਂ ਵਿਧਾਇਕ ਰਹੇ ਜਗਬੀਰ ਬਰਾੜ ਪਿਛਲੇ ਦਿਨੀਂ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ਉਥੇ ਹੀ ਅੱਜ ਵੀ ਕਈ ਅਕਾਲੀ ਅਤੇ ਕਾਂਗਰਸੀ ਆਗੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ।

ਇਹ ਵੀ ਪੜ੍ਹੋ : ਮੀਂਹ ਤੇ ਹਨੇਰੀ ਨੇ ਕਿਸਾਨਾਂ ਦੀ ਫ਼ਸਲ ਕੀਤੀ ਤਬਾਹ, ਜਾਣੋ ਅਗਲੇ ਦਿਨਾਂ ਤੱਕ ਕਿਹੋ-ਜਿਹਾ ਰਹੇਗਾ ਮੌਸਮ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

shivani attri

This news is Content Editor shivani attri